
ਸਮੱਗਰੀ ਨੂੰ ਲੈ ਕੇ ਕਾਪੀਰਾਈਟ ਵਿਵਾਦ ਕਾਰਨ ਹੋਈ ਕਾਰਵਾਈ
ਮਰਹੂਮ ਸਿੱਧੂ ਮੂਸੇਵਾਲਾ ਤੇ CM ਭਗਵੰਤ ਮਾਨ ਨਾਲ ਸੀ ਗਾਣੇ ਦਾ ਸਬੰਧ
ਮੁਹਾਲੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਪੰਜਾਬੀ ਗਾਇਕਾ ਜੈਨੀ ਜੌਹਲ ਦਾ ਨਵਾਂ ਗੀਤ ਯੂਟਿਊਬ 'ਤੇ ਬਲਾਕ ਕਰ ਦਿੱਤਾ ਗਿਆ ਹੈ। ਗੀਤ ਨੂੰ ਬਲਾਕ ਕਰਨ ਦਾ ਕਾਰਨ ਕਾਪੀਰਾਈਟ ਵਿਵਾਦ ਦੱਸਿਆ ਗਿਆ ਹੈ। ਦੱਸ ਦੇਈਏ ਕਿ ਇਸ ਗੀਤ ਨੂੰ ਬਲਾਕ ਹੋਣ ਤੱਕ 2.32 ਲੱਖ ਲੋਕ ਦੇਖ ਚੁੱਕੇ ਹਨ। 8 ਅਕਤੂਬਰ ਨੂੰ ਰਿਲੀਜ਼ ਹੋਏ ਗੀਤ ਨੇ ਪੰਜਾਬ ਦੀ ਸਿਆਸਤ 'ਚ ਹਲਚਲ ਮਚਾ ਦਿੱਤੀ ਹੈ ਕਿਉਂਕਿ ਜੈਨੀ ਜੌਹਲ ਦੇ ਇਸ ਗੀਤ ਦਾ ਟਾਈਟਲ 'ਲੈਟਰ ਟੂ ਸੀ.ਐੱਮ.' ਹੈ । ਇਸ ਗੀਤ 'ਚ ਜੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਸਿੱਧੂ ਦੇ ਕਤਲ ਨੂੰ 4 ਮਹੀਨੇ ਬੀਤ ਚੁੱਕੇ ਹਨ, ਦੱਸੋ ਕਿੱਥੇ ਹੈ ਇਨਸਾਫ?
ਜੈਨੀ ਜੌਹਲ ਦੇ ਇਸ ਨਵੇਂ ਗੀਤ ਦੇ ਬੋਲ ਹਨ- 'ਸਾਡੇ ਘਰ ਉਜੜ ਗਏ, ਤੁਹਾਡੇ ਘਰ ਗੂੰਜਣ ਸ਼ਹਿਨਾਈਆਂ'। ਇਸ ਗੀਤ ਨੂੰ ਖੁਦ ਜੈਨੀ ਜੌਹਲ ਨੇ ਲਿਖਿਆ ਹੈ ਅਤੇ ਇਸ ਦਾ ਸੰਗੀਤ ਪ੍ਰਿੰਸ ਸੱਗੂ ਨੇ ਦਿੱਤਾ ਹੈ। ਜੌਹਲ ਨੇ ਗੀਤ ਦੇ ਬੋਲਾਂ ਵਿੱਚ ਮੂਸੇਵਾਲਾ ਦੀ ਸੁਰੱਖਿਆ ਵਿੱਚ ਕਟੌਤੀ ਬਾਰੇ ਮੀਡੀਆ ਲੀਕ ਦਾ ਮੁੱਦਾ ਵੀ ਚੁੱਕਿਆ ਹੈ। ਇਹ ਗੀਤ 8 ਅਕਤੂਬਰ ਸ਼ਨੀਵਾਰ ਨੂੰ ਹੀ ਯੂਟਿਊਬ 'ਤੇ ਰਿਲੀਜ਼ ਹੋਇਆ ਸੀ ਅਤੇ ਪਹਿਲੇ 11 ਘੰਟਿਆਂ 'ਚ ਹੀ ਇਸ ਨੂੰ 97 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖਿਆ ਸੀ। ਇਸ ਗੀਤ ਨੂੰ ਬਲਾਕ ਹੋਣ ਤੱਕ 2 ਲੱਖ 32 ਹਜ਼ਾਰ 463 ਲੋਕਾਂ ਨੇ ਦੇਖਿਆ ਸੀ। 4.14 ਮਿੰਟ ਦੇ ਇਸ ਗੀਤ ਨੂੰ 47 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਹੈ।
ਗੀਤ ਵਿਚ ਗਾਇਕਾ ਜੈਨੀ ਜੌਹਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਗੁਜਰਾਤ ਦੌਰੇ ਦਾ ਵੀ ਜ਼ਿਕਰ ਕੀਤਾ ਹੈ ਅਤੇ ਕਿਹਾ ਕਿ ਇੰਨਾ ਸਮਾਂ ਬੀਤ ਜਾਣ ਮਗਰੋਂ ਵੀ ਸਿੱਧੂ ਮੂਸੇਵਾਲਾ ਦੇ ਮਾਪੇ ਆਪਣੇ ਪੁੱਤਰ ਦੀ ਯਾਦ 'ਚ ਪਲ-ਪਲ ਮਰ ਰਹੇ ਹਨ ਪਰ ਇਨਸਾਫ਼ ਨਹੀਂ ਮਿਲਿਆ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਰਿਕਾਰਡ ਤੋੜ ਜਿੱਤ ਦਾ ਵੀ ਉਨ੍ਹਾਂ ਦੇ ਗੀਤ ਵਿੱਚ ਜ਼ਿਕਰ ਹੈ।
ਇਸ ਗੀਤ ਨੂੰ ਸੁਣਨ ਤੋਂ ਬਾਅਦ ਸਿੱਧੂ ਦੇ ਫੈਨਜ਼ ਕੁਮੈਂਟ ਕਰ ਰਹੇ ਹਨ ਅਤੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਗਾਇਕਾ ਜੈਨੀ ਜੌਹਲ ਨੇ ਗੀਤ 'ਚ ਸਵਾਲ ਕੀਤਾ ਹੈ ਕਿ ਸਿੱਧੂ ਦੀ ਸੁਰੱਖਿਆ 'ਚ ਕਟੌਤੀ ਕਰ ਕੇ ਲਿਸਟ ਜਨਤਕ ਕਰਨ ਵਾਲਿਆਂ ਦਾ ਖੁਲਾਸਾ ਅਜੇ ਤੱਕ ਕਿਉਂ ਨਹੀਂ ਕੀਤਾ ਗਿਆ? ਗੀਤ ਵਿੱਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੀ ਸਿਹਤ ਅਤੇ ਸੁਰੱਖਿਆ ਬਾਰੇ ਵੀ ਦੱਸਿਆ ਗਿਆ ਹੈ। ਗੈਂਗਸਟਰ ਲਾਰੈਂਸ ਦੇ ਸਾਥੀ ਅਤੇ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਲਈ ਵੀ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਆਪਣੇ ਗੀਤ ਦੇ ਅੰਤ 'ਚ ਜੈਨੀ ਜੌਹਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ 'ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਕਰਨ ਵਾਲੇ CM ਸਾਬ ਸਿੱਧੂ ਮੂਸੇਵਾਲਾ ਤੇ ਸੰਦੀਪ ਨੰਗਲ ਅੰਬੀਆਂ ਵਰਗੇ ਨੌਜਵਾਨਾਂ ਦੇ ਖੂਨ 'ਚ ਭਿੱਜ ਗਏ, ਕੀ ਇਹ ਉਹੀ ਰੰਗਲਾ ਪੰਜਾਬ ਹੈ ਜੋ ਤੁਸੀਂ ਚਾਹੁੰਦੀ ਸੀ?