
ਲੋਕ ਗਾਇਕ ਕੇ ਦੀਪ ਨੇ 80 ਵਰ੍ਹਿਆਂ ਦੀ ਉਮਰ 'ਚ ਦੁਨੀਆਂ ਨੂੰ ਕਿਹਾ ਅਲ਼ਵਿਦਾ
ਲੁਧਿਆਣਾ: ਬੀਤੇ ਦਿਨ ਮਸ਼ਹੂਰ ਗਾਇਕ ਕੇ ਦੀਪ 80 ਸਾਲ ਦੀ ਉਮਰ 'ਚ ਇਸ ਦੁਨੀਆਂ ਨੂੰ ਅਲ਼ਵਿਦਾ ਕਹਿ ਗਏ। ਉਹਨਾਂ ਨੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਖੇ ਆਖਰੀ ਸਾਹ ਲਏ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਮਾਡਲ ਟਾਊਨ ਐਕਸਟੈਨਸ਼ਨ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
K. Deep
ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਉਹਨਾਂ ਦੀ ਲੜਕੀ ਗੁਰਪ੍ਰੀਤ ਕੌਰ ਤੋਂ ਇਲਾਵਾ ਸੰਗੀਤ ਜਗਤ ਨਾਲ ਜੁੜੀਆਂ ਕਈ ਪ੍ਰਸਿੱਧ ਸਖਸ਼ੀਅਤਾਂ ਸ਼ਾਮਲ ਸਨ। ਉਹਨਾਂ ਦੀ ਮੌਤ ਤੋਂ ਬਾਅਦ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪੁੱਤਰ ਗਾਇਕ ਰਾਜਾ ਕੰਗ ਨੇ ਅਗਨੀ ਭੇਂਟ ਕੀਤੀ।
K Deep
ਦੱਸ ਦਈਏ ਕਿ ਕੇ ਦੀਪ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਕੇ ਦੀਪ ਦੇ ਗਾਇਕੀ ਦੇ ਸਫ਼ਰ ਬਾਰੇ ਗੱਲ ਕਰੀਏ ਤਾਂ ਕੇ ਦੀਪ ਨੇ ਲੰਮਾ ਸਮਾਂ ਜਗਮੋਹਨ ਕੌਰ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਤੇ ਆਪਣੇ ਅਖਾੜਿਆਂ ਰਾਹੀਂ ਮਕਬੂਲੀਅਤ ਹਾਸਲ ਕੀਤੀ।
K Deep
ਕੇ ਦੀਪ ਤੇ ਜਗਮੋਹਨ ਕੌਰ ਦੇ ਅਖਾੜਿਆਂ ਦੌਰਾਨ ਸੁਣਾਏ ਗਏ ਚੁਟਕਲੇ ਅੱਜ ਵੀ ਲੋਕਾਂ ਨੂੰ ਜ਼ੁਬਾਨੀ ਯਾਦ ਹਨ। ਗਾਇਕੀ ਦੇ ਨਾਲ-ਨਾਲ ਚੁਟਕਲੇ ਸੁਣਾ ਕੇ ਲੋਕਾਂ ਦਾ ਮਨੋਰੰਜਨ ਕਰਨ ਵਾਲੀ ਇਸ ਜੋੜੀ ਨੂੰ ਲੋਕ ਲੰਬੇ ਸਮੇਂ ਤੱਕ ਯਾਦ ਕਰਦੇ ਰੱਖਣਗੇ।