'ਪਾਣੀ ਦੀ ਬਰਬਾਦੀ' ਨਾਲ ਦੁਖਦਾਈ ਅੰਤ ਵੱਲ ਵਧ ਰਹੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਵਿਸ਼ਵ ਜਲ ਦਿਵਸ 'ਤੇ ਵਿਸ਼ੇਸ਼ : 'ਪਾਣੀ ਦੀ ਬਰਬਾਦੀ' ਨਾਲ ਦੁਖਦਾਈ ਅੰਤ ਵੱਲ ਵਧ ਰਹੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ

World Water Day future exists only on water

ਨਵੀਂ ਦਿੱਲੀ : ਅੱਜ ਜਲ ਦਿਵਸ ਹੈ। ਜਲ ਉਹ ਹੈ ਜਿਸ ਤੋਂ ਬਿਨਾ ਜੀਵਨ ਸੰਭਵ ਨਹੀਂ ਹੈ। ਅੱਜ ਪੂਰੀ ਦੁਨੀਆ ਪਾਣੀ ਦੀ ਘਾਟ ਨਾਲ ਜੂਝ ਰਹੀ ਹੈ। ਦਰਅਸਲ ਪਾਣੀ ਦੀ ਕਿੱਲਤ ਲਈ ਅਸੀਂ ਖ਼ੁਦ ਹੀ ਸਾਰੇ ਜ਼ਿੰਮੇਵਾਰ ਹਾਂ। ਅਸੀਂ ਇਸ ਨੂੰ ਜੰਮ ਕੇ ਬਰਬਾਦ ਕੀਤਾ ਹੈ ਅਤੇ ਕਰਦੇ ਜਾ ਰਹੇ ਹਾਂ। ਸਾਨੂੰ ਲਗਦਾ ਹੈ ਕਿ ਸਭ ਕੁਝ ਇਵੇਂ ਜਿਵੇਂ ਚਲਦਾ ਰਹੇਗਾ ਪਰ ਪਾਣੀ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਦੀ ਵਜ੍ਹਾ ਨਾਲ ਤੀਜਾ ਵਿਸ਼ਵ ਯੁੱਧ ਹੋ ਸਕਦਾ ਹੈ।

25 ਸਾਲ ਹੋ ਗਏ ਇਸ ਦਿਵਸ ਨੂੰ ਮਨਾਉਂਦੇ ਹੋਏ। ਮਕਸਦ ਇਹ ਸੀ ਕਿ ਲੋਕ ਇਸ ਦਿਵਸ ਤੋਂ ਕੁਝ ਸਿੱਖਿਆ ਲੈ ਕੇ ਆਪਣੀ ਹੋਂਦ ਦੇ ਲਈ ਪਾਣੀ ਦੀ ਹੋਂਦ ਬਰਕਰਾਰ ਰੱਖਾਂਗੇ ਪਰ ਇਹ ਕਹਿ ਕੇ ਸਾਰ ਦਿਤਾ ਜਾਂਦਾ ਹੈ ਕਿ ਫਲਾਂ ਪਾਣੀ ਨਹੀਂ ਬਚਾਉਂਦਾ ਤਾਂ ਮੈਂ ਕਿਉਂ ਬਚਾਵਾਂ ਪਰ ਜੇਕਰ ਸੱਚਮੁੱਚ ਪਾਣੀ ਬਚਾਉਣਾ ਹੈ ਤਾਂ ਇਸ ਸੋਚ ਤੋਂ ਮੁਕਤੀ ਪਾਉਣੀ ਹੋਵੇਗੀ ਅਤੇ ਸਾਰਿਆਂ ਨੂੰ ਇਸ ਦੇ ਲਈ ਹੰਭਲਾ ਮਾਰਨਾ ਹੋਵੇਗਾ। ਇਸ ਵਾਰ ਜਲ ਦਿਵਸ ਦੀ ਥੀਮ ਨੇਚਰ ਫਾਰ ਵਾਟਰ ਯਾਨੀ ਇਸ ਸਮੱਸਿਆ ਦਾ ਅਜਿਹਾ ਹੱਲ ਲੱਭਣਾ ਜੋ ਕੁਦਰਤ 'ਤੇ ਅਧਾਰਿਤ ਹੋਵੇ। 

