
ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦੀ ਸਹੀ ਨੁਮਾਇੰਦਗੀ ਕਰਦਿਆਂ, ਇਸ ਵਾਰ ਸੰਸਦ ਵਿਚ ਗਰਜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੁਖਦੀ ਰਗ ਨੂੰ ਛੇੜ ਦਿਤਾ।
ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦੀ ਸਹੀ ਨੁਮਾਇੰਦਗੀ ਕਰਦਿਆਂ, ਇਸ ਵਾਰ ਸੰਸਦ ਵਿਚ ਗਰਜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੁਖਦੀ ਰਗ ਨੂੰ ਛੇੜ ਦਿਤਾ। ਪ੍ਰਧਾਨ ਮੰਤਰੀ ਮੋਦੀ ਨੇ ਜਵਾਬ ਤਾਂ ਠੋਕਵਾਂ ਦਿਤਾ ਪਰ ਕਦ ਤਕ ਅਸੀ ਅੱਜ ਦੀ ਗੱਲ ਛੱਡ ਕੇ ਕਦੇ ਸਦੀਆਂ ਪਹਿਲਾਂ ਦੇ ਮੁਗ਼ਲ ਰਾਜਿਆਂ ਦੀਆਂ ਗੱਲਾਂ ਕਰਦੇ ਰਹਾਂਗੇ ਜਾਂ ਕਾਂਗਰਸ ਦੇ 70 ਸਾਲ ਦੇ ਰਾਜ ਨੂੰ ਕੋਸਦੇ ਰਹਾਂਗੇ? ਜੇ ਜਨਤਾ 70 ਸਾਲ ਦੇ ਰਾਜ ਨਾਲ ਸੰਤੁਸ਼ਟ ਹੁੰਦੀ ਤਾਂ ਫਿਰ ਉਹ ਕਾਂਗਰਸ ਦੀ ਬਜਾਏ ਭਾਜਪਾ ਨੂੰ ਕਿਉਂ ਅੱਗੇ ਲਿਆਉਂਦੀ? ਉਨ੍ਹਾਂ ਵਿਚ ਕਮੀਆਂ ਸਨ ਜਿਸ ਕਾਰਨ ਬਦਲਾਅ ਆਇਆ। ਪਰ ਇਹ ਕਹਿਣਾ ਵੀ ਗ਼ਲਤ ਹੈ ਕਿ 70 ਸਾਲ ਵਿਚ ਭਾਰਤ ਵਿਚ ਕੁੱਝ ਵੀ ਨਹੀਂ ਹੋਇਆ।
ਹਾਂ, ਸਿੱਖ ਨਸਲਕੁਸ਼ੀ ਹੋਈ, ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਹੋਇਆ। ਪਰ ਬੀਜੇਪੀ ਦੇ ਗੁਜਰਾਤ ਵਿਚ ਵੀ ਮੁਸਲਮਾਨਾਂ ਨੂੰ ਚੁਣ ਚੁਣ ਕੇ ਮਾਰਿਆ ਗਿਆ। ਬਾਬਰੀ ਮਸਜਿਦ ਵੀ ਢਾਹੀ ਗਈ। ਬਹੁਤ ਕੁੱਝ ਦਰਦਨਾਕ ਤੇ ਸ਼ਰਮਨਾਕ ਹੋਇਆ ਪਰ ਕਾਫ਼ੀ ਕੁੱਝ ਵਧੀਆ ਵੀ ਹੋਇਆ। ਜਿਥੇ ਡਾ. ਮਨਮੋਹਨ ਸਿੰਘ ਵਰਗੇ ਇਨਸਾਨ ਨੂੰ ਕਾਂਗਰਸ ਨੇ ਪ੍ਰਧਾਨ ਮੰਤਰੀ ਬਣਾਇਆ, ਉਥੇ ਦੇਸ਼ ਵਿਚ ਅਜਿਹਾ ਮਾਹੌਲ ਸੀ ਕਿ ਇਕ ਤਾਕਤਵਰ ਵਿਰੋਧੀ ਧਿਰ ਖੜੀ ਹੋ ਗਈ ਅਤੇ ਉਸੇ ਮਾਹੌਲ ਸਦਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਡਾ. ਮਨਮੋਹਨ ਸਿੰਘ ਵਾਂਗ ਦੇਸ਼ ਦੇ ਸੱਭ ਤੋਂ ਉਚੇ ਅਹੁਦੇ ਤੇ ਬੈਠ ਸਕੇ।
ਉਹੀ ਸੋਚ ਇਕ ਦਲਿਤ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਦੇਣ ਦੇ ਮਾਮਲੇ ਵਿਚ ਪੰਜਾਬ ’ਚ ਵੀ ਝਲਕਦੀ ਹੈ। ਹਾਰ ਜਿੱਤ ਲੋਕਾਂ ਦੇ ਹੱਥ ਵਿਚ ਹੈ ਪਰ ਚੰਗਾ ਲਗਦਾ ਹੈ ਕਿ ਰਵਾਇਤੀ ਉਚ ਜਾਤੀ ਵਾਲਿਆਂ ਦੇ ਸਾਹਮਣੇ ਬਾਬੇ ਨਾਨਕ ਦੀ ਬਰਾਬਰੀ ਵਾਲੀ ਸੋਚ ਦਰਸਾਉਣ ਵਾਲਾ ਚਿਹਰਾ ਸੱਭ ਦਾ ਮੁਕਾਬਲਾ ਕਰੇਗਾ। ਕਈ ਚੰਗੇ ਕਦਮ ਕਾਂਗਰਸ ਵਲੋਂ ਚੁੱਕੇ ਗਏ ਹਨ ਪਰ ਅਸੀ ਜੇ ਅੱਗੇ ਵਧਣਾ ਹੈ ਤਾਂ ਸਾਡੇ ਅੱਜ ਦੇ ਆਗੂਆਂ ਨੂੰ ਵੀ ਇਹ ਸਵੀਕਾਰਨਾ ਪਵੇਗਾ ਕਿ ਸਾਡੇ ਅੱਜ ਦੇ ਫ਼ੈਸਲੇ ਕਲ ਤੇ ਨਿਰਭਰ ਨਹੀਂ ਹੋ ਸਕਦੇ। ਸਾਡੇ ਬਜ਼ੁਰਗ ਵੀ ਇਨਸਾਨ ਸਨ ਜੋ ਗ਼ਲਤੀਆਂ ਵੀ ਕਰਦੇ ਸਨ ਤੇ ਚੰਗੇ ਕੰਮ ਵੀ ਪਰ ਅੱਜ ਸਾਡਾ ਫ਼ਰਜ਼ ਹੈ ਕਿ ਅਸੀ ਅਪਣੇ ਪੂਰਵਜਾਂ ਤੇ ਬਜ਼ੁਰਗਾਂ ਦੀਆਂ ਗ਼ਲਤੀਆਂ ਨਾ ਦੁਹਰਾਈਏ। ਅਸੀ ਵੀ ਗ਼ਲਤੀਆਂ ਕਰਾਂਗੇ ਪਰ ਜੇ ਅਸੀ ਬੀਤੇ ਨਾਲ ਨਫ਼ਰਤ ਕਰ ਕੇ ਅੱਜ ਦਾ ਕੰਮ ਕਰਾਂਗੇ ਤਾਂ ਫਿਰ ਸਾਡਾ ਆਉਣ ਵਾਲਾ ਕਲ ਤਾਂ ਨਹੀਂ ਸੁਧਰੇਗਾ।
ਅੱਜ ਅੰਬਾਨੀ ਅਡਾਨੀ ਦੇ ਵਿਰੋਧ ਵਿਚ ਟਾਟਾ ਬਿਰਲਾ ਦਾ ਨਾਮ ਲਿਆ ਜਾਂਦਾ ਹੈ। ਅੱਜ ਦੇ ਦਿਨ ਦੋ ਚੀਜ਼ਾਂ ਹੋਈਆਂ ਹਨ। ਰਤਨ ਟਾਟਾ ਨੇ ਏਅਰ ਇੰਡੀਆ ਵਾਪਸ ਖ਼ਰੀਦ ਲਈ ਹੈ ਤੇ ਅਡਾਨੀ ਅੰਬਾਨੀ ਨੂੰ ਪਿੱਛੇ ਛੱਡ ਕੇ ਸਾਊਥ ਏਸ਼ੀਆ ਦਾ ਸੱਭ ਤੋਂ ਅਮੀਰ ਇਨਸਾਨ ਬਣ ਗਿਆ ਹੈ। ਤੁਸੀ ਆਪ ਦਸੋ ਕਿਸ ਦੀ ਖ਼ੁਸ਼ੀ ਵਿਚ ਤੁਹਾਨੂੰ ਅਪਣੀ ਖ਼ੁਸ਼ੀ ਮਿਲਦੀ ਹੈ? ਮੈਨੂੰ ਖ਼ੁਸ਼ੀ ਟਾਟਾ ਦੀ ਚੜ੍ਹਤ ਨਾਲ ਹੋਈ ਹੈ ਕਿਉਂਕਿ ਉਨ੍ਹਾਂ ਦੀ ਖ਼ੁਸ਼ੀ ਪਿੱਛੇ ਦੇਸ਼ ਦਾ ਵਿਕਾਸ ਕੰਮ ਕਰਦਾ ਹੈ। ਉਹ ਇਕ ਜ਼ਿੰਮੇਵਾਰ ਉਦਯੋਗਪਤੀ ਹਨ ਜਿਨ੍ਹਾਂ ਦੀ ਕੰਪਨੀ ਵਿਚ ਕੰਮ ਕਰਨ ਵਾਲੇ ਵੀ ਖ਼ੁਸ਼ ਹਨ। ਦੇਸ਼ ਦਾ ਗ਼ਰੀਬ ਤਾਂ ਖ਼ੁਸ਼ ਹੈ ਬਲਕਿ ਉਨ੍ਹਾਂ ਦੇ ਦਫ਼ਤਰ ਅਤੇ ਸੜਕ ਤੇ ਰਹਿਣ ਵਾਲੇ ਬੇਜ਼ੁਬਾਨ ਜਾਨਵਰ ਵੀ ਖ਼ੁਸ਼ ਹਨ। ਜੇ ਲੋਕਾਂ ਦਾ ਗੁੱਸਾ ਵੇਖ ਕੇ ਅੰਬਾਨੀ ਨੇ ਕੋਵਿਡ ਦੌਰਾਨ ਕੁੱਝ ਕਰੋੜ ਰੁਪਿਆ ਗ਼ਰੀਬਾਂ ਨੂੰ ਖਾਣਾ ਦੇ ਕੇ ਵੰਡਿਆ ਸੀ, ਉਸ ਤੋਂ ਵੱਧ ਸ਼ਾਇਦ ਇਸ ਕਦਮ ਦੇ ਪ੍ਰਚਾਰ ਵਾਸਤੇ ਖ਼ਰਚਿਆ ਸੀ। ਕਾਂਗਰਸ ਦੇ ਸਮੇਂ ਟਾਟਾ ਬਿਰਲਾ ਸਨ ਪਰ 27 ਕਰੋੜ ਗ਼ਰੀਬੀ ਤੋਂ ਉਪਰ ਵੀ ਸਨ। ਅੱਜ ਅੰਬਾਨੀ ਅਡਾਨੀ ਨੂੰ ਬਣਾਉਣ ਵਾਸਤੇ 23 ਕਰੋੜ ਗ਼ਰੀਬੀ ਤੋਂ ਹੇਠਾਂ ਸੁੱਟ ਦਿਤੇ ਗਏ ਹਨ।
ਜੇ ਅਪਣੇ ਦਿਲ ਵਿਚ ਨਫ਼ਰਤ ਤੇ ਰੰਜਸ਼ ਰੱਖ ਕੇ ਦੇਸ਼ ਨੂੰ ਚਲਾਇਆ ਗਿਆ ਤਾਂ ਦੇਸ਼ ਦਾ ਸਹੀ ਵਿਕਾਸ ਨਹੀਂ ਹੋਵੇਗਾ। ਅੱਜ ਕਾਂਗਰਸ ਸੱਤਾ ਵਿਚ ਨਹੀਂ ਤੇ ਉਹ ਦੇਸ਼ ਦੀ ਛਵੀ ਕਿਸੇ ਸਾਹਮਣੇ ਖ਼ਰਾਬ ਨਹੀਂ ਕਰ ਸਕਦੀ। ਦੇਸ਼ ਦੀਆਂ ਅੱਜ ਦੀਆਂ ਨੀਤੀਆਂ ਨੂੰ ਪਰਖਣਾ ਪਵੇਗਾ। ਪੁਛਣਾ ਪਵੇਗਾ ਕਿ ਅੰਤਰਰਾਸ਼ਟਰੀ ਸਰਵੇਖਣਾਂ ਵਿਚ ਵਾਰ ਵਾਰ ਭਾਰਤ ਦੀ ਪੱਤਰਕਾਰੀ ਦੀ ਆਜ਼ਾਦੀ ਖ਼ਤਰੇ ਵਿਚ ਪਈ ਕਿਉਂ ਨਜ਼ਰ ਆਉਂਦੀ ਹੈ? ਕਿਉਂ ਸਾਡੇ ਕੋਲ ਕੋਵਿਡ ਵਿਚ ਮਾਰੇ ਗਏ ਲੋਕਾਂ ਦੇ ਅੰਕੜੇ ਨਹੀਂ ਹਨ? ਕਿਉਂ ਸਾਡੇ ਸਿਸਟਮ ਵਿਚੋਂ ਭ੍ਰਿਸ਼ਟਾਚਾਰ, ਕਾਲਾ ਧਨ ਖ਼ਤਮ ਨਹੀਂ ਹੋਇਆ?
ਅੱਜ ਦੀਆਂ ਨੀਤੀਆਂ ਵਿਚ ਕੀ ਕਮੀ ਹੈ ਕਿ ਸਰਕਾਰ ਲੋਕਪਾਲ ਨਹੀਂ ਲਿਆ ਸਕੀ ਤੇ ਈ.ਡੀ., ਸੀ.ਬੀ.ਆਈ., ਨਿਆਂ ਪਾਲਿਕਾ ਤੋਂ ਆਮ ਇਨਸਾਨ ਦਾ ਵਿਸ਼ਵਾਸ ਕਿਉਂ ਉਠਦਾ ਜਾ ਰਿਹਾ ਹੈ ਤੇ ਕਿਉਂ ਅੱਜ ਪੱਤਰਕਾਰਾਂ ਵਲੋਂ ਸਵਾਲ ਚੁਕਣ ਤੇ ਉਨ੍ਹਾਂ ਦੀ ਆਵਾਜ਼ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ? ਐਮਰਜੈਂਸੀ ਤੋਂ ਸਿਖਣ ਵਾਲੇ ਇਸ ਦੇਸ਼ ਦੇ ਹਾਕਮਾਂ ਵਿਚ ਬਹੁਤੇ ਨਹੀਂ ਮਿਲਦੇ ਬਲਕਿ ਉਸ ਨੂੰ ਯੋਜਨਾਬੱਧ ਤਰੀਕੇ ਨਾਲ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਜਾਪਦੀ ਹੈ। ਅਜਿਹਾ ਕੀ ਕੀਤਾ ਜਾ ਰਿਹਾ ਹੈ ਕਿ ਅੱਜ ਉਹੀ ਲੋਕ ਜੋ ਕਦੇ ਕਾਂਗਰਸ ਵਿਰੁਧ ਉਠੇ ਸਨ, ਅੱਜ ਉਸ ਨੂੰ ਬਚਾਉਣ ਵਾਸਤੇ ਅੱਗੇ ਆ ਰਹੇ ਹਨ? -ਨਿਮਰਤ ਕੌਰ