
ਉੜੀਆ ਫ਼ਿਲਮ 'ਮੂ ਖਾਂਤੀ ਉੜੀਆ ਝਾ' ਲਈ ਅਵਤਾਰ ਸਿੰਘ ਭੁਰਜੀ ਨੂੰ ਤਿੰਨ ਸੂਬਾ ਪਧਰੀ ਐਵਾਰਡ ਮਿਲ ਚੁਕੇ ਹਨ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਉੜੀਆ ਫਿਲਮ ਨਿਰਦੇਸ਼ਕ ਸ.ਅਵਤਾਰ ਸਿੰਘ ਭੁਰਜੀ ਦੇ ਫ਼ਿਲਮਾਂ ਵਿਚ ਯੋਗਦਾਨ ਲਈ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ ਨੇ ਦਿੱਲੀ ਪੁੱਜੇ ਸ.ਭੁਰਜੀ, ਜੋ ਵਿਰਾਸਤ ਸਿਖਿਜ਼ਮ ਟਰੱਸਟ ਦੇ ਕਾਰਜਕਾਰਨੀ ਮੈਂਬਰ ਵੀ ਹਨ, ਨੂੰ ਸਨਮਾਨਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਫ਼ਿਲਮਾਂ ਵਿਚ ਨਾਮਣਾ ਖੱਟ ਕੇ ਪੰਜਾਬੀਆਂ ਦਾ ਨਾਂਅ ਰੌਸ਼ਨ ਕੀਤਾ ਹੈ।
ਟਰੱਸਟ ਦੇ ਚੇਅਰਮੈਨ ਸ.ਰਜਿੰਦਰ ਸਿੰਘ ਨੇ ਦਸਿਆ ਸ. ਅਵਤਾਰ ਸਿੰਘ ਭੁਰਜੀ ਤਿੰਨ ਦਹਾਕਿਆਂ ਤੋਂ ਫ਼ਿਲਮਾਂ ਦੇ ਪਿੜ ਵਿਚ ਕਾਰਜ ਕਰ ਰਹੇ ਹਨ ਤੇ ਉਨ੍ਹਾਂ 8 ਉੜੀਆ ਫ਼ਿਲਮਾਂ, ਕਈ ਛੋਟੀਆਂ ਫ਼ਿਲਮਾਂ ਅਤੇ ਟੀਵੀ ਲੜੀਵਾਰ ਬਣਾਏ ਹਨ। ਉੜੀਆ ਫ਼ਿਲਮ 'ਮੂ ਖਾਂਤੀ ਉੜੀਆ ਝਾ' ਲਈ ਉਨ੍ਹਾਂ ਨੂੰ ਤਿੰਨ ਸੂਬਾ ਪਧਰੀ ਐਵਾਰਡ ਮਿਲ ਚੁਕੇ ਹਨ। ਮੌਕੇ 'ਤੇ ਦਿੱਲੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਸ.ਵਿਕਰਮ ਸਿੰਘ ਰੋਹਿਣੀ ਨੇ ਸ.ਭੁਰਜੀ ਨੂੰ ਸਿੱਖ ਵਿਰਸੇ ਬਾਰੇ ਵੀ ਫ਼ਿਲਮ ਬਣਾਉਣ ਦਾ ਸੁਝਾਅ ਦਿਤਾ। ਟਰੱਸਟ ਦੇ ਮੈਂਬਰ ਸ.ਜਤਿੰਦਰ ਸਿੰਘ ਸੇਠੀ ਤੇ ਸ.ਹਰਮਿੰਦਰ ਸਿੰਘ ਹੈਰੀ ਵੀ ਹਾਜ਼ਰ ਸਨ।