
ਰਾਮੇਸ਼ਵਰਮ (ਤਾਮਿਲਨਾਡੂ), 21 ਫ਼ਰਵਰੀ: ਪ੍ਰਸਿੱਧ ਅਦਾਕਾਰ ਕਮਲ ਹਾਸਨ ਨੇ ਆਖ਼ਰ ਅੱਜ ਸਿਆਸਤ 'ਚ ਕਦਮ ਰੱਖ ਲਿਆ ਅਤੇ ਅਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿਤਾ। ਤਾਮਿਲਨਾਡੂ ਦੇ ਮਦੂਰੈ 'ਚ ਉਨ੍ਹਾਂ ਅਪਣੀ ਪਾਰਟੀ ਦੀ ਸਥਾਪਨਾ ਕੀਤੀ ਅਤੇ ਇਸ ਦਾ ਨਾਂ 'ਮੱਕਲ ਨਿਧੀ ਮਈਅਮ' ਰਖਿਆ। ਇਸ ਦਾ ਮਤਲਬ ਹੈ 'ਲੋਕ ਨਿਆਂ ਦਾ ਕੇਂਦਰ'। ਉਨ੍ਹਾਂ ਇਸ ਮੌਕੇ ਪਾਰਟੀ ਦੇ ਝੰਡੇ ਦੀ ਵੀ ਘੁੰਡ ਚੁਕਾਈ ਕੀਤੀ। ਇਸ ਤੋਂ ਪਹਿਲਾਂ ਦਿਨ ਵੇਲੇ ਉਨ੍ਹਾਂ ਸਾਬਕਾ ਰਾਸ਼ਟਰਪਪਤੀ ਏ.ਪੀ.ਜੇ. ਅਬਦੁਲ ਕਲਾਮ ਦੇ ਘਰ ਦਾ ਦੌਰਾ ਕਰ ਕੇ ਅਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਉਨ੍ਹਾਂ ਦੇ ਆਦਰਸ਼ ਹਨ। ਉਨ੍ਹਾਂ ਕਲਾਮ ਦੇ ਘਰ 'ਚ ਉਨ੍ਹਾਂ ਦੇ 90 ਸਾਲ ਦੇ ਭਰਾ ਮੁਹੰਮਦ ਮੁਥੁਇਮੀਰਨ ਲੇਬਾਈ ਮਰਾਈਕਈਅਰ ਤੋਂ ਆਸ਼ੀਰਵਾਦ ਲਿਆ। ਉਨ੍ਹਾਂ ਕਲਾਮ ਦੇ ਘਰ ਦੇ ਦੌਰੇ ਨੂੰ ਲੈ ਕੇ ਟਵਿੱਟਰ 'ਤੇ ਲਿਖਿਆ, ''ਮਹਾਨਤਾ ਆਮ ਸ਼ੁਰੂਆਤਾਂ ਤੋਂ ਜਨਮ ਲੈਂਦੀ ਹੈ। ਅਸਲ 'ਚ ਉਹ ਸਿਰਫ਼ ਸਾਦਗੀ ਨਾਲ ਹੀ ਜਨਮ ਲੈਂਦੀ ਹੈ। ਇਕ ਮਹਾਨ ਇਨਸਾਨ ਦੇ ਆਮ ਘਰ ਤੋਂ ਅਪਣੇ ਇਸ ਸਫ਼ਰ ਦੀ ਸ਼ੁਰੂਆਤ ਕਰਨ 'ਚ ਮੈਨੂੰ ਖ਼ੁਸ਼ੀ ਹੋ ਰਹੀ ਹੈ।'' ਹਾਲਾਂਕਿ ਉਹ ਉਸ ਸਕੂਲ ਦਾ ਦੌਰਾ ਨਹੀਂ ਕਰ ਸਕੇ ਜਿਥੇ ਕਲਾਮ ਨੇ ਪੜ੍ਹਾਈ ਕੀਤੀ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਹ ਕਹਿ ਕੇ ਇਸ ਦੀ ਇਜਾਜ਼ਤ ਨਹੀਂ ਦਿਤੀ ਸੀ ਕਿ ਪ੍ਰੋਗਰਾਮ ਦੀ ਕਿਸਮ 'ਸਿਆਸੀ' ਹੈ। ਉਨ੍ਹਾਂ ਦੀ ਯੋਜਨਾ ਸਕੂਲ ਦੇ ਬੱਚਿਆਂ ਨੂੰ ਸੰਬੋਧਨ ਕਰਨ ਦੀ ਸੀ।
ਹਾਲਾਂਕਿ ਹਾਸਨ ਨੇ ਕਿਹਾ ਕਿ ਕਲਾਮ ਦੇ ਘਰ ਦੀ ਯਾਤਰਾ ਜਾਂ ਸਕੂਲ ਦੀ ਉਨ੍ਹਾਂ ਦੀ ਯਾਤਰਾ 'ਚ ਕੋਈ ਸਿਆਸਤ ਨਹੀਂ ਸੀ। ਹਾਸਨ ਨੇ ਕਲਾਮ ਦੀ ਦੇਸ਼ਭਗਤੀ ਅਤੇ ਹੋਰ ਗੁਣਾਂ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੇ ਇਹ ਗੁਣ ਉਨ੍ਹਾਂ ਨੂੰ ਚੰਗੇ ਲਗਦੇ ਹਨ।
ਉਧਰ ਸੀਨੀਅਰ ਕਾਂਗਰਸੀ ਆਗੂ ਐਮ. ਵੀਰੱਪਾ ਮੋਇਲੀ ਨੇ ਅੱਜ ਕਿਹਾ ਕਿ ਤਾਮਿਲਨਾਡੂ 'ਚ ਕਮਲ ਹਾਸਨ ਦੀ ਪਾਰਟੀ ਦੇ ਵਿਕਾਸ ਲਈ ਜ਼ਿਆਦਾ ਗੁੰਜਾਇਸ਼ ਨਹੀਂ ਹੈ। ਦੱਖਣ ਭਾਰਤ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਸਾਬਕਾ ਕੇਂਦਰੀ ਮੰਤਰੀ ਮੋਇਲੀ ਨੇ ਕਿਹਾ ਕਿ ਤਾਮਿਲਨਾਡੂ 'ਚ ਡੀ.ਐਮ.ਕੇ. ਅਤੇ ਅੰਨਾ ਡੀ.ਐਮ.ਕੇ. ਮੁਖੀ ਖੇਤਰੀ ਸਿਆਸੀ ਪਾਰਟੀਆਂ ਹਨ ਜਿਥੇ ਰਜਨੀਕਾਂਤ ਵੀ ਅਪਣੀ ਸਿਆਸੀ ਪਾਰਟੀ ਬਣਾਉਣ ਦੀ ਯੋਜਨਾ ਜ਼ਾਹਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਮੁੱਖ ਧਾਰਾ ਦੀਆਂ ਖੇਤਰੀ ਪਾਰਟੀ (ਡੀ.ਐਮ.ਕੇ. ਅਤੇ ਅੰਨਾ ਡੀ.ਐਮ.ਕੇ.) ਨਾਲ ਹਾਸਨ ਤਾਲਮੇਲ ਨਹੀਂ ਕਰਦੇ ਹੋਰ ਖੇਤਰੀ ਪਾਰਟੀਆਂ ਲਈ ਜ਼ਿਆਦਾ ਗੁੰਜਾਇਜ਼ ਨਹੀਂ ਹੈ। (ਪੀਟੀਆਈ)