
ਲਾਈਵ ਸ਼ੋਅ ਦੇਖਣ ਗਏ ਜਿਲ੍ਹੇ ਲੁਧਿਆਣਾ ਦੇ ਪਿੰਡ ਕੂਮ ਕਲਾਂ ਦੇ ਵਸਨੀਕ ਨੌਜਵਾਨ ਖੇਡ......
ਚੰਡੀਗੜ੍ਹ (ਭਾਸ਼ਾ): ਲਾਈਵ ਸ਼ੋਅ ਦੇਖਣ ਗਏ ਜਿਲ੍ਹੇ ਲੁਧਿਆਣਾ ਦੇ ਪਿੰਡ ਕੂਮ ਕਲਾਂ ਦੇ ਵਸਨੀਕ ਨੌਜਵਾਨ ਖੇਡ ਪ੍ਰਮੋਟਰ ਸਰਬਜੀਤ ਸਿੰਘ ਉਰਫ਼ ਸਰਬੀ ਗਰੇਵਾਲ ਦੀ ਬੀਤੀ ਰਾਤ ਮੋਹਾਲੀ ਦੇ ਇਕ ਹੋਟਲ ਵਿਚ ਪਿਸਤੌਲ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਦੱਸ ਦਈਏ ਕਿ ਉਹ ਫ਼ੇਜ਼-11 ਸਥਿਤ ਇਕ ਹੋਟਲ ਵਿਚ ਅਪਣੇ ਤਿੰਨ ਦੋਸਤਾਂ ਦੇ ਨਾਲ ਠਹਿਰਿਆ ਹੋਇਆ ਸੀ। ਗੋਲੀ ਲੱਗਣ ਉਪਰੰਤ ਹਸਪਤਾਲ ਵਿਚ ਦਾਖਲ ਕਰਵਾਉਣ ਉਪਰੰਤ ਉਸ ਦੇ ਤਿੰਨੋਂ ਸਾਥੀ ਮੌਕੇ ਤੋਂ ਫਰਾਰ ਹੋ ਗਏ।
Sidhu Moose Wala
ਪੁਲਸ ਨੇ ਮ੍ਰਿਤਕ ਦੇ ਤਿੰਨੋਂ ਦੋਸਤਾਂ, ਹੋਟਲ ਦੇ ਮੈਨੇਜਰ ਤੇ ਹਾਊਸਕੀਪਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਘਟਨਾ ਦੀ ਸੂਚਨਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਦਿਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਬਜੀਤ ਸਿੰਘ ਉਰਫ਼ ਸਰਬੀ ਗਰੇਵਾਲ 15 ਦਸੰਬਰ ਦੀ ਦੇਰ ਸ਼ਾਮ ਮੋਹਾਲੀ ਦੇ ਸੈਕਟਰ-80 ਸਥਿਤ ਇਕ ਨਾਮੀਂ ਪੱਬ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਲਾਇਵ ਸ਼ੋਅ ਦੇਖਣ ਲਈ ਅਪਣੇ ਤਿੰਨ ਦੋਸਤਾਂ ਦੇ ਨਾਲ ਆਇਆ ਹੋਇਆ ਸੀ।
Sidhu Moose Wala Live Show
ਚਾਰੋਂ ਦੋਸਤ ਅਪਣੇ ਕਿਸੇ ਦੋਸਤ ਦਾ ਪਿਸਤੌਲ ਮੰਗ ਕੇ ਲਿਆਏ ਹੋਏ ਸਨ। ਮੂਸੇਵਾਲਾ ਦਾ ਸ਼ੋਅ ਦੇਖਣ ਤੋਂ ਬਾਅਦ ਉਹ ਹੋਟਲ ਵਿਚ ਵਾਪਸ ਆ ਗਏ। ਰਾਤ ਨੂੰ ਚਾਰੋਂ ਜਣੇ ਮਸਤੀ ਕਰ ਰਹੇ ਸਨ ਅਤੇ ਅਚਾਨਕ ਗੋਲੀ ਚੱਲ ਗਈ, ਜੋ ਕਿ ਗਰੇਵਾਲ ਦੇ ਜਾ ਵੱਜੀ। ਗੋਲੀ ਲੱਗਣ ਤੋਂ ਬਾਅਦ ਸਰਬੀ ਬੇਹੋਸ਼ ਹੋ ਕੇ ਹੇਠਾਂ ਡਿਗ ਗਿਆ। ਇਸ ਮਾਮਲੇ ਦੀ ਪੂਰੀ ਜਾਂਚ ਚੱਲ ਰਹੀ ਹੈ। ਪਰ ਹਾਲੇ ਤੱਕ ਇਹ ਨਹੀਂ ਪਤਾ ਚੱਲਿਆ ਹੈ ਕਿ ਗੋਲੀ ਕਿਸ ਨੇ ਚਲਾਈ ਹੈ।