
ਨੌਜਵਾਨ ਦਿਲਾਂ ਦੀ ਧੜਕਣ ਬਣਕੇ ਉਭਰੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦਾ ਅੱਜ ਜਨਮਦਿਨ ਹੈ। 2 ਜਨਵਰੀ 1982 ਨੂੰ ਕੂਮਕਲਾਂ, ਲੁਧਿਆਣਾ 'ਚ ਜਨਮੇ ਗਿੱਪੀ ਦਾ ਨਾਂ ਉਨ੍ਹਾਂ ਪੰਜਾਬੀ ਗਾਇਕਾਂ 'ਚ ਸ਼ੁਮਾਰ ਹੈ, ਜਿਨ੍ਹਾਂ ਨੇ ਆਪਣੇ ਬਲਬੁਤੇ 'ਤੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਇਕ ਵੱਖਰਾ ਹੀ ਮੁਕਾਮ ਹਾਸਲ ਕੀਤਾ ਹੈ। ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੇ ਗਿੱਪੀ ਗਰੇਵਾਲ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਉਹਨਾਂ ਦਾ ਅਸਲ ਨਾਮ ਰੁਪਿੰਦਰ ਸਿੰਘ ਗਰੇਵਲ ਹੈ।
ਗਿੱਪੀ ਗਰੇਵਾਲ ਵਿਆਹੇ ਹੋਏ ਹਨ ਅਤੇ ਉਹਨਾ ਦੇ ਦੋ ਬਹੁਤ ਹੀ ਪਿਆਰੇ ਜਿਹੇ ਪੁੱਤਰ ਹਨ। ਗਿੱਪੀ ਗਰਵੇਲ ਦੀ ਪਤਨੀ ਰਵਨੀਤ ਅਤੇ ਬੱਚਿਆਂ ਨਾਲ ਅਕਸਰ ਹੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਦੇ ਰਹਿੰਦੇ ਹਨ, ਗਿੱਪੀ ਦੇ ਪੁੱਤਰਾਂ ਦੇ ਨਾਮ ਵੀ ਬਹੁਤ ਪਿਆਰੇ ਹਨ ਜਿਨਾਂ 'ਚ ਇਕ ਦਾ ਨਾਮ ਗੁਰਫਤਿਹ ਅਤੇ ਇੱਕ ਦਾ ਨਾਮ ਏਕਓਂਕਾਰ ਹੈ।
ਗਿੱਪੀ ਗਰੇਵਾਲ ਦੇ ਕਰੀਅਰ ਦੀ ਗੱਲ ਕਰੀਏ ਤਾਂ ਗਿੱਪੀ ਨੇ ਸ਼ੁਰੂਆਤ ਤਾਂ ਬਹੁਤ ਸਮਾਂ ਪਹਿਲਾਂ ਐਲਬਮ 'ਮੇਲੇ ਮਿੱਤਰਾਂ ਦੇ' ਤੋਂ ਕਰ ਦਿੱਤੀ ਸੀ ਪਰ ਉਹਨਾਂ ਨੂੰ ਅਸਲ ਪਹਿਚਾਣ ਮਿਲੀ ਐਲਬਮ 'ਫੁਲਕਾਰੀ' ਤੋਂ ਜਿਸ ਨੇ ਪੰਜਾਬੀ ਗਾਇਕੀ ਦੇ ਇਕ ਦੌਰ ਚ ਕਈ ਰਿਕਾਰਡ ਤੋੜੇ ਸਨ। ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਐਲਬਮਾਂ 'ਨਸ਼ਾ', 'ਫੁਲਕਾਰੀ', 'ਫੁਲਕਾਰੀ 2 ਜਸਟ ਹਿੱਟਸ', 'ਗੈਂਗਸਟਰ' ਆਦਿ 'ਚ ਕੰਮ ਕੀਤਾ। ਸਾਲ 2010 'ਚ ਅਦਾਕਾਰੀ ਚ ਪੈਰ ਰਖਿਆ ਜਿਥੇ ਫਿਲਮ 'ਮੇਲ ਕਰਾਦੇ ਰੱਬਾ' ਰਾਹੀਂ ਡੈਬਿਊ ਕੀਤਾ ਸੀ। ਇਸ ਫਿਲਮ ਲਈ ਗਿੱਪੀ ਨੂੰ ਬੈਸਟ ਅਦਾਕਾਰ ਵਜੋਂ ਵੀ ਸਨਮਾਨਿਆ ਗਿਆ।
ਸਾਲ 2012 'ਚ ਗਿੱਪੀ ਦਾ 'ਅੰਗਰੇਜ਼ੀ ਬੀਟ' ਗੀਤ ਰਿਲੀਜ਼ ਹੋਇਆ। ਇਹ ਗੀਤ ਕਾਫੀ ਹੀ ਹਿੱਟ ਸਾਬਤ ਹੋਇਆ ਸੀ। ਇੰਨਾਂ ਹੀ ਨਹੀਂ ਬਾਲੀਵੁਡ ਫਿਲਮ 'ਕੌਕਟੇਲ' 'ਚ ਆਪਣਾ ਸੰਗੀਤ ਦਿੱਤਾ ਸੀ ਜਿਸ ਵਿਚ ਸੈਫ ਅਲੀ ਖਾਨ ਅਤੇ ਦੀਪਿਕਾ ਪਾਦੂਕੋਣ ਸਨ।
ਪੰਜਾਬੀ ਫਿਲਮ ਦੀ ਸ਼ੁਰੂਆਤ ਗਿੱਪੀ ਨੇ 'ਮੇਲ ਕਰਾਦੇ ਰੱਬਾ' ਨਾਲ ਕੀਤੀ। ਇਸ ਫਿਲਮ 'ਚ ਗਿੱਪੀ ਨੇ ਜਿੰਮੀ ਸ਼ੇਰਗਿੱਲ ਅਤੇ ਨੀਰੂ ਬਾਜਵਾ ਨਾਲ ਕੰਮ ਕੀਤਾ ਸੀ। ਇਸ ਤੋਂ ਗਿੱਪੀ ਨੇ ਫਿਲਮ 'ਜਿਨੇ ਮੇਰਾ ਦਿਲ ਲੁਟਿਆ' 'ਚ ਦਿਲਜੀਤ ਦੌਸਾਂਝ ਨਾਲ ਲੀਡ ਰੋਲ ਪਲੇਅ ਕੀਤਾ। ਸਾਲ 2012 'ਚ ਗਿੱਪੀ ਗਰੇਵਾਲ ਦੀ 'ਮਿਰਜ਼ਾ ਦਿ ਅਨਟੋਲਡ ਸਟੋਰੀ' ਫਿਲਮ ਰਿਲੀਜ਼ ਹੋਈ, ਜਿਹੜੀ ਕਿ ਹਿੱਟ ਸਾਬਤ ਹੋਈ ਸੀ।
ਗਿੱਪੀ ਨੇ ਆਪਣੇ ਪੰਜਾਬੀ ਕਰੀਅਰ ਦੌਰਾਨ 'ਕੈਰੀ ਆਨ ਜੱਟਾ', 'ਸਿੰਘ ਵੇਡਸ ਕੌਰ', 'ਲੱਕੀ ਦੀ ਅਣਲੱਕੀ ਸਟੋਰੀ', 'ਬੈਸਟ ਆਫ ਲਕ', ਬਾਲੀਵੁਡ ਸੁਪਰ ਸਟਾਰ ਧਰਮਿੰਦਰ ਨਾਲ 'ਭਾਜੀ ਇਨ ਪ੍ਰੋਬਲਮ',ਅਤੇ ਨੀਰੂ ਬਾਜਵਾ ਅਤੇ ਜਿੰਮੀ ਸ਼ੇਰਗਿੱਲ ਨਾਲ 'ਮੇਲ ਕਰਾਦੇ ਰੱਬਾ' 'ਚ ਕੰਮ ਕੀਤਾ ਅਤੇ ਹਾਲ ਹੀ ਚ 2017 ਦੀ ਸੁਪਰ ਹਿੱਟ ਪੰਜਾਬੀ ਫਿਲਮ 'ਮੰਜੇ ਬਿਸਤਰੇ' ਵੀ ਕੀਤੀ।
ਗਿੱਪੀ ਨੇ ਜ਼ਰੀਨ ਖਾਨ ਨਾਲ ਫਿਲਮ 'ਜੱਟ ਜੇਮਸ ਬੌਂਡ 'ਚ ਲੀਡ ਰੋਲ ਪਲੇਅ ਕੀਤਾ ਸੀ। ਇਹ ਫਿਲਮ ਬਾਕਸ ਆਫਿਸ 'ਤੇ ਸਫਲ ਸਾਬਤ ਹੋਈ ਸੀ। ਇਸ ਫਿਲਮ 'ਚ ਰਾਹਤ ਫਤਿਹ ਅਲੀ ਵਲੋਂ ਗਾਇਆ ਗਾਣਾ 'ਕੱਲੇ-ਕੱਲੇ ਬੈਣ ਰਾਤ ਨੂੰ' ਦਰਸ਼ਕਾਂ ਵਲੋਂ ਬਹੁਤ ਹੀ ਪਸੰਦ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ 2018 ਵਿਚ ਗਿੱਪੀ ਗਰੇਵਾਲ ਇਕ ਹੋਰ ਪੰਜਾਬੀ ਫਿਲਮ ਲੈ ਕੇ ਦਰਸ਼ਕਾਂ ਦੀ ਕਚਿਹਰੀ 'ਚ ਆ ਰਹੇ ਹਨ ਜਿਸਦਾ ਨਾਮ ਹੈ ਸੂਬੇਦਾਰ ਜੋਗਿੰਦਰ ਸਿੰਘ। ਤੁਹਾਨੂੰ ਦੱਸ ਦੇਈਏ ਕਿ ਜੋਗਿੰਦਰ ਸਿੰਘ ਨੇ ਆਪਣੀ ਬਹਾਦਰੀ ਨਾਲ 1962 ‘ਚ ਭਾਰਤ ਤੇ ਚਾਇਨਾ ਦੀ ਲੜਾਈ ਦੌਰਾਨ ਭਾਰਤ ਦੀ ਪਹਿਲੀ ਸਿੱਖ ਰੈਜੀਮੈਂਟ ਦੇ 25 ਜਵਾਨਾਂ ਨਾਲ ਰਲ ਕੇ ਚਾਇਨਾ ਦੇ 1 ਹਜ਼ਾਰ ਫ਼ੌਜੀਆਂ ਨਾਲ ਕਰੀਬ