
ਪਤੀਆਂ ਦੀ ਜ਼ਿੰਦਗੀ ਬਿਆਨ ਕਰਦਾ ‘ਨੌਕਰ ਵਹੁਟੀ ਦਾ’ ਦਾ ਟਾਈਟਲ ਟਰੈਕ
ਜਲੰਧਰ: ਪੰਜਾਬੀ ਇੰਡਸਟਰੀ ਅਤੇ ਕਮੇਡੀ ਦੇ ਮਾਲਕ ਬਿੰਨੂ ਢਿੱਲੋਂ ਦੀ ਫ਼ਿਲਮ ਨੌਕਰ ਵਹੁਟੀ ਦਾ ਜਲਦ ਹੀ ਦਰਸ਼ਕਾਂ ਦੇ ਰੂਬਰੂ ਹੋਵੇਗੀ। ਇਸ ਫ਼ਿਲਮ ਵਿਚ ਕੁਲਰਾਜ ਰੰਧਾਵਾ ਵੀ ਨਜ਼ਰ ਆਵੇਗੀ। ਫ਼ਿਲਮ ਨੂੰ ਲੈ ਕੇ ਲੋਕਾਂ ਵਿਚ ਬਹੁਤ ਉਤਸੁਕਤਾ ਬਣੀ ਹੋਈ ਹੈ। ਖ਼ਾਸ ਕਰ ਕੇ ਵਿਆਹੇ ਹੋਏ ਲੋਕਾਂ ਵਿਚ। ਇਸ ਫ਼ਿਲਮ ਦਾ ਟਾਈਟਲ ਟਰੈਕ ਦਰਸ਼ਕਾਂ ਦੀ ਝੋਲੀ ਵਿਚ ਪੈ ਚੁੱਕਿਆ ਹੈ। ਗਿੱਪੀ ਗਰੇਵਾਲ ਨੇ ‘ਨੌਕਰ ਵਹੁਟੀ ਦਾ’ ਗਾਣੇ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਇਸ ਗਾਣੇ ਦੇ ਬੋਲ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਤੇ ਮਿਊਜ਼ਿਕ ਗੁਰਮੀਤ ਸਿੰਘ ਵੱਲੋਂ ਦਿੱਤਾ ਗਿਆ ਹੈ। ਗਾਏ ਨੂੰ ਟੀਵੀ ਉੱਤੇ ਪੀਟੀਸੀ ਚੱਕਦੇ ਤੇ ਪੀਟੀਸੀ ਪੰਜਾਬੀ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਇਸ ਗਾਣੇ ‘ਚ ਦੁਨੀਆ ਦੇ ਹਰ ਮਰਦ ਦੇ ਦਿਲ ਦੇ ਦਰਦ ਨੂੰ ਬੜੀ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਗਿਆ ਹੈ। ਇਸ ਗਾਣੇ ਨੂੰ ਯੂ ਟਿਊਬ ਉੱਤੇ ਟੀ-ਸੀਰੀਜ਼ ਦੇ ਚੈਨਲ ਉੱਤੇ ਵੀ ਦੇਖਿਆ ਜਾ ਸਕਦਾ ਹੈ।
ਬਿਨੂੰ ਢਿਲੋਂ ਦਾ ਇਸ ਫ਼ਿਲਮ ਵਿਚ ਨਾਮ ਸ਼ਿਵਇੰਦਰ ਹੈ। ਸ਼ਿਵਇੰਦਰ ਇਕ ਪਰਵਾਰਕ ਵਿਅਕਤੀ ਹੈ ਅਤੇ ਉਹ ਇਕ ਗੀਤਕਾਰ ਬਣਨਾ ਚਾਹੁੰਦਾ ਹੈ। ਉਸ ਦੀ ਪਤਨੀ ਚਾਹੁੰਦੀ ਹੈ ਕਿ ਉਹ ਦੋਵਾਂ ਵਿਚੋਂ ਇਕ ਨੂੰ ਚੁਣੇ ਕਿਉਂ ਕਿ ਉਹ ਲੰਮੇ ਤੱਕ ਦੋਵੇਂ ਨਹੀਂ ਟਿਕ ਸਕਦੇ। ਪਰ ਇਸ ਤੋਂ ਪਹਿਲਾਂ ਕਿ ਸ਼ਿਵਇੰਦਰ ਦੋਵਾਂ ਵਿਚੋਂ ਕਿਸੇ ਇਕ ਦੀ ਚੋਣ ਕਰਦਾ ਉਸ ਦੀ ਪਤਨੀ ਪਹਿਲਾਂ ਹੀ ਛੱਡ ਦਿੰਦੀ ਹੈ ਅਤੇ ਅਪਣੀ ਬੇਟੀ ਮੰਨਤ ਨੂੰ ਨਾਲ ਲੈ ਕੇ ਅਪਣੇ ਮਾਤਾ ਪਿਤਾ ਦੇ ਘਰ ਚਲੀ ਜਾਂਦੀ ਹੈ। ਜਦੋਂ ਉਸ ਦਾ ਸਹੁਰਾ ਪਰਵਾਰ ਉਸ ਨੂੰ ਅਪਣੇ ਘਰ ਨਹੀਂ ਰੱਖਦਾ ਤਾਂ ਉਹ ਡ੍ਰਾਈਵਰ ਬਣ ਕੇ ਜਾਂਦਾ ਹੈ।
ਇਹ ਫ਼ਿਲਮ ਇਕ ਫ਼ੈਮਿਲੀ ਡਰਾਮਾ ਹੈ ਅਤੇ ਇਸ ਇਸ ਫ਼ਿਲਮ ਵਿਚ ਕਾਮੇਡੀ ਵੀ ਬਹੁਤ ਹੈ। ਪੰਜਾਬੀ ਫ਼ਿਲਮੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਸਮੀਪ ਕੰਗ ਵੱਲੋਂ ਹੀ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ।ਰੋਹਿਤ ਕੁਮਾਰ, ਸੰਜੀਵ ਕੁਮਾਰ, ਰੁਚੀ ਅਤੇ ਆਸ਼ੂ ਮੁਨੀਸ਼ ਸਾਹਨੀ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ।ਇਹ ਫ਼ਿਲਮ 23 ਅਗਸਤ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ। ਇਸ ਫ਼ਿਲਮ ‘ਚ ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ,ਕੁਲਰਾਜ ਰੰਧਾਵਾ ਅਤੇ ਉਪਾਸਨਾ ਸਿੰਘ ਵਰਗੇ ਕਲਾਕਾਰ ਨਜ਼ਰ ਆਉਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।