
ਕੌਣ ਕੀ ਖਾਵੇ ਤੇ ਪਹਿਨੇ, ਇਸ ਵਿਚ ਕਿਸੇ ਦੂਜੇ ਦਾ ਦਖ਼ਲ ਨਹੀਂ ਹੋਣਾ ਚਾਹੀਦਾ
ਕਰਨਾਟਕਾ ਦੇ ਇਕ ਕਾਲਜ ਵਿਚ ਜੋ ਦ੍ਰਿਸ਼ ਵੇਖਣ ਨੂੰ ਮਿਲਿਆ ਹੈ, ਉਸ ਨੂੰ ਵੇਖ ਕੇ ਨਾ ਸਿਰਫ਼ ਸਾਡਾ ਹੀ ਦਿਲ ਘਬਰਾ ਜਾਂਦਾ ਹੈ ਸਗੋਂ ਸਾਡਾ ਸੰਵਿਧਾਨ ਬਣਾਉਣ ਵਾਲਿਆਂ ਦੀਆਂ ਰੂਹਾਂ ਵੀ ਕੰਬ ਗਈਆਂ ਹੋਣਗੀਆਂ। ਧਾਰਮਕ ਸਹਿਣਸ਼ੀਲਤਾ ਦੀ ਬੁਨਿਆਦ ਤੇ ਸਾਡੇ ਆਜ਼ਾਦ ਭਾਰਤ ਦਾ ਨਿਰਮਾਣ ਹੋਇਆ ਤੇ ਤੁਸੀਂ ਅਪਣਾ ਧਰਮ ਅਪਣੀ ਮਰਜ਼ੀ ਨਾਲ ਨਿਭਾ ਸਕਦੇ ਹੋ। ਪਰ ਇਸ ਦੇ ਇਕਦਮ ਉਲਟ ਦ੍ਰਿਸ਼ ਕਰਨਾਟਕਾ ਵਿਚ ਨਜ਼ਰ ਆਇਆ ਜਿਥੇ ਕਾਲਜ ਵਿਚ ਹਿਜਾਬ ਪਾ ਕੇ ਜਾਣ ਵਾਲੀ ਇਕ ਕੁੜੀ ਦੇ ਵਿਰੋਧ ਵਿਚ ਭਗਵਾਂ ਰੋਸ ਵੇਖਣ ਨੂੰ ਮਿਲਿਆ।
ਜਿਥੇ 100-150 ਮੁੰਡੇ ‘ਜੈ ਸ੍ਰੀ ਰਾਮ’ ਦੇ ਨਾਹਰੇ ਲਗਾਉਂਦੇ ਉਸ ਨੂੰ ਘੇਰ ਲੈਂਦੇ ਹਨ, ਲੜਕੀ ਵੀ ਉਨ੍ਹਾਂ ਦੇ ਬਰਾਬਰ ਅੱਲ੍ਹਾ-ਹੂ-ਅਕਬਰ ਦਾ ਹੋਕਾ ਲਗਾਉਂਦੀ ਹੈ ਤੇ ਉਨ੍ਹਾਂ ਦਾ ਸਾਹਮਣਾ ਕਰਦੀ ਹੈ। ਕਾਲਜ ਦੇ ਅਧਿਆਪਕ ਤੇ ਪੁਲਿਸ ਵਾਲੇ ਜਲਦੀ ਇਨ੍ਹਾਂ ਵਿਚਕਾਰ ਇਕ ਮਨੁੱਖੀ ਢਾਲ ਬਣ ਕੇ ਮਾਮਲਾ ਅੱਗੇ ਵਧਣੋਂ ਰੋਕ ਦੇਂਦੇ ਹਨ। ਇਹ ਮਾਮਲਾ ਕਾਨੂੰਨ ਦੇ ਦਾਇਰੇ ਵਿਚ ਆਉਂਦਾ ਹੈ ਤੇ ਸੰਵਿਧਾਨਕ ਹੱਕਾਂ ਦੀ ਗੱਲ ਹੈ ਜਿਥੇ ਹਰ ਇਕ ਨੂੰ ਹੱਕ ਹੈ ਕਿ ਉਹ ਅਪਣੇ ਧਰਮ ਮੁਤਾਬਕ ਅਪਣਾ ਪਹਿਰਾਵਾ ਪਾਵੇ। ਅਸੀ ਤਾਂ ਸਿੱਖਾਂ ਦੀ ਪੱਗ ਦੀ ਲੜਾਈ ਅਮਰੀਕੀ ਫ਼ੌਜ ਵਿਚ ਵੀ ਜਿੱਤੀ ਹੈ। ਫ਼ਰਾਂਸ ਵਿਚ ਕ੍ਰਿਪਾਨ ਤੇ ਦਸਤਾਰ ਦੀ ਲੜਾਈ ਲੜ ਰਹੇ ਹਾਂ। ਜੇ ਅੱਜ ਹਿਜਾਬ ਤੇ ਇਤਰਾਜ਼ ਹੈ ਤਾਂ ਫਿਰ ਕਲ ਦਸਤਾਰ ਤੇ ਕ੍ਰਿਪਾਨ ਦਾ ਮੁੱਦਾ ਭਾਰਤ ਵਿਚ ਵੀ ਉਠ ਸਕਦਾ ਹੈ ਪਰ ਯਕੀਨ ਹੈ ਕਿ ਸੰਵਿਧਾਨ ਅਜਿਹੀ ਢੁਚਰਬਾਜ਼ੀ ਕਰਨ ਦੀ ਆਗਿਆ ਨਹੀਂ ਦੇਵੇਗਾ।
ਇਸ ਦਾ ਦੂਜਾ ਪਹਿਲੂ, ਇਕ ਵੀਡੀਉ ਵਿਚ ਨੌਜਵਾਨ ਹੀ ਨਜ਼ਰ ਆ ਰਹੇ ਸਨ ਜਿਨ੍ਹਾਂ ਦੇ ਮਨ ਵਿਚ ਨਫ਼ਰਤ ਦੇ ਬੀਜ ਬੀਜ ਕੇ ਉਨ੍ਹਾਂ ਨੂੰ ਫ਼ਿਰਕੂ ਬੰਬ ਬਣਾਇਆ ਜਾ ਰਿਹਾ ਹੈ। ਜਿਸ ਉਮਰ ਵਿਚ ਨੌਜਵਾਨਾਂ ਨੂੰ ਅਪਣੀ ਪੜ੍ਹਾਈ, ਭਵਿੱਖ, ਨੌਕਰੀ ਤੇ ਪਿਆਰ ਬਾਰੇ ਚਿੰਤਾ ਹੋਣੀ ਚਾਹੀਦੀ ਹੈ, ਉਸ ਉਮਰ ਵਿਚ ਉਹ ਇਸ ਕਦਰ ਅਸਹਿਣਸ਼ੀਲ ਬਣ ਰਹੇ ਹਨ ਕਿ ਇਨ੍ਹਾਂ ਨੂੰ ਕੁੱਝ ਕੁੜੀਆਂ ਵਲੋਂ ਸਿਰ ਦੁਆਲੇ ਹਿਜਾਬ ਪਾਉਣ ਨਾਲ ਘਬਰਾਹਟ ਹੋਣ ਲਗਦੀ ਹੈ। ਜੇ ਔਰਤਾਂ ਦੀ ਬਰਾਬਰੀ ਦੀ ਗੱਲ ਕਰੀਏ ਤਾਂ ਨਾ ਸਿਰਫ਼ ਹਿਜਾਬ ਸਗੋਂ ਮੰਗਲ ਸੂਤਰ ਆਦਿ ਵੀ ਔਰਤ ਨੂੰ ਮਰਦ ਤੋਂ ਪਿੱਛੇ ਰਖਦੇ ਹਨ। ਪਰ ਇਹ ਔਰਤ ਦੀ ਅਪਣੀ ਮਰਜ਼ੀ ਹੈ ਕਿ ਉਹ ਕਿਸ ਤਰ੍ਹਾਂ ਅਪਣਾ ਜੀਵਨ ਜਿਊਣਾ ਚਾਹੁੰਦੀ ਹੈ ਅਤੇ ਏਨੀ ਕੁ ਸਹਿਣਸ਼ੀਲਤਾ ਹਰ ਨਾਗਰਿਕ ਵਿਚ ਹੋਣੀ ਚਾਹੀਦੀ ਹੈ ਕਿ ਉਹ ਦੂਸਰੇ ਦੀ ਧਾਰਮਕ ਰਹਿਣੀ ਨੂੰ ਨਫ਼ਰਤ ਨਾ ਕਰੇ। ਪਰ ਇਨ੍ਹਾਂ ਬੱਚਿਆਂ ਵਿਚ ਇਕ ਦੂਜੇ ਪ੍ਰਤੀ ਕੋਈ ਹਮਦਰਦੀ ਨਹੀਂ ਨਜ਼ਰ ਆਉਂਦੀ।
ਨਫ਼ਰਤ ਦਾ ਜਨਮ ਡਰ ਵਿਚੋਂ ਹੁੰਦਾ ਹੈ। ਸਾਡੇ ਸਿਆਸਤਦਾਨਾਂ ਨੇ ਇਹ ਡਰ ਸਾਡੇ ਬੱਚਿਆਂ ਦੇ ਮਨਾਂ ਵਿਚ ਬਿਠਾ ਦਿਤਾ ਹੈ ਕਿ ਮੁਸਲਮਾਨ ਭਾਰਤ ਵਿਚ ਅੱਗੇ ਵਧ ਕੇ ਹਿੰਦੂਆਂ ਨੂੰ ਖ਼ਤਮ ਕਰ ਦੇਣਗੇ। ਇਹ ਸਾਡੀਆਂ ਕੁੜੀਆਂ ਨੂੰ ਅਪਣੇ ਪਿਆਰ ਜਾਲ ਵਿਚ ਫਸਾ ਕੇ ਉਨ੍ਹਾਂ ਦਾ ਧਰਮ ਪ੍ਰੀਵਰਤਨ ਕਰ ਲੈਣਗੇ। ‘ਲਵ ਜਿਹਾਦ’ ਦਾ ਅਸਰ ਸ਼ਾਇਦ 1 ਫ਼ੀ ਸਦੀ ਲੋਕਾਂ ਉੁਤੇ ਹੋਇਆ ਹੋਵੇ ਪਰ ਅਸੀ ਉਸ ਨੂੰ ਸੱਭ ਤੋਂ ਵੱਡਾ ਮਸਲਾ ਬਣਾ ਦਿਤਾ ਹੈ।
ਮੁਸਲਮਾਨਾਂ ਨੂੰ ਡਰ ਲਗਦਾ ਹੈ ਕਿ ਸਾਡੀ ਨਸਲਕੁਸ਼ੀ ਦੀ ਤਿਆਰੀ ਹੋ ਰਹੀ ਹੈ ਤੇ ਸਾਡੀਆਂ ਸਾਰੀਆਂ ਮਸਜਿਦਾਂ ਬਾਬਰੀ ਮਸਜਿਦ ਵਾਂਗ ਢਾਹ ਦਿਤੀਆਂ ਜਾਣਗੀਆਂ ਅਤੇ ਉਹ ਇਸ ਡਰ ਵਿਚ ਜੀਅ ਰਹੇ ਹਨ। ਕੱਟੜ ਸੋਚ ਦੇ ਅਸਰ ਹੇਠ ਆਏ ਬੱਚੇ ਨਫ਼ਰਤ ਦੇ ਸਹਾਰੇ ਅਪਣਾ ਜੀਵਨ ਸ਼ੁਰੂ ਕਰਨਗੇ। ਇਹ ਨਫ਼ਰਤ ਸਿਰਫ਼ ਸਿਆਸਤਦਾਨਾਂ ਦੇ ਕੰਮ ਆਵੇਗੀ। ਦੇਸ਼ ਦਾ ਵਿਕਾਸ ਨਫ਼ਰਤ ਵਾਲੇ ਮਾਹੌਲ ਵਿਚ ਨਹੀਂ ਹੋ ਸਕੇਗਾ ਤੇ ਨਾ ਹੀ ਇਨ੍ਹਾਂ ਦੀ ਨਿਜੀ ਜ਼ਿੰਦਗੀ ਵਿਚ ਪਿਆਰ ਦੀ ਬੁਨਿਆਦ ਹੋਵੇਗੀ। ਪਿਆਰ, ਸਹਿਣਸ਼ੀਲਤਾ ਦੀਆਂ ਸੋਚਾਂ ਤੇ ਬਣਾਇਆ ਦੇਸ਼ ਅੱਜ ਕਿਸ ਰਸਤੇ ਚਲ ਪਿਆ ਹੈ? -ਨਿਮਰਤ ਕੌਰ