
ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਪੀਐਮ ਨੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਕਿਸਾਨ ਅੰਦੋਲਨ ਸਮੇਤ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਤੋਂ ਠੀਕ 12 ਘੰਟੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਯੂਪੀ ਸਮੇਤ 5 ਸੂਬਿਆਂ ਵਿਚ ਜਿੱਤ ਦਾ ਦਾਅਵਾ ਕੀਤਾ। ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਪੀਐਮ ਨੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਕਿਸਾਨ ਅੰਦੋਲਨ ਸਮੇਤ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਹਮੇਸ਼ਾ ਲੋਕਾਂ ਦੀ ਸੇਵਾ ਵਿਚ ਲੱਗੀ ਰਹੀ ਹੈ। ਸਰਕਾਰ ਵਿਚ ਰਹਿੰਦਿਆਂ ਅਸੀਂ ਸਭ ਦਾ ਸਾਥ, ਸਭ ਦਾ ਵਿਕਾਸ ਦੀ ਭਾਵਨਾ ਨਾਲ ਕੰਮ ਕਰਦੇ ਹਾਂ। ਮੈਂ ਇਸ ਸਮੇਂ ਪੰਜ ਸੂਬਿਆਂ ਵਿਚ ਭਾਜਪਾ ਦੇ ਹੱਕ ਵਿਚ ਜ਼ਬਰਦਸਤ ਲਹਿਰ ਦੇਖ ਰਿਹਾ ਹਾਂ। ਸਾਨੂੰ ਹਰ ਥਾਂ ਬਹੁਮਤ ਮਿਲੇਗੀ। ਸਾਨੂੰ ਇਹਨਾਂ ਸਾਰੇ ਸੂਬਿਆਂ ਵਿਚ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ। ਜਿੱਥੇ ਵੀ ਭਾਜਪਾ ਨੂੰ ਦ੍ਰਿੜਤਾ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਗਿਆ , ਉੱਥੇ ਤੁਸੀਂ ਦੇਖਿਆ ਹੋਵੇਗਾ ਕਿ ਲਹਿਰ ਸੱਤਾਧਾਰੀ ਪਾਰਟੀ ਦੇ ਹੱਕ ਵਿਚ ਰਹੀ ਹੈ।
ਪੰਜਾਬ ਵਿਚ ਭਾਜਪਾ ਸਭ ਤੋਂ ਭਰੋਸੇਮੰਦ ਪਾਰਟੀ- ਪੀਐਮ ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਭਾਜਪਾ ਪੰਜਾਬ ਦੀ ਸਭ ਤੋਂ ਭਰੋਸੇਮੰਦ ਪਾਰਟੀ ਬਣ ਕੇ ਉਭਰੀ ਹੈ। ਸਮਾਜਕ ਜੀਵਨ ਦੇ ਕਈ ਸੀਨੀਅਰ ਲੋਕ, ਸਿਆਸਤ ਦੇ ਵੱਡੇ ਆਗੂ ਵੀ ਆਪਣੀ ਪੁਰਾਣੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ। ਅਸੀਂ ਛੋਟੇ ਕਿਸਾਨਾਂ ਲਈ ਜੋ ਕੰਮ ਕੀਤਾ ਹੈ, ਉਸ ਦੀ ਪੰਜਾਬ ਵਿਚ ਜ਼ਬਰਦਸਤ ਪਹੁੰਚ ਹੈ”।
ਮੈਂ ਕਿਸਾਨਾਂ ਦਾ ਦਿਲ ਜਿੱਤਣ ਆਇਆ ਹਾਂ- PM Modi
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਕਿਸਾਨਾਂ ਦਾ ਦਿਲ ਜਿੱਤਣ ਆਇਆ ਹਾਂ ਅਤੇ ਮੈਂ ਅਜਿਹਾ ਕੀਤਾ ਵੀ ਹੈ। ਮੈਂ ਛੋਟੇ ਕਿਸਾਨਾਂ ਦਾ ਦਰਦ ਸਮਝਦਾ ਹਾਂ। ਮੈਂ ਕਿਹਾ ਸੀ ਕਿ ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਭਲੇ ਲਈ ਲਾਗੂ ਕੀਤੇ ਗਏ ਸਨ ਪਰ ਰਾਸ਼ਟਰੀ ਹਿੱਤ ਵਿਚ ਇਸ ਨੂੰ ਵਾਪਸ ਲੈ ਲਿਆ ਗਿਆ ਸੀ। ਹਾਲਾਂਕਿ ਇਹ ਮਾਮਲਾ ਸੁਪਰੀਮ ਕੋਰਟ ਕੋਲ ਹੈ। ਇਸ ਲਈ ਮੈਂ ਇਸ 'ਤੇ ਜ਼ਿਆਦਾ ਨਹੀਂ ਕਹਾਂਗਾ। ਸਾਨੂੰ ਇਸ ਲਈ ਕੁਝ ਸਮਾਂ ਉਡੀਕ ਕਰਨੀ ਪਵੇਗੀ।
ਲਖੀਮਪੁਰ ਖੇੜੀ ਵਿਚ ਕਿਸਾਨਾਂ ਨੂੰ ਕੁਚਲਣ ਦੀ ਘਟਨਾ ਤੋਂ 4 ਮਹੀਨਿਆਂ ਬਾਅਦ ਪਹਿਲੀ ਵਾਰ ਪੀਐਮ ਮੋਦੀ ਨੇ ਆਪਣੀ ਚੁੱਪ ਤੋੜੀ ਹੈ। ਪੀਐਮ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਯੋਗੀ ਆਦਿਤਿਆਨਾਥ ਦੀ ਸਰਕਾਰ ਪਾਰਦਰਸ਼ੀ ਢੰਗ ਨਾਲ ਕੰਮ ਕਰ ਰਹੀ ਹੈ। ਸੂਬਾ ਅਤੇ ਕੇਂਦਰ ਸਰਕਾਰ ਨੇ ਇਸ ਮਾਮਲੇ ਵਿਚ ਹਰ ਪੱਖ ਤੋਂ ਨਿਰਪੱਖਤਾ ਨਾਲ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਜਿਸ ਕਮੇਟੀ ਨੂੰ ਬਣਾਉਣਾ ਚਾਹੁੰਦੀ ਸੀ, ਸੂਬਾ ਸਰਕਾਰ ਨੇ ਸਹਿਮਤੀ ਦੇ ਦਿੱਤੀ ਹੈ। ਸੂਬਾ ਸਰਕਾਰ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ ਤਾਂ ਹੀ ਸੁਪਰੀਮ ਕੋਰਟ ਦੀ ਇੱਛਾ ਅਨੁਸਾਰ ਸਾਰੇ ਫੈਸਲੇ ਲੈਂਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਕੇਂਦਰ ਅਤੇ ਸੂਬਾ ਮਿਲ ਕੇ ਡਬਲ ਇੰਜਣ ਵਾਂਗ ਕੰਮ ਕਰਨ ਤਾਂ ਹੀ ਦੇਸ਼ ਦੀ ਭਲਾਈ ਹੁੰਦੀ ਹੈ। ਰਾਹੁਲ ਗਾਂਧੀ, ਮਮਤਾ ਬੈਨਰਜੀ ਸਮੇਤ ਕਈ ਵਿਰੋਧੀ ਨੇਤਾਵਾਂ ਵਲੋਂ ਸੂਬਿਆਂ ਦੀ ਗੱਲ ਨਾ ਸੁਣਨ ਦੇ ਦੋਸ਼ ਲਾਏ ਜਾਣ ਦੇ ਸਵਾਲ 'ਤੇ ਉਹਨਾਂ ਕਿਹਾ ਕਿ ਭਾਰਤ ਦੀ ਵਿਭਿੰਨਤਾ ਹੀ ਇਸ ਦੀ ਤਾਕਤ ਹੈ। ਮੈਂ ਖੁਦ ਲੰਬੇ ਸਮੇਂ ਤੋਂ ਮੁੱਖ ਮੰਤਰੀ ਰਿਹਾ ਹਾਂ ਅਤੇ ਸੂਬਿਆਂ ਦੀਆਂ ਉਮੀਦਾਂ ਨੂੰ ਜਾਣਦਾ ਹਾਂ। ਦੇਸ਼ ਦੇ ਵਿਕਾਸ ਲਈ ਸੂਬਿਆਂ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਜ਼ਰੂਰੀ ਹੈ। ਇਸੇ ਤਰ੍ਹਾਂ ਸੂਬਿਆਂ ਦਾ ਸਹਿਯੋਗ ਕਰਨਾ ਵੀ ਜ਼ਰੂਰੀ ਹੈ।
ਚੋਣਾਂ ਦੇ ਸਮੇਂ ਸੀਬੀਆਈ, ਈਡੀ ਦੇ ਛਾਪਿਆਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇਸ਼ ਨੂੰ ਘੁਣ ਵਾਂਗ ਖਾ ਰਿਹਾ ਹੈ। ਇਸ ਨੂੰ ਖ਼ਤਮ ਕਰਨ ਲਈ ਸੀਬੀਆਈ, ਈਡੀ ਆਪਣੇ ਤਰੀਕੇ ਅਪਣਾ ਰਹੇ ਹਨ। ਇਹਨਾਂ ਦੇ ਕੰਮਾਂ ਵਿਚ ਚੋਣਾਂ ਆ ਜਾਂਦੀਆਂ ਹਨ। ਪੀਐਮ ਮੋਦੀ ਨੇ ਫਿਰੋਜ਼ਪੁਰ ਵਿੱਚ ਆਪਣੇ ਕਾਫਲੇ ਨੂੰ ਰੋਕਣ ਦੇ ਮੁੱਦੇ 'ਤੇ ਵੀ ਗੱਲ ਕੀਤੀ। ਉਸ ਦਿਨ ਮੇਰੇ ਨਾਲ ਕੀ ਵਾਪਰਿਆ, ਮੈਨੂੰ ਇਸ 'ਤੇ ਕੁਝ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ। ਮਾਮਲਾ ਸੁਪਰੀਮ ਕੋਰਟ ਵਿਚ ਹੈ, ਜਾਂਚ ਚੱਲ ਰਹੀ ਹੈ।
ਉਹਨਾਂ ਕਿਹਾ ਕਿ ਮੇਰਾ ਪੰਜਾਬ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਉਥੋਂ ਦੇ ਲੋਕ ਬਹੁਤ ਦਿਆਲੂ ਹਨ। ਮੈਂ ਇਕ ਪੁਰਾਣੀ ਕਹਾਣੀ ਸੁਣਾਉਂਦਾ ਹਾਂ। ਮੈਂ ਰੈਲੀ ਲਈ ਮੋਗਾ ਗਿਆ ਸੀ, ਜਿੱਥੇ ਦੇਰ ਹੋ ਗਈ। ਬਾਹਰ ਨਿਕਲਦਿਆਂ ਹੀ ਮੇਰੀ ਕਾਰ ਸੜਕ 'ਤੇ ਖਰਾਬ ਹੋ ਗਈ। ਮੈਂ ਤੇ ਮੇਰਾ ਡਰਾਈਵਰ ਹੀ ਸੀ। ਸੁੰਨਸਾਨ ਸੜਕ 'ਤੇ ਇਕ ਸਰਦਾਰ ਪਰਿਵਾਰ ਦੌੜਦਾ ਆਇਆ ਅਤੇ ਮੇਰੀ ਅੰਬੈਸਡਰ ਕਾਰ ਨੂੰ ਧੱਕਾ ਲਗਾਇਆ। ਕਾਰ ਸਟਾਰਟ ਨਾ ਹੋਈ ਤਾਂ ਉਹਨਾਂ ਨੇ ਸਾਨੂੰ ਪਿਆਰ ਨਾਲ ਆਪਣੇ ਛੋਟੇ ਜਿਹੇ ਘਰ ਵਿਚ ਰੱਖਿਆ। ਉਹਨਾਂ ਦਾ ਪੁੱਤਰ ਰਾਤ ਨੂੰ ਕਿਤੇ ਤੋਂ ਮਕੈਨਿਕ ਲਿਆਇਆ, ਕਾਰ ਠੀਕ ਕਰਵਾ ਦਿੱਤੀ। ਮੈਂ ਸਰਦਾਰਾਂ ਦੀਆਂ ਭਾਵਨਾਵਾਂ ਨੂੰ ਜਾਣਦਾ ਹਾਂ। ਮੈਂ ਪੰਜਾਬ ਵਿਚ ਬਹੁਤ ਸਮਾਂ ਗੁਜ਼ਾਰਿਆ ਹੈ। ਚੋਣਾਂ ਆਪਣੀ ਥਾਂ ਹਨ ਪਰ ਪੰਜਾਬ ਦੇ ਕਿਸਾਨ ਮੇਰੇ ਦੇਸ਼ ਦੇ ਬਹਾਦਰ ਸਿਪਾਹੀ ਹਨ। ਮੈਂ ਉਹਨਾਂ ਦੇ ਵਿਕਾਸ ਲਈ ਕੰਮ ਕਰਦਾ ਰਹਾਂਗਾ।
ਸੰਸਦ ਵਿਚ ਜਵਾਹਰ ਲਾਲ ਨਹਿਰੂ ਦੇ ਜ਼ਿਕਰ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਕਿਸੇ ਦੇ ਦਾਦਾ ਜਾਂ ਪਿਤਾ ਵਿਰੁੱਧ ਕੁਝ ਨਹੀਂ ਕਿਹਾ। ਮੈਂ ਉਹੀ ਕਿਹਾ ਜੋ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਸੀ। ਦੇਸ਼ ਨੂੰ ਇਹ ਜਾਣਨ ਦਾ ਹੱਕ ਹੈ। ਉਹ ਕਹਿੰਦੇ ਹਨ ਅਸੀਂ ਨਹਿਰੂ ਜੀ ਦਾ ਨਾਂ ਨਹੀਂ ਲੈਂਦੇ। ਪਰ ਜਦੋਂ ਅਸੀਂ ਉਹਨਾਂ ਨਾਮ ਲੈਂਦੇ ਹਾਂ ਤਾਂ ਉਹਨਾਂ ਨੂੰ ਪਰੇਸ਼ਾਨੀ ਹੋ ਜਾਂਦੀ ਹੈ। ਮੈਨੂੰ ਉਹਨਾਂ ਦਾ ਇਹ ਡਰ ਸਮਝ ਨਹੀਂ ਆਉਂਦਾ। ਮੈਂ ਕਿਸੇ ਦੇ ਪਿਤਾ, ਮਾਤਾ, ਨਾਨਾ, ਦਾਦਾ-ਦਾਦੀ ਲਈ ਕੁਝ ਨਹੀਂ ਕਿਹਾ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਕਿਹਾ, ਮੈਂ ਉਹੀ ਕਿਹਾ ਹੈ। ਮੈਂ ਦੱਸਿਆ ਕਿ ਇਕ ਪ੍ਰਧਾਨ ਮੰਤਰੀ ਦੇ ਵਿਚਾਰ ਉਦੋਂ ਕੀ ਸਨ ਅਤੇ ਅੱਜ ਜਦੋਂ ਪ੍ਰਧਾਨ ਮੰਤਰੀ ਦੇ ਇਹ ਵਿਚਾਰ ਹਨ ਤਾਂ ਸਥਿਤੀ ਕੀ ਹੈ”।