ਪਾਣੀ ਦੀ ਕੀਮਤ ਪਿਆਸ ਲੱਗਣ 'ਤੇ ਪਤਾ ਚਲਦੀ ਹੈ। ਕੋਈ ਹੋਰ ਤਰਲ ਇਸ ਦਾ ਬਦਲ ਨਹੀਂ ਹੈ। ਗਲਾ ਉਦੋਂ ਹੀ ਤਰ ਹੁੰਦਾ ਹੈ ਜਦੋਂ ਪਾਣੀ ਦੀਆਂ ਬੂੰਦਾਂ ਹਲਕ ਤੋਂ ਹੇਠਾਂ ਉਤਰਦੀਆਂ ਹਨ। ਕਦੇ ਸੋਚਿਆ ਹੈ ਕਿ ਧਰਤੀ 'ਤੇ ਮੌਜੂਦ ਲੋੜੀਂਦੀ ਮਾਤਰਾ ਵਿਚ ਇਸ ਕੁਦਰਤੀ ਸਰੋਤ ਨੂੰ ਲੈ ਕੇ ਇੰਨੀ ਮਾਰਮਾਰੀ ਕਿਉਂ ਹੋ ਗਈ ਹੈ? ਕਈ ਮੁਲਕਾਂ ਵਿਚ ਪਾਣੀ ਦੀ ਸਮੱਸਿਆ ਬਾਰਾਂਮਾਸੀ ਹੋ ਗਈ ਹੈ। ਵੱਡੀ ਗਿਣਤੀ ਵਿਚ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਨਹੀਂ ਮਿਲ ਰਿਹਾ ਹੈ। ਕੇਪਟਾਊਟ, ਕੈਲੀਫੋਰਨੀਆ ਤੋਂ ਲੈ ਕੇ ਕੋਲਕਾਤਾ ਤਕ ਦੁਨੀਆ ਦੇ ਸੈਂਕੜੇ ਅਜਿਹੇ ਸ਼ਹਿਰ ਹਨ ਜਿੱਥੇ ਇਸ ਕੁਦਰਤੀ ਸਰੋਤ ਦੀ ਗੰਭੀਰ ਸਮੱਸਿਆ ਖੜ੍ਹੀ ਹੋ ਚੁੱਕੀ ਹੈ। 

ਸੰਯੁਕਤ ਰਾਸ਼ਟਰ ਮਹਾਸਭਾ ਨੇ ਜੁਲਾਈ 2010 ਵਿਚ ਇਕ ਪ੍ਰਸਤਾਵ ਪਾਸ ਕਰਕੇ ਦੁਨੀਆ ਦੇ ਹਰ ਵਿਅਕਤੀ ਨੂੰ ਪਾਣੀ ਦਾ ਅਧਿਕਾਰ ਦਿੱਤਾ ਗਿਆ। ਇਸ ਦੇ ਤਹਿਤ ਹਰ ਵਿਅਕਤੀ ਨੂੰ ਆਪਣੀਆਂ ਅਤੇ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਲਈ ਲੋੜੀਂਦੀ ਮਾਤਰਾ ਵਿਚ ਪਾਣੀ ਉਪਲਬਧ ਹੋਣਾ ਚਾਹੀਦਾ ਹੈ। ਇਸ ਦੇ ਲਈ ਪ੍ਰਤੀ ਵਿਅਕਤੀ ਪ੍ਰਤੀ ਦਨਿ ਦੇ ਲਈ 50 ਤੋਂ 100 ਲੀਟਰ ਪਾਣੀ ਦਾ ਮਾਪਦੰਡ ਤੈਅ ਕੀਤਾ ਗਿਆ ਹੈ।

ਇਹ ਪਾਣੀ ਸਾਫ਼ ਅਤੇ ਸਸਤਾ ਹੋਣਾ ਚਾਹੀਦਾ ਹੈ। ਪਰਿਵਾਰ ਦੀ ਆਮਦਨ ਤੋਂ ਤਿੰਨ ਫ਼ੀਸਦ ਤੋਂ ਜ਼ਿਆਦਾ ਪਾਣੀ ਦੀ ਕੀਮਤ ਨਹੀਂ ਹੋਣੀ ਚਾਹੀਦੀ, ਪਾਣੀ ਦਾ ਸਰੋਤ ਵਿਅਕਤੀ ਦੇ ਘਰ ਤੋਂ 1000 ਮੀਟਰ ਤੋਂ ਜ਼ਿਆਦਾ ਦੂਰ ਨਹੀਂ ਹੋਣਾ ਚਾਹੀਦਾ। ਪਾਣੀ ਇਕੱਠਾ ਕਰਨ ਦੇ ਲਈ 30 ਮਿੰਟ ਤੋਂ ਜ਼ਿਆਦਾ ਸਮਾਂ ਨਹੀਂ ਲੱਗਣਾ ਚਾਹੀਦਾ। 

ਪ੍ਰਦੂਸ਼ਿਤ ਪਾਣੀ ਅਤੇ ਮੁਢਲੀ ਸਾਫ਼ ਸਫ਼ਾਈ ਦੀ ਘਾਟ ਵਿਚ ਦੁਨੀਆ ਦੇ ਗਰੀਬ ਦੇਸ਼ਾਂ ਵਿਚ ਬਿਮਾਰੀ ਅਤੇ ਬਦਹਾਲੀ ਹੋਰ ਤੇਜ਼ੀ ਨਾਲ ਵਧ ਰਹੀ ਹੈ। ਦੁਨੀਆ ਵਿਚ 2.3 ਅਰਬ ਲੋਕਾਂ ਦੇ ਕੋਲ ਪਖ਼ਾਨੇ ਵਰਗੀ ਸਵੱਛਤਾ ਦੇ ਮੁਢਲੇ ਸਾਧਨ ਨਹੀਂ ਹਨ। ਕੁਦਰਤ ਅਧਾਰਿਤ ਹੱਲ ਨਾਲ ਨਾ ਕੇਵਲ ਪਾਣੀ ਦੀ ਸਪਲਾਈ ਅਤੇ ਉਸ ਦੀ ਗੁਣਵੱਤਾ ਠੀਕ ਕੀਤੀ ਜਾ ਸਕਦੀ ਹੈ ਬਲਕਿ ਕੁਦਰਤੀ ਆਫ਼ਤਾਂ ਦੇ ਅਸਰ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। 1986 ਵਿਚ ਰਾਜਸਥਾਨ ਵਿਚ ਇਤਿਹਾਸ ਦਾ ਸਭ ਤੋਂ ਭਿਆਨਕ ਸੋਕਾ ਪਿਆ। ਪਾਣੀ ਦੀ ਕਿੱਲਤ ਦੂਰ ਕਰਨ ਲਈ ਇਕ ਗ਼ੈਰ ਸਰਕਾਰੀ ਸੰਸਥਾ ਨੇ ਬੀੜਾ ਉਠਾਇਆ। ਇਸ ਕਦਮ ਨਾਲ ਜੰਗਲ ਦੇ ਰਕਬੇ ਵਿਚ 30 ਫ਼ੀਸਦੀ ਵਾਧਾ ਹੋਇਆ। ਜ਼ਮੀਨ ਵਿਚਲੇ ਪਾਣੀ ਦਾ ਪੱਧਰ ਕਈ ਮੀਟਰ ਉੱਠਿਆ। ਜ਼ਮੀਨ ਦੀ ਉਪਜਾਊ ਸ਼ਕਤੀ ਵਧੀ।

ਖੋਜਾਂ ਦੱਸਦੀਆਂ ਹਨ ਕਿ ਜੇਕਰ ਦੁਨੀਆ ਵਿਚ ਗ੍ਰੀਨ ਵਾਟਰ ਮੈਨੇਜਮੈਨ ਤਰੀਕਿਆਂ ਨੂੰ ਅਪਣਾਇਆ ਜਾਵੇ ਤਾਂ ਖੇਤੀ ਪੈਦਾਵਾਰ 20 ਫ਼ੀਸਦੀ ਵਧ ਜਾਵੇਗੀ। ਘੱਟ ਆਮਦਨ ਵਾਲੇ 57 ਦੇਸ਼ਾਂ ਵਿਚ ਹੋਏ ਇਕ ਅਧਿਐਨ ਅਨੁਸਾਰ ਜੇਕਰ ਪਾਣੀ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਕੀਟਨਾਸ਼ਕਾਂ ਦੀ ਵਰਤੋਂ ਵਿਚ ਕਮੀ ਆਉਂਦੀ ਹੈ। ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਣ ਨਾਲ ਔਸਤ ਫ਼ਸਲ ਪੈਦਾਵਾਰ ਵਿਚ 79 ਫ਼ੀਸਦ ਦਾ ਇਜ਼ਾਫ਼ਾ ਹੋ ਜਾਂਦਾ ਹੈ। 

- ਮੱਖਣ ਸ਼ਾਹ ਦਭਾਲੀ