
ਜਾਣੋ ਇਸ ਫਿਲਮ ਵਿਚ ਕੀ ਹੈ ਖਾਸ
ਪੰਜਾਬੀ ਫਿਲਮ ਇੰਡਸਟਰੀ ਵਿਚ ਥੋੜੇ ਸਮੇਂ ‘ਚ ਵਧੇਰੇ ਨਾਮ ਕਮਾਉਣ ਵਾਲੇ ਅਦਾਕਾਰ ਦੇਵ ਖਰੌੜ ਇਨ੍ਹੀ ਦਿਨੀਂ ਆਪਣੀ ਨਵੀਂ ਫਿਲਮ ਲੈ ਕੇ ਆ ਰਹੇ ਹਨ। ਜਿਸ ਦਾ ਟਰੇਲਰ ਪਿਛਲੇ ਦਿਨੀਂ ਰਿਲੀਜ਼ ਹੋ ਚੁੱਕਾ ਹੈ। ਫਿਲਮ ਦਾ ਨਾਮ ਹੈ ਬਲੈਕੀਆ । ਇਸ ਫਿਲਮ ਦਾ ਟਰੇਲਰ ਲੋਕਾਂ ਨੂੰ ਬਹੁਤ ਪਸੰਦ ਆਇਆ ਹੈ ਜਿਸ ਤੋਂ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਫਿਲਮ ਲੋਕਾਂ ਦੇ ਦਿਲਾਂ ਵਿਚ ਉਤਰ ਜਾਵੇਗੀ। ਦੱਸ ਦਈਏ ਕਿ ਬਲੈਕੀਆ ਦਾ ਟਰੇਲਰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਯੂ-ਟਿਊਬ ਉੱਤੇ ਟਰੈਡਿੰਗ ‘ਚ ਨੰਬਰ ਇੱਕ ਉੱਤੇ ਛਾਇਆ ਹੋਇਆ ਹੈ।
Dev Kharaud
ਦੇਵ ਖਰੌੜ ਦੀ ਫਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਫਿਲਮ ਦੇ ਟਰੇਲਰ ਤੋਂ ਇਹ ਸਾਬਿਤ ਹੋ ਰਿਹਾ ਹੈ ਕਿ ਪੂਰੀ ਫਿਲਮ ਹਰ ਪੱਖ ਤੋਂ ਮਜ਼ਬੂਤ ਹੋਣ ਵਾਲੀ ਹੈ ਭਾਵੇਂ ਕਹਾਣੀ ਹੋਵੇ,ਸਕਰੀਨ ਪਲੇਅ ਜਾਂ ਡਾਇਰੈਕਸ਼ਨ ਹੀ ਕਿਉਂ ਨਾ ਹੋਵੇ। ਬਲੈਕੀਆ ਫ਼ਿਲਮ ਵਿਚ 1970 ਦੇ ਸਮੇਂ ਨੂੰ ਪੇਸ਼ ਕੀਤਾ ਜਾਵੇਗਾ ਜਦੋਂ ਪੰਜਾਬ ਅਤੇ ਪਾਕਿਸਤਾਨ ਦੇ ਖੁੱਲੇ ਬਾਡਰਾਂ ‘ਤੇ ਕਾਲੇ ਕਾਰੋਬਾਰੀਆਂ ਦਾ ਗੁੰਡਾ ਰਾਜ ਚੱਲ ਰਿਹਾ ਸੀ ਅਤੇ ਸੋਨੇ ਤੋਂ ਲੈ ਹੋਰ ਕਈ ਚੀਜ਼ਾਂ ਨੂੰ ਗੈਰ-ਕਾਨੂੰਨੀ ਢੰਗ ਰਾਹੀਂ ਬਲੈਕ ਕਰਕੇ ਇੱਧਰ-ਉੱਧਰ ਭੇਜਿਆ ਜਾਂਦਾ ਸੀ।
ਇਹ ਫ਼ਿਲਮ ਸੁਖਮਿੰਦਰ ਧੰਜਾਲ ਦੇ ਨਿਰਦੇਸ਼ਨ ਵਿਚ ਬਣੀ ਹੈ ਅਤੇ ਫਿਲਮ ਨੂੰ ਵਿਵੇਕ ਓਹਰੀ ਨੇ ਪ੍ਰੋਡਿਊਸ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਵਿਚ ਦੇਵ ਖਰੌੜ ਅਤੇ ਅਹਾਨਾ ਢਿੱਲੋਂ ਤੋਂ ਇਲਾਵਾ ਜੰਗ ਬਹਾਦੁਰ ਸਿੰਘ ਅਰਸ਼ ਹੁੰਦਲ ਅਤੇ ਅਸ਼ੀਸ਼ ਦੁੱਗਲ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਇਹ ਫਿਲਮ 3 ਮਈ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ।