
ਡਾਇਲਾਗ ਪ੍ਰੋਮੋ ਦੀ ਟੈਗਲਾਈਨ ਹੈ, 'ਰੋਟੀ ਚਿੱਥ ਕੇ ਖਾਈਂ, ਖੂਨ ਵਧਦਾ ਆ' ।
6 ਅਪ੍ਰੈਲ ਨੂੰ ਰਲੀਜ਼ ਹੋਣ ਜਾ ਰਹੀ ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ' ਟੀਜ਼ਰ ਤੋਂ ਲੈ ਕੇ ਗੀਤਾਂ ਅਤੇ ਡਾਇਲਾਗ ਦੇ ਨਾਲ ਸੱਭ ਦੇ ਦਿਲਾਂ 'ਚ ਖਿੱਚ ਪੈਦਾ ਕਰ ਰਹੀ ਹੈ। ਹਾਲ ਹੀ 'ਚ ਗਿੱਪੀ ਅਤੇ ਡਿਪਟੀ ਸ਼ਰਮਾ 'ਤੇ ਫ਼ਿਲਮਾਇਆ ਗਿਆ ਗੀਤ 'ਇਸ਼ਕ ਦਾ ਤਾਰਾ' ਰਲੀਜ਼ ਹੋਇਆ ਸੀ ਜਿਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਦੇ ਨਾਲ ਹੀ ਫਿਲਮ ਦੇ ਕੁਝ ਡਾਇਲਾਗ ਪਰੋਮੋ ਵੀ ਦਰਸ਼ਕਾਂ ਦੇ ਰੂਬਰੂ ਹੋਏ ਹਨ ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਮੰਗਲਵਾਰ ਦੇ ਦਿਨ ਵੀ ਫ਼ਿਲਮ ਦਾ ਨਵਾਂ ਫਨੀ ਡਾਇਲਾਗ ਪ੍ਰੋਮੋ ਰਿਲੀਜ਼ ਹੋਇਆ ਹੈ। ਇਸ ਪ੍ਰੋਮੋ 'ਚ ਗਿੱਪੀ ਗਰੇਵਾਲ, ਅਦਿਤੀ ਸ਼ਰਮਾ ਤੇ ਜੋਰਡਨ ਸੰਧੂ ਮਜ਼ਾਕੀਆ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਡਾਇਲਾਗ ਪ੍ਰੋਮੋ ਦੀ ਟੈਗਲਾਈਨ ਹੈ, 'ਰੋਟੀ ਚਿੱਥ ਕੇ ਖਾਈਂ, ਖੂਨ ਵਧਦਾ ਆ' ।
ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਪਰੋਮੋ ਰਲੀਜ਼ ਹੋਇਆ ਸੀ ਜਿਸ ਵਿਚ ਗਾਇਕ ਕੁਲਵਿੰਦਰ ਬਿੱਲੇ 'ਤੇ ਫ਼ਿਲਮਾਇਆ ਗਿਆ ਡਾਇਲਾਗ 'ਤਰੇੜਾਂ' ਰਲੀਜ਼ ਹੋਇਆ ਸੀ।ਜਿਸ ਵਿਚ ਕੁਲਵਿੰਦਰ ਬਿਲਾ ਦੇ ਨਾਲ ਨਾਲ ਗਿੱਪੀ ਗਰੇਵਾਲ ਅਤੇ ਕ੍ਰਮਮਜੀਤ ਅਨਮੋਲ ਸ਼ਾਮਿਲ ਸਨ। ਦਸ ਦਈਏ ਕਿ ਫ਼ਿਲਮ 'ਚ ਗਿੱਪੀ ਗਰੇਵਾਲ 'ਸੂਬੇਦਾਰ ਜੋਗਿੰਦਰ ਸਿੰਘ' ਦੀ ਭੂਮਿਕਾ, ਨਿਭਾ ਰਹੇ ਹਨ ਅਤੇ ਅਦਿਤੀ ਸ਼ਰਮਾ 'ਗੁਰਦਿਆਲ ਕੌਰ' ਦੀ ਭੂਮਿਕਾ 'ਚ ਹੈ। ਜੋਰਡਨ ਸੰਧੂ 'ਬੰਤ ਸਿੰਘ' ਦੀ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਰੌਸ਼ਨ ਪ੍ਰਿੰਸ, ਕਰਮਜੀਤ ਅਨਮੋਲ, ਰਾਜਵੀਰ ਜਵੰਦਾ, ਕੁਲਵਿੰਦਰ ਬਿੱਲਾ ਤੇ ਗੁੱਗੂ ਗਿੱੱਲ ਸਮੇਤ ਹੋਰ ਕਈ ਸਿਤਾਰੇ ਨਜ਼ਰ ਆਉਣਗੇ।
ਇਸ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ ਅਤੇ ਨੈਸ਼ਨਲ ਐਵਾਰਡ ਜੇਤੂ ਰਾਸ਼ਿਦ ਰੰਗਰੇਜ਼ ਨੇ ਲਿਖਿਆ ਹੈ, ਜਿਸ ਨੂੰ ਪ੍ਰੋਡਿਊਸ ਸੁਮੀਤ ਸਿੰਘ ਨੇ ਕੀਤਾ ਹੈ। ਫਿਲਮ 1962 ਦੀ ਭਾਰਤ-ਚੀਨ ਜੰਗ 'ਤੇ ਬਣਾਈ ਗਈ ਹੈ, ਜਿਸ 'ਚ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ਨੂੰ ਦਰਸਾਇਆ ਗਿਆ ਹੈ । ਇਸ ਫ਼ਿਲਮ ਦੇ ਰਲੀਜ਼ ਹੋਣ ਦਾ ਇੰਤਜ਼ਾਰ ਬੇਸਬਰੀ ਨਾਲ ਕੀਤਾ ਜਾ ਰਿਹਾ ਹੈ।