
ਸੁਸ਼ਾਂਤ ਸਿੰਘ ਦੀ ਮੌਤ ਦੇ ਮਾਮਲੇ ਨੂੰ ਮੁੰਬਈ ਪੁਲਿਸ ਕੋਲੋਂ ਲੈ ਕੇ ਸੀਬੀਆਈ ਨੂੰ ਸੌਂਪੇ ਜਾਣ ਦੀ ਮੰਗ ਕਰਨ ਵਾਲੀ ਪੀਆਈਐਲ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨੂੰ ਮੁੰਬਈ ਪੁਲਿਸ ਕੋਲੋਂ ਲੈ ਕੇ ਸੀਬੀਆਈ ਨੂੰ ਸੌਂਪੇ ਜਾਣ ਦੀ ਮੰਗ ਕਰਨ ਵਾਲੀ ਪੀਆਈਐਲ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਮੁੰਬਈ ਪੁਲਿਸ ਨੂੰ ਅਪਣਾ ਕੰਮ ਕਰਨ ਦੇਣਾ ਚਾਹੀਦਾ ਹੈ।
CBI
ਚੀਫ਼ ਜਸਟਿਸ ਐਸਏ ਬੋਬੜੇ, ਜਸਟਿਸ ਏ ਐਸ ਬੋਪਨਾ ਅਤੇ ਰਾਮਾ ਸੁਬਰਾਮਨੀਅਮ ਦੀ ਬੈਂਚ ਨੇ ਕਿਹਾ, ‘ਮੁੰਬਈ ਪੁਲਿਸ ਨੂੰ ਉਸ ਦਾ ਕੰਮ ਕਰਨ ਦੇਣਾ ਚਾਹੀਦਾ ਹੈ ਅਤੇ ਜੇਕਰ ਕੁਝ ਹੈ ਤਾਂ ਫਿਰ ਮੁੰਬਈ ਹਾਈ ਕੋਰਟ ਵਿਚ ਪਟੀਸ਼ਨ ਦਰਜ ਕੀਤੀ ਜਾਣੀ ਚਾਹੀਦੀ ਹੈ’। ਅਲਕਾ ਪ੍ਰੀਆ ਵੱਲੋਂ ਸੁਪਰੀਮ ਕੋਰਟ ਵਿਚ ਦਰਜ ਕੀਤੀ ਗਈ ਪਟੀਸ਼ਨ ਵਿਚ ਮੰਗ ਕੀਤੀ ਗਈ ਸੀ ਕਿ ਸੁਸ਼ਾਂਤ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਣੀ ਚਾਹੀਦੀ ਹੈ।
Rhea Chakraborty and Sushant Singh Rajput
ਸੁਣਵਾਈ ਦੌਰਾਨ ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ, ‘ਜੇਕਰ ਤੁਹਾਡੇ ਕੋਲ ਕੋਈ ਠੋਸ ਸਬੂਤ ਹੈ ਤਾਂ ਫਿਰ ਮੁੰਬਈ ਹਾਈ ਕੋਰਟ ਜਾਓ’। ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਅਪਣੇ ਮੁੰਬਈ ਸਥਿਤ ਘਰ ਵਿਖੇ ਆਤਮ ਹੱਤਿਆ ਕਰ ਲਈ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Sushant Singh Rajput
ਇਸ ਮਾਮਲੇ ਵਿਚ ਮੁੰਬਈ ਪੁਲਿਸ ਨੇ ਮਹੇਸ਼ ਭੱਟ, ਕਰਨ ਜੌਹਰ ਦੇ ਸੀਈਓ ਸਮੇਤ ਕਈ ਮਸ਼ਹੂਰ ਹਸਤੀਆਂ ਦੇ ਬਿਆਨ ਦਰਜ ਕੀਤੇ ਹਨ। ਉੱਥੇ ਹੀ ਆਉਣ ਵਾਲੇ ਦਿਨਾਂ ਵਿਚ ਹੋਰ ਅਦਾਕਾਰ-ਅਦਾਕਾਰਾਂ ਕੋਲੋਂ ਪੁੱਛਗਿੱਛ ਹੋ ਸਕਦੀ ਹੈ। ਦੇਸ਼ ਭਰ ਵਿਚ ਸੁਸ਼ਾਂਤ ਸਿੰਘ ਦੇ ਫੈਨਜ਼ ਉਹਨਾਂ ਦੀ ਮੌਤ ਦੇ ਮਾਮਲੇ ਵਿਚ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਵੀ ਮਾਮਲੇ ਨੂੰ ਸੀਬੀਆਈ ਨੂੰ ਸੌਂਪਣ ਦੀ ਮੰਗ ਕਰ ਚੁੱਕੇ ਹਨ।
Subramanian Swamy and Sushant Singh Rajput
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਵਿਚ ਉਹਨਾਂ ਦੇ ਪਿਤਾ ਕੇਕੇ ਸਿੰਘ ਵੱਲੋਂ ਪਟਨਾ ਵਿਚ ਅਦਾਕਾਰਾ ਰਿਆ ਚੱਕਰਵਰਤੀ ਖਿਲਾਫ ਐਫਆਈਆਰ ਦਰਜ ਕਰਵਾਏ ਜਾਣ ਤੋਂ ਬਾਅਦ ਰਿਆ ਨੇ ਵੀ ਸੁਪਰੀਮ ਕੋਰਟ ਵੱਲ ਰੁਖ ਕੀਤਾ ਹੈ। ਰਿਆ ਨੇ ਬੁੱਧਵਾਰ ਨੂੰ ਅਪਣੇ ਵਕੀਲ ਜ਼ਰੀਏ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਰਜ ਕੀਤੀ ਹੈ, ਜਿਸ ਦੇ ਜ਼ਰੀਏ ਉਹਨਾਂ ਨੇ ਜਾਂਚ ਨੂੰ ਬਿਹਾਰ ਤੋਂ ਮੁੰਬਈ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਹੈ।