
ਕਹਾਣੀ ਨੂੰ ਜਾਣਨ ਲਈ ਦਰਸ਼ਕ ਬਹੁਤ ਉਤਸੁਕ ਹਨ
ਚੰਡੀਗੜ੍ਹ: ਡਰੀਮ ਪਿਕਚਰਜ਼ ਐਂਟਰਟੇਨਮੈਂਟ ਵਿਸਾਖੀ ਮੌਕੇ ਨਵੀਂ ਫ਼ਿਲਮ "ਮੇਰਾ ਬਾਬਾ ਨਾਨਕ-ਇਕ ਵਿਸ਼ਵਾਸ ਦੀ ਕਹਾਣੀ” ਲੈ ਕੇ ਆ ਰਿਹਾ ਹੈ। ਟੀਮ ਵਲੋਂ ਇਸ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਗਿਆ ਹੈ ਅਤੇ ਇਹ ਫਿਲਮ ਆਉਣ ਵਾਲੀ ਵਿਸਾਖੀ 14 ਅਪ੍ਰੈਲ 2023 ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਵੇਗੀ। ਦੁਨੀਆ ਭਰ ਵਿਚ ਸਿੱਖ ਭਾਈਚਾਰਾ ਵਿਸਾਖੀ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਉਂਦਾ ਹੈ ਅਤੇ ਇਹ ਸਾਰਿਆਂ ਲਈ ਇਕ ਤੋਹਫ਼ਾ ਹੋਵੇਗਾ। ਵਿਸ਼ੇਸ਼ ਦਿਨ 'ਤੇ ਭਾਈਚਾਰਾ ਇਸ ਦਿਨ ਨੂੰ ਹੋਰ ਖੁਸ਼ੀ ਅਤੇ ਮਾਣ ਨਾਲ ਮਨਾਏਗਾ।
ਫਿਲਮ ਦਾ ਪੋਸਟਰ ਤਾਂ ਸਾਹਮਣੇ ਆ ਚੁੱਕਾ ਹੈ ਪਰ ਕਹਾਣੀ ਨੂੰ ਜਾਣਨ ਲਈ ਦਰਸ਼ਕ ਬਹੁਤ ਉਤਸੁਕ ਹਨ। ਫਿਲਮ ਦੇ ਨਾਮ ਅਨੁਸਾਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫਿਲਮ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਪ੍ਰਦਰਸ਼ਿਤ ਕਰੇਗੀ। ਇਹ ਫਿਲਮ ਦਰਸ਼ਕਾਂ ਨੂੰ ਵਿਸ਼ਵਾਸ ਨਾਲ ਜੋੜੇਗੀ ਅਤੇ ਧਾਰਮਿਕ ਦ੍ਰਿਸ਼ਟੀਕੋਣ ਰਾਹੀਂ ਦਿਲਾਂ ਨੂੰ ਛੂਹੇਗੀ। ਪੋਸਟਰ ਨੂੰ ਦਰਸ਼ਕਾਂ ਵੱਲੋਂ ਦਿਲ ਨੂੰ ਛੋਹ ਲੈਣ ਵਾਲੀਆਂ ਟਿੱਪਣੀਆਂ ਮਿਲ ਰਹੀਆਂ ਹਨ।
ਸੋਸ਼ਲ ਮੀਡੀਆ ’ਤੇ ਵੀ ਲੋਕ ਫਿਲਮ ਦੇ ਨਿਰਮਾਤਾਵਾਂ ਨੂੰ ਵਿਸਾਖੀ ਦੇ ਜਸ਼ਨ ਦੌਰਾਨ ਵਿਸ਼ਵਾਸ ਦੀ ਅਜਿਹੀ ਖੂਬਸੂਰਤ ਕਹਾਣੀ ਨੂੰ ਸਾਹਮਣੇ ਲਿਆਉਣ ਲਈ ਵਧਾਈ ਦੇ ਰਹੇ ਹਨ। ਫ਼ਿਲਮ ਦੀ ਸਟਾਰ ਕਾਸਟ 'ਚ ਅਮਨਮੀਤ ਸਿੰਘ, ਵਿਕਰਮਜੀਤ ਵਿਰਕ, ਹਰਸ਼ਜੋਤ ਕੌਰ, ਹਰਪ੍ਰੀਤ ਬੈਂਸ, ਕੁਲ ਸਿੱਧੂ, ਮਿੰਟੂ ਕਾਪਾ, ਮਹਾਬੀਰ ਭੁੱਲਰ, ਤਰਸੇਮ ਪਾਲ, ਮਲਕੀਤ ਰੌਣੀ, ਸੀਮਾ ਕੌਸ਼ਲ, ਅਨੀਤਾ ਮੀਤ, ਵਰਿੰਦਰ ਵਸ਼ਿਸ਼ਟ, ਰਣਦੀਪ ਭੰਗੂ, ਅੰਮ੍ਰਿਤਪਾਲ ਬਿੱਲਾ, ਜਸਬੀਰ ਗਿੱਲ, ਨਿਮਰਤ ਪਰਤਾਪ ਸਿੰਘ, ਗੁਰਸੇਵਕ ਮੰਡੇਰ ਅਤੇ ਦਿਲਨੂਰ ਏਂਜਲ ਸ਼ਾਮਲ ਹਨ।
ਫਿਲਮ ਅਮਨਮੀਤ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ ਦਾ ਨਿਰਮਾਣ ਰਾਜਾ ਲਾਇਲਪੁਰੀਆ ਅਤੇ ਹਰਮਨਦੀਪ ਸਿੰਘ ਦੁਆਰਾ ਕੀਤਾ ਗਿਆ ਹੈ ਅਤੇ ਸਤਨਾਮ ਸਿੰਘ ਢਿੱਲੋਂ ਅਤੇ ਵਿਕਰਮਜੀਤ ਵਿਰਕ ਦੁਆਰਾ ਸਹਿ-ਨਿਰਮਿਤ ਹੈ। ਗੀਤਕਾਰ ਵਿਚ ਅਮਰਦੀਪ ਸਿੰਘ ਗਿੱਲ, ਦੀਪ ਅਟਵਾਲ, ਅਮਰ ਜਲਾਲ ਸ਼ਾਮਲ ਹਨ। ਬੈਕਗਰਾਉਂਡ ਸਕੋਰ ਜੈਦੇਵ ਕੁਮਾਰ ਦੁਆਰਾ ਦਿੱਤਾ ਗਿਆ ਹੈ ਅਤੇ ਸੰਗੀਤ ਮਨਪਾਲ ਸਿੰਘ, ਜਸਕੀਰਤ ਸਿੰਘ ਅਤੇ ਭਾਈ ਮੰਨਾ ਸਿੰਘ ਦੁਆਰਾ ਤਿਆਰ ਕੀਤਾ ਗਿਆ ਹੈ। ਡੀ.ਓ.ਪੀ ਕਾਰਥਿਕ ਕੇ ਹਨ ਅਤੇ ਇਸ ਦਾ ਸੰਪਾਦਨ ਹਾਰਦਿਕ ਸਿੰਘ ਰੀਨ ਦੁਆਰਾ ਕੀਤਾ ਹੈ।