
ਸਾਬਕਾ WWE ਚੈਂਪੀਅਨ ਦਲੀਪ ਸਿੰਘ ਰਾਣਾ ਉਰਫ ਦਿ ਗ੍ਰੇਟ ਖਲੀ ਨੇ ਭਾਜਪਾ ਨਾਲ ਆਪਣੀ ਸਿਆਸੀ ਪਾਰੀ ਸ਼ੁਰੂ ਕਰ ਦਿੱਤੀ ਹੈ।
ਨਵੀਂ ਦਿੱਲੀ: ਸਾਬਕਾ WWE ਚੈਂਪੀਅਨ ਦਲੀਪ ਸਿੰਘ ਰਾਣਾ ਉਰਫ ਦਿ ਗ੍ਰੇਟ ਖਲੀ ਨੇ ਭਾਜਪਾ ਨਾਲ ਆਪਣੀ ਸਿਆਸੀ ਪਾਰੀ ਸ਼ੁਰੂ ਕਰ ਦਿੱਤੀ ਹੈ। ਉਹ ਦਿੱਲੀ ਵਿਚ ਭਾਜਪਾ ਵਿਚ ਸ਼ਾਮਲ ਹੋਏ ਹਨ। ਕੇਂਦਰੀ ਮੰਤਰੀ ਜਤਿੰਦਰ ਸਿੰਘ ਅਤੇ ਭਾਜਪਾ ਸੰਸਦ ਸੁਨੀਤਾ ਦੁੱਗਲ ਨੇ ਉਹਨਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ। ਖਲੀ ਜਲਦ ਹੀ ਪੰਜਾਬ 'ਚ ਭਾਜਪਾ ਲਈ ਪ੍ਰਚਾਰ ਕਰਦੇ ਨਜ਼ਰ ਆਉਣਗੇ।
ਇਸ ਮੌਕੇ ਖਲੀ ਨੇ ਕਿਹਾ ਕਿ ਭਾਜਪਾ 'ਚ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ। ਉਹਨਾਂ ਕਿਹਾ ਕਿ ਡਬਲਯੂਡਬਲਯੂਈ ਵਿਚ ਮੈਨੂੰ ਨਾਮ ਅਤੇ ਦੌਲਤ ਦੀ ਕਮੀ ਨਹੀਂ ਸੀ ਪਰ ਦੇਸ਼ ਪ੍ਰਤੀ ਪਿਆਰ ਨੇ ਮੈਨੂੰ ਪਿੱਛੇ ਖਿੱਚ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੰਮ ਦੇਖ ਕੇ ਮੈਂ ਭਾਜਪਾ 'ਚ ਸ਼ਾਮਲ ਹੋਇਆ ਹਾਂ। ਉਹਨਾਂ ਕਿਹਾ ਕਿ ਭਾਜਪਾ ਦੀ ਨੀਤੀ ਭਾਰਤ ਨੂੰ ਅੱਗੇ ਲੈ ਕੇ ਜਾਣ ਦੀ ਹੈ। ਇਸ ਤੋਂ ਪ੍ਰਭਾਵਿਤ ਹੋ ਕੇ ਮੈਂ ਭਾਜਪਾ ਵਿਚ ਸ਼ਾਮਲ ਹੋਇਆ ਹਾਂ। ਪਾਰਟੀ ਜਿੱਥੇ ਵੀ ਮੇਰੀ ਡਿਊਟੀ ਲਗਾਵੇਗੀ, ਮੈਂ ਉਸ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ।
ਖਲੀ ਪੰਜਾਬ ਪੁਲਿਸ ਵਿਚ ਸੇਵਾਵਾਂ ਨਿਭਾਅ ਚੁੱਕੇ ਹਨ। ਹਾਲਾਂਕਿ ਇਸ ਤੋਂ ਬਾਅਦ ਉਹ ਕੁਸ਼ਤੀ ਰਾਹੀਂ ਵਿਸ਼ਵ ਪੱਧਰ 'ਤੇ ਮਸ਼ਹੂਰ ਹੋ ਗਏ। ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਖਲੀ ਜਲੰਧਰ ਵਿਚ ਕਾਂਟੀਨੈਂਟਲ ਰੈਸਲਿੰਗ ਅਕੈਡਮੀ (CWE) ਚਲਾ ਰਹੇ ਹਨ, ਜਿੱਥੇ ਉਹ ਨੌਜਵਾਨਾਂ ਨੂੰ ਕੁਸ਼ਤੀ ਦੇ ਗੁਰ ਸਿਖਾਉਂਦੇ ਹਨ।