
ਵਿਵੇਕ ਨੇ ਐਸ਼ਵਰਿਆ ਬਾਰੇ ਇਕ ਵਿਵਾਦਤ ਤਸਵੀਰ ਸ਼ੇਅਰ ਕੀਤੀ ਸੀ
ਨਵੀਂ ਦਿੱਲੀ : ਐਗਜ਼ਿਟ ਪੋਲ ਨੂੰ ਲੈ ਕੇ ਬਾਲੀਵੁਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਬਾਰੇ ਸੋਮਵਾਰ ਨੂੰ ਇਕ ਤਸਵੀਰ ਸ਼ੇਅਰ ਕਰ ਕੇ ਵਿਵਾਦਾਂ 'ਚ ਘਿਰੇ ਬਾਲੀਵੁਡ ਅਦਾਕਾਰ ਵਿਵੇਕ ਓਬਰਾਏ ਨੇ ਅੱਜ ਮਾਫ਼ੀ ਮੰਗ ਲਈ। ਵਿਵੇਕ ਨੇ ਆਪਣੇ ਟਵਿਟਰ ਹੈਂਡਲ ਤੋਂ ਜਿਹੜੀ ਪੋਸਟ ਸ਼ੇਅਰ ਕੀਤੀ ਸੀ, ਉਹ ਵੀ ਡਿਲੀਟ ਕਰ ਦਿੱਤੀ ਹੈ। ਆਪਣੇ ਇਕ ਨਵੇਂ ਟਵੀਟ 'ਚ ਵਿਵੇਕ ਨੇ ਲਿਖਿਆ ਹੈ ਕਿ ਜੇ ਮੇਰੀ ਪੋਸਟ ਨਾਲ ਕਿਸੇ ਨੂੰ ਦੁੱਖ ਪੁੱਜਾ ਹੈ ਤਾਂ ਮੈਂ ਮਾਫ਼ੀ ਚਾਹੁੰਦਾ ਹਾਂ। ਟਵੀਟ ਡਿਲੀਟ ਕਰ ਦਿੱਤਾ ਹੈ।
Even if one woman is offended by my reply to the meme, it calls for remedial action. Apologies?? tweet deleted.
— Vivek Anand Oberoi (@vivekoberoi) 21 May 2019
ਵਿਵੇਕ ਨੇ ਮੰਗਲਵਾਰ ਨੂੰ ਟਵੀਟ ਡਿਲੀਟ ਕਰਨ ਮਗਰੋਂ ਦੋ ਨਵੇਂ ਟਵੀਟ ਕੀਤੇ ਹਨ। ਪਹਿਲੇ ਟਵੀਟ 'ਚ ਉਨ੍ਹਾਂ ਨੇ ਲਿਖਿਆ, "ਕਈ ਵਾਰ ਜੋ ਫਨੀ ਅਤੇ ਕਿਸੇ ਨੂੰ ਸੱਟ ਨਾ ਪਹੁੰਚਾਉਣ ਵਾਲਾ ਲੱਗਦਾ ਹੈ, ਹੋ ਸਕਦਾ ਹੈ ਉਂਜ ਦੂਜਿਆਂ ਨੂੰ ਨਾ ਲੱਗੇ। ਮੈਂ 10 ਸਾਲ ਤਕ ਲਗਭਗ 2000 ਲੜਕੀਆਂ ਦੇ ਵਧੀਆ ਭਵਿੱਖ ਲਈ ਕੰਮ ਕੀਤਾ ਹੈ। ਮੈਂ ਕਿਸੇ ਔਰਤ ਨੂੰ ਅਪਮਾਨਤ ਕਰਨ ਬਾਰੇ ਕਦੇ ਨਹੀਂ ਸੋਚ ਸਕਦਾ।" ਦੂਜੇ ਟਵੀਟ 'ਚ ਵਿਵੇਕ ਨੇ ਲਿਖਿਆ, "ਮੇਰੀ ਪੋਸਟ ਨਾਲ ਜੇ ਕਿਸੇ ਔਰਤ ਦੀਆਂ ਭਾਵਨਾਵਾਂ ਨੂੰ ਸੱਟ ਲੱਗੀ ਹੈ ਤਾਂ ਮੈਂ ਮਾਫ਼ੀ ਚਾਹੁੰਦਾ ਹਾਂ। ਟਵੀਟ ਡਿਲੀਟਿਡ।"
Vivek Oberoi tweet
ਕੀ ਹੈ ਪੂਰਾ ਮਾਮਲਾ :
ਸੋਮਵਾਰ ਨੂੰ ਵਿਵੇਕ ਓਬਰਾਏ ਨੇ ਆਪਣੇ ਟਵੀਟਰ ਹੈਂਡਲ ਤੋਂ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਸਲਮਾਨ ਖ਼ਾਨ, ਐਸ਼ਵਰਿਆ ਰਾਏ ਬੱਚਨ, ਅਭਿਸ਼ੇਅ ਅਤੇ ਅਰਾਧਿਆ ਦੀਆਂ ਤਿੰਨ ਤਸਵੀਰਾਂ ਸਨ। ਸਲਮਾਨ-ਐਸ਼ਵਰਿਆ ਵਾਲੀ ਤਸਵੀਰ ਉਤੇ 'ਓਪੀਨੀਅਨ ਪੋਲ' ਲਿਖਿਆ ਸੀ। ਐਸ਼ਵਰਿਆ-ਵਿਵੇਕ ਦੀ ਤਸਵੀਰ 'ਤੇ 'ਐਗਜ਼ਿਟ ਪੋਲ' ਲਿਖਿਆ ਸੀ, ਜਦਕਿ ਅਭਿਸ਼ੇਕ-ਅਰਾਧਿਆ ਅਤੇ ਐਸ਼ਵਰਿਆ ਦੀ ਤਸਵੀਰ 'ਤੇ 'ਰਿਜ਼ਲਟ' ਲਿਖਿਆ ਸੀ। ਬਹੁਤੇ ਲੋਕਾਂ ਨੇ ਇਸ 'ਤੇ ਇਤਰਾਜ਼ ਪ੍ਰਗਟਾਇਆ ਹੈ।