
ਆਮਿਰ ਖ਼ਾਨ ਨੇ ਗੁਰਦਵਾਰਾ ਸ਼੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਮੱਥਾ ਟੇਕਣ ਤੋਂ ਬਾਅਦ ਛਕਿਆ ਲੰਗਰ
ਚੰਡੀਗੜ੍ਹ : ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਇਸ ਸਮੇਂ ਰੂਪਨਗਰ ਜ਼ਿਲ੍ਹੇ ਦੇ ਸਤਲੁਜ ਦੇ ਕੰਢੇ ਖੇਤਾਂ 'ਚ ਡੇਰਾ ਲਾਈ ਬੈਠੇ ਹਨ। ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਅਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਲਈ ਇਥੇ ਪਹੁੰਚੇ ਹੋਏ ਹਨ।
Laal Singh Chaddha: Aamir Khan
ਆਮਿਰ ਲਈ ਪਿੰਡ ਦੇ ਬਾਹਰ ਖੇਤਾਂ 'ਚ ਸੈੱਟ ਬਣਵਾਇਆ ਗਿਆ ਹੈ। ਆਮਿਰ ਖ਼ਾਨ ਸਮੇਤ ਪੂਰੀ ਟੀਮ ਇਥੇ ਸ਼ੂਟਿੰਗ 'ਚ ਰੁੱਝੀ ਹੋਈ ਹੈ। ਸ਼ੂਟ ਲਈ ਬਣਾਏ ਗਏ ਸੈਟ ਅਤੇ ਲੋਕੇਸ਼ਨ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਮਿਰ ਜਿਮੀਦਾਰ ਵਜੋਂ ਫਸਲ ਦੀ ਨਿਗਰਾਨੀ ਕਰ ਰਹੇ ਹਨ।
Aamir Khan- 'Laal Singh Chaddha'
ਫ਼ਿਲਮ ਪ੍ਰੋਡਕਸ਼ਨ ਕੰਪਨੀ ਨੇ ਪਿੰਡ ਗੜ੍ਹਢੋਲੀਆਂ ਦੇ ਪਿੰਡ 'ਚ ਜ਼ਮੀਨ ਕਿਰਾਏ ਤੇ ਲਈ ਹੈ। ਖੇਤਾਂ ਦੇ ਵਿਚਕਾਰ ਹਵੇਲੀ ਵਾਂਗ ਇਕ ਘਰ ਬਣਾਇਆ ਹੋਇਆ ਹੈ। ਜਿਸ ਦੇ ਬਾਹਰ ਇਕ ਟਰੈਕਟਰ ਖੜਾ ਹੈ। ਪਾਪੂਲਰ ਦੇ ਦਰੱਖਤ ਸੈੱਟ ਦੇ ਪਿੱਛੇ ਲਗੇ ਹਨ।
ਪ੍ਰੋਡਕਸ਼ਨ ਯੂਨਿਟ ਨਾਲ ਜੁੜੇ ਲੋਕਾਂ ਦੇ ਅਨੁਸਾਰ, ਰੂਪਨਗਰ ਪਿੰਡ 'ਚ ਸ਼ੂਟ ਕੀਤੇ ਜਾ ਰਹੇ ਦ੍ਰਿਸ਼ਾਂ ਦੀ ਸ਼ੂਟਿੰਗ ਹਿਮਾਚਲ 'ਚ ਕੀਤੀ ਜਾਣੀ ਸੀ, ਪਰ ਜਗ੍ਹਾ ਦੀਆਂ ਸਮੱਸਿਆਵਾਂ ਕਾਰਨ ਬਾਅਦ 'ਚ ਸ਼ੂਟਿੰਗ ਲਈ ਰੂਪਨਗਰ 'ਚ ਜਗ੍ਹਾ ਦੀ ਚੋਣ ਕੀਤੀ ਗਈ ਹੈ। ਆਮਿਰ ਖ਼ਾਨ ਨੇ ਸ਼ੂਟ ਲਈ ਅਪਣੀ ਦਾੜ੍ਹੀ ਵਧਾ ਲਈ ਹੈ। ਸਿਰ 'ਤੇ ਦਸਤਾਰ ਦੇਖ ਕੇ ਕੋਈ ਵੀ ਉਨ੍ਹਾਂ ਨੂੰ ਛੇਤੀ ਨਹੀਂ ਪਛਾਣ ਸਕਦਾ ਕਿ ਇਹ ਆਮਿਰ ਖ਼ਾਨ ਹੈ।
Aamir Khan
ਆਮਿਰ ਖਾਨ ਸ਼ੂਟਿੰਗ ਤੋਂ ਸਮਾਂ ਕੱਢ ਕੇ ਇਤਿਹਾਸਕ ਗੁਰਦਵਾਰਾ ਸ਼੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਪਹੁੰਚੇ। ਉਨ੍ਹਾਂ ਨੇ ਇਥੇ ਮੱਥਾ ਟੇਕਿਆ ਤੇ ਡੇਢ ਤੋਂ ਦੋ ਘੰਟੇ ਗੁਰਦਵਾਰਾ ਸਾਹਿਬ 'ਚ ਰਹੇ ਅਤੇ ਇਸ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ।
ਆਮਿਰ ਨੇ ਗੁਰੂਦੁਆਰਾ ਸਾਹਿਬ ਵਿਚ ਹੀ ਲੰਗਰ ਛਕਿਆ। ਕਥਾਵਾਚਕ ਭਾਈ ਪਵਿੱਤਰ ਸਿੰਘ ਨੇ ਆਮਿਰ ਦੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਦੀ ਸਫਲਤਾ ਲਈ ਅਰਦਾਸ ਦੀ ਪੇਸ਼ਕਸ਼ ਕੀਤੀ। ਗੁਰਦੁਆਰਾ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਜਿੰਦਵੜੀ ਅਤੇ ਰਿਕਾਰਡ ਕੀਪਰ ਗੁਰਮੀਤ ਸਿੰਘ ਨੇ ਆਮਿਰ ਨੂੰ ਸਿਰੋਪਾਓ ਭੇਟ ਕੀਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।