
ਆਦਿਪੁਰੁਸ਼ ਨੇ ਤਿੰਨ ਦਿਨਾਂ ਅੰਦਰ 340 ਕਰੋੜ ਦੀ ਕਮਾਈ ਕੀਤੀ
ਲਖਨਊ/ਵਾਰਾਣਸੀ: ਫ਼ਿਲਮ ‘ਆਦਿਪੁਰੁਸ਼’ ਨੂੰ ਲੈ ਕੇ ਵਧਦੇ ਵਿਵਾਦ ਵਿਚਕਾਰ ਲੋਕਾਂ ਦੇ ਇਕ ਸਮੂਹ ਨੇ ਵਾਰਾਣਸੀ ’ਚ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਫ਼ਿਲਮ ਦੇ ਪੋਸਟਰ ਪਾੜ ਦਿਤੇ, ਜਦਕਿ ਹਿੰਦੂ ਮਹਾਸਭਾ ਨੇ ਸੋਮਵਾਰ ਨੂੰ ਇਸ ਦ ਨਿਰਮਾਤਾਵਾਂ ਵਿਰੁਧ ਲਖਨਊ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ। ਸਮਾਜਵਾਦੀ ਪਾਰਟੀ ਨੇ ਕਿਹਾ ਕਿ ਸ਼ਰਧਾਲੂਆਂ ਦੇ ਮਨਾਂ ਨੂੰ ਫਿਲਮ ਦੇ ‘ਹੋਛੇ ਡਾਇਲਾਗਾਂ’ ਤੋਂ ਢਾਹ ਲੱਗੀ ਹੈ ਅਤੇ ਫ਼ਿਲਮ ਇਕ ‘ਏਜੰਡੇ’ ਦਾ ਹਿੱਸਾ ਸੀ।
ਇਹ ਵੀ ਪੜ੍ਹੋ: ਗੁਰਬਾਣੀ ਪ੍ਰਸਾਰਣ ਦੇ ਮੁੱਦੇ 'ਤੇ ਸਿਆਸਤ ਨਹੀਂ ਸਗੋਂ ਸਰਕਾਰ ਦੇ ਫ਼ੈਸਲੇ ਦੀ ਸ਼ਲਾਘਾ ਕਰਨੀ ਚਾਹੀਦੀ-ਬਲਜੀਤ ਸਿੰਘ ਦਾਦੂਵਾਲ
ਫ਼ਿਲਮ ‘ਆਦਿਪੁਰੁਸ਼’ ਦੇ ਮਰਿਆਦਾਹੀਣ ਡਾਇਲਾਗ ਅਤੇ ਚਰਿੱਤਰ ਚਿਤਰਣ ਨੂੰ ਲੈ ਕੇ ਇਕ ਹਿੰਦੂ ਜਥੇਬੰਦੀ ਦੇ ਕਾਰਕੁਨਾਂ ਨੇ ਵਾਰਾਣਸੀ ਦੇ ਸਿਗਰਾ ਸਥਿਤ ਆਈ.ਪੀ. ਮੌਲ ’ਤੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਫ਼ਿਲਮ ਦੇ ਪੋਸਟਰ ਪਾੜ ਦਿਤੇ। ਦੂਜੇ ਪਾਸੇ ਰਾਜਧਾਨੀ ਲਖਨਊ ’ਚ ਹਿੰਦੂ ਮਹਾਸਭਾ ਦੇ ਅਹੁਦੇਦਾਰਾਂ ਨੇ ਹਜ਼ਰਤਗੰਜ ਥਾਣੇ ’ਚ ਤਹਿਰੀਰ ਦੇ ਕੇ ਫ਼ਿਲਮ ਦੇ ਅਦਾਕਾਰਾਂ, ਨਿਰਮਾਤਾ ਅਤੇ ਨਿਰਦੇਸ਼ਕ ਵਿਰੁਧ ਐਫ਼.ਆਈ.ਆਰ. ਰਜਿਸਟਰਡ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ, ਅਜੇ ਤਕ ਐਫ਼.ਆਈ.ਆਰ. ਦਰਜ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਦੋਸਤਾਂ ਨਾਲ ਨਹਿਰ ’ਚੋਂ ਮੱਛੀਆਂ ਫੜਨ ਗਿਆ ਨੌਜਵਾਨ ਡੁੱਬਿਆ, ਮੌਤ
ਇਕ ਹਿੰਦੂ ਜਥੇਬੰਦੀ ਦੇ ਆਗੂ ਹੇਮੰਤ ਰਾਜ ਨੇ ਦਸਿਆ ਕਿ ਸੋਮਵਾਰ ਨੂੰ ਦਰਜਨਾਂ ਦੀ ਗਿਣਤੀ ’ਚ ਨੌਜੁਆਨ ਭਾਰਤ ਮਾਤਾ ਮੰਦਰ ’ਚ ਇਕੱਠੇ ਹੋਏ ਅਤੇ ਉਥੋਂ ਜਲੂਸ ਬਣਾ ਕੇ ਸਿਗਰਾ ਸਥਿਤ ਆਈ.ਭੀ. ਮੌਲ ਪੁੱਜੇ। ਉਨ੍ਹਾਂ ਕਿਹਾ ਕਿ ਨੌਜੁਆਨਾਂ ਨੇ ਉਥੇ ਫ਼ਿਲਮ ਦਾ ਪੋਸਟਰ ਪਾੜ ਦਿਤਾ, ਨਾਹਰੇਬਾਜ਼ੀ ਕੀਤੀ ਅਤੇ ਫ਼ਿਲਮ ਨੂੰ ਬੰਦ ਕਰਨ ਦੀ ਮੰਗ ਕੀਤੀ।
ਨੌਜੁਆਨਾਂ ਨੇ ‘ਆਦਿਪੁਰੁਸ਼’ ਫ਼ਿਲਮ ਨੂੰ ਨਾ ਵੇਖਣ ਦੀ ਲੋਕਾਂ ਨੂੰ ਅਪੀਲ ਕੀਤੀ ਅਤੇ ਪਰਚੇ ਵੰਡੇ। ਨੌਜੁਆਨ ਮੌਲ ’ਚ ਦਾਖ਼ਲ ਹੋਣਾ ਚਾਹੁੰਦੇ ਸਨ ਪਰ ਉਥੇ ਮਜੂਦ ਪੁਲਿਸ ਫ਼ੋਰਸ ਨੇ ਉਨ੍ਹਾਂ ਨੂੰ ਰੋਕ ਦਿਤਾ। ਨੌਜੁਆਨਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਫ਼ਿਲਮ ਬਣਾ ਕੇ ਉਨ੍ਹਾਂ ਦੇ ਧਰਮ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਜਿਸ ਨੂੰ ਉਹ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਉੱਤਰ ਪ੍ਰਦੇਸ਼ ਸਰਕਾਰ ਤੁਰਤ ਇਸ ਫ਼ਿਲਮ ’ਤੇ ਪਾਬੰਦੀ ਲਾਏ।
ਰਾਜਧਾਨੀ ਲਖਨਊ ’ਚ ਕੁਲ ਭਾਰਤੀ ਹਿੰਦੂ ਮਹਾਸਭਾ ਦੇ ਬੁਲਾਰੇ ਸ਼ਿਸ਼ਿਰ ਚਤੁਰਵੇਦੀ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਹਜ਼ਰਤਗੰਜ ਪੁਲਿਸ ਥਾਣੇ ’ਚ ਤਹਿਰੀਰ ਦੇ ਕੇ ਫ਼ਿਲਮ ਦੇ ਅਦਾਕਾਰਾਂ ਅਤੇ ਫ਼ਿਲਮ ਦੇ ਨਿਰਮਾਤਾ-ਨਿਰਦੇਸ਼ਕ ਵਿਰੁਧ ਐਫ਼.ਆਈ.ਆਰ. ਦਰਜ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦਾ ਚਿਤਰਣ ਗ਼ਲਤ ਹੈ ਅਤੇ ਕਲਾਕਾਰਾਂ ਦੇ ਕਪੜੇ ਸਹੀ ਨਹੀਂ। ਇਸ ਦੇ ਡਾਇਲਾਗ ਇਤਰਾਜ਼ਯੋਗ ਹਨ। ਉਨ੍ਹਾਂ ਕਿਹਾ ਕਿ ਅਸਲ ਰਾਮਾਇਣ ਦੀ ਗ਼ਲਤ ਪੇਸ਼ਕਾਰੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ‘ਆਦਿਪੁਰੁਸ਼’ ਨੂੰ ਦੇਸ਼ ਭਰ ’ਚ ਹਿੰਦੀ, ਤੇਲੁਗੂ, ਕੰਨੜ, ਮਲਿਆਲਮ ਅਤੇ ਤਮਿਲ ਭਾਸ਼ਾਵਾਂ ’ਚ ਰਿਲੀਜ਼ ਕੀਤਾ ਗਿਆ। ਫ਼ਿਲਮ ’ਚ ਅਦਾਕਾਰ ਪ੍ਰਭਾਸ ਨੇ ਭਗਵਾਨ ਰਾਮ ਦੀ, ਕ੍ਰਿਤੀ ਸੇਨਨ ਨੇ ਸੀਤਾ ਅਤੇ ਸੈਫ਼ ਅਲੀ ਖ਼ਾਨ ਨੇ ਰਾਵਣ ਦੀ ਭੂਮਿਕਾ ਨਿਭਾਈ ਹੈ। ਓਮ ਰਾਊਤ ਵਲੋਂ ਨਿਰਦੇਸ਼ਿਤ ਅਤੇ ਟੀ-ਸੀਰੀਜ਼ ਵਲੋਂ ਬਣਾਈ ਗਈ ਵੱਡੇ ਬਜਟ ਵਾਲੀ ਇਸ ਫ਼ਿਲਮ ਦੇ ਖ਼ਰਾਬ ਡਾਇਲਾਗਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇਸ ਦੀ ਆਲੋਚਨਾ ਹੋ ਰਹੀ ਹੈ। ਹਾਲਾਂਕਿ ਫ਼ਿਲਮ ਦੇ ਨਿਰਮਾਤਾਵਾਂ ਨੇ ਦਾਅਵਾ ਕੀਤਾ ਹੈ ਕਿ ਫ਼ਿਲਮ ਹਰ ਉਮਰ ਦੇ ਲੋਕਾਂ ਨੂੰ ਪਸੰਦ ਆ ਰਹੀ ਹੈ ਅਤੇ ਰਿਲੀਜ਼ ਤੋਂ ਬਾਅਦ ਤਿੰਨ ਦਿਨਾਂ ਦੌਰਾਨ ਫ਼ਿਲਮ ਨੇ 340 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਕਾਠਮੰਡੂ ਅਤੇ ਪੋਖਰਾ ’ਚ ਹਿੰਦੀ ਫ਼ਿਲਮਾਂ ਦੇ ਪ੍ਰਦਰਸ਼ਨ ’ਤੇ ਪਾਬੰਦੀ
ਕਾਠਮੰਡੂ: ‘ਆਦਿਪੁਰੁਸ਼’ ਦੇ ਡਾਇਲਾਗਾਂ ਨੂੰ ਲੈ ਕੇ ਉੱਠੇ ਵਿਵਾਦ ਅਤੇ ਫ਼ਿਲਮ ’ਚ ਸੀਤਾ ਦਾ ਜ਼ਿਕਰ ‘ਭਾਰਤ ਦੀ ਬੇਟੀ’ ਦੇ ਰੂਪ ’ਚ ਕੀਤੇ ਜਾਣ ਤੋਂ ਬਾਅਦ ਨੇਪਾਲ ਦੀ ਰਾਜਧਾਨੀ ਕਾਠਮੰਡੂ ਅਤੇ ਪੋਖਰਾ ਸ਼ਹਿਰ ’ਚ ‘ਆਦਿਪੁਰੁਸ਼’ ਸਮੇਤ ਸਾਰੀਆਂ ਹਿੰਦੀ ਫ਼ਿਲਮਾਂ ਦੇ ਪ੍ਰਦਰਸ਼ਨ ’ਤੇ ਰੋਕ ਲਾ ਦਿਤੀ ਗਈ ਹੈ।
ਕਾਠਮੰਡੂ ਦੇ 17 ਸਿਨੇਮਾਘਰਾਂ ਅੰਦਰ ਇਸ ਦੇ ਮੱਦੇਨਜ਼ਰ ਪੁਲਿਸ ਵਾਲਿਆਂ ਨੂੰ ਤੈਨਾਤ ਕੀਤਾ ਗਿਆ ਹੈ, ਤਾਕਿ ਇਹ ਯਕੀਨੀ ਕੀਤਾ ਜਾ ਸਕਦੇ ਕਿ ਇਥੇ ਕੋਈ ਹਿੰਦੀ ਫ਼ਿਲਮ ਨਾ ਵਿਖਾਈ ਜਾਵੇ। ਜ਼ਿਕਰਯੋਗ ਹੈ ਕਿ ਲੋਕਾਂ ਦਾ ਮੰਨਣਾ ਹੈ ਕਿ ਸੀਤਾ ਦਾ ਜਨਮ ਨੇਪਾਲ ਦੇ ਜਨਕਪੁਰ ’ਚ ਹੋਇਆ ਸੀ। )