
ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਪੰਜਾਬੀ ਸਿਤਾਰੇ
ਚੰਡੀਗੜ੍ਹ: ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦੀ ਹੌਂਸਲਾ ਅਫਜ਼ਾਈ ਲਈ ਪੰਜਾਬੀ ਸਿਤਾਰੇ ਸੋਸ਼ਲ ਮੀਡੀਆ ‘ਤੇ ਲਗਾਤਾਰ ਸਰਗਰਮ ਹਨ। ਕਿਸਾਨੀ ਦਾ ਜੋਸ਼ ਵਧਾਉਣ ਲਈ ਪੰਜਾਬੀ ਕਲਾਕਾਰ ਤੇ ਅਦਾਕਾਰ ਮੋਰਚੇ ਵਿਚ ਵੀ ਸ਼ਮੂਲੀਅਤ ਕਰ ਰਹੇ ਹਨ।
Diljit Dosanjh
ਇਸ ਦੌਰਾਨ ਪੰਜਾਬੀ ਕਲਾਕਾਰ ਤੇ ਅਦਾਕਾਰ ਦਿਲਜੀਤ ਦੁਸਾਂਝ ਟਵਿਟਰ ‘ਤੇ ਕਾਫੀ ਐਕਟਿਵ ਹਨ। ਕਿਸਾਨੀ ਸੰਘਰਸ਼ ਦੀਆਂ ਤਾਜ਼ਾ ਤਸਵੀਰਾਂ ਸਾਂਝੀਆਂ ਕਰ ਦਿਲਜੀਤ ਕਿਸਾਨਾਂ ਦੇ ਬੁਲੰਦ ਹੌਂਸਲੇ ਨੂੰ ਸਲਾਮ ਕਰ ਰਹੇ ਹਨ। ਹਾਲ ਹੀ ਵਿਚ ਦਿਲਜੀਤ ਨੇ ਧਰਨੇ ‘ਤੇ ਬੈਠੇ ਬਜ਼ੁਰਗਾਂ ਦੀ ਫੋਟੋ ਸਾਂਝੀ ਕਰਦਿਆਂ ਕੈਪਸ਼ਨ ਦਿੱਤਾ, ‘ਸਾਡਾ ਮਾਣ’।
Tweet
ਇਸ ਤੋਂ ਇਲਾਵਾ ਦਿਲਜੀਤ ਨੇ ਬੀਤੇ ਦਿਨ ਜੀਪ ਚਲਾ ਕੇ ਧਰਨੇ ‘ਤੇ ਪਹੁੰਚੀ ਮਹਿਲਾ ਮਨਜੀਤ ਕੌਰ ਦੀ ਫੋਟੋ ਵੀ ਸਾਂਝੀ ਕੀਤੀ, ਫੋਟੋ ਨਾਲ ਉਹਨਾਂ ਨੇ ਕੈਪਸ਼ਨ ਦਿੱਤਾ ‘ਬਾਬਾ ਕਰੂ ਕਿਰਪਾ’। ਇਸ ਦੇ ਨਾਲ ਹੀ ਹੋਰ ਵੀ ਅਨੇਕਾਂ ਫੋਟੋਆਂ ਸਾਂਝੀਆਂ ਕਰ ਦਿਲਜੀਤ ਕਿਸਾਨੀ ਸੰਘਰਸ਼ ਦੀ ਤਾਕਤ ਵਧਾ ਰਹੇ ਹਨ।
Tweet
ਬਾਲੀਵੁੱਡ ਕੰਗਨਾ ਰਣੌਤ ਨੂੰ ਕਰਾਰਾ ਜਵਾਬ ਦੇਣ ਤੋਂ ਬਾਅਦ ਦਿਲਜੀਤ ਹੋਰ ਵੀ ਸੁਰਖੀਆਂ ਵਿਚ ਹਨ, ਇਸ ਲਈ ਦਿਲਜੀਤ ਦੀਆਂ ਪੋਸਟਾਂ ‘ਤੇ ਉਹਨਾਂ ਦੇ ਫੈਨਜ਼ ਵੀ ਲਗਾਤਾਰ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਦਿਲਜੀਤ ‘ਤੇ ਟਵੀਟ ਕਾਫੀ ਵਾਇਰਲ ਵੀ ਹੋ ਰਹੇ ਹਨ।
Tweet
ਬੀਤੇ ਦਿਨੀਂ ਦਿਲਜੀਤ ਨੇ ਟਵੀਟ ਕੀਤਾ ਸੀ, ‘ਸਿਆਣੇ ਕਹਿੰਦੇ ਆ ਬੰਦਾ ਮਿੱਟੀ ਨਾਲ ਜੁੜਿਆ ਹੋਣਾ ਚਾਹੀਦਾ, ਦੱਸੋ ਕਿਸਾਨ ਤੋਂ ਜ਼ਿਆਦਾ ਮਿੱਟੀ ਨਾਲ ਕੌਣ ਜੁੜਿਆ ਹੋ ਸਕਦਾ। ਆ ਜਿਹੜੇ ਕਹਿੰਦੇ ਨੇ ਧਰਨੇ ’ਤੇ ਕਿਸਾਨ ਨਹੀਂ ਪਤਾ ਨੀ ਕੌਣ-ਕੌਣ ਬੈਠੇ ਨੇ, ਸ਼ਰਮ ਕਰ ਲੈਣ ਮਾੜੀ-ਮੋਟੀ। ਬਾਬਾ ਭਲੀ ਕਰੇ ਸਭ ਜਲਦੀ ਠੀਕ ਹੋ ਜਾਵੇ।’
Diljit Dosanjh and Bir Singh
ਦਿਲਜੀਤ ਤੋਂ ਇਲਾਵਾ ਬੀਰ ਸਿੰਘ, ਬੱਬੂ ਮਾਨ, ਜੈਜ਼ੀ ਬੀ, ਕਰਨ ਔਜਲਾ, ਅਮਰਿੰਦਰ ਗਿੱਲ, ਸਿੱਧੂ ਮੂਸੇਵਾਲਾ, ਗਿੱਪੀ ਗਰੇਵਾਲ, ਰਣਜੀਤ ਬਾਵਾ, ਜੱਸ ਬਾਜਵਾ, ਕੰਵਰ ਗਰੇਵਾਲ ਸਮੇਤ ਅਨੇਕਾਂ ਪੰਜਾਬੀ ਸਿਤਾਰੇ ਕਿਸਾਨਾਂ ਦਾ ਸਮਰਥਨ ਦੇ ਰਹੇ ਹਨ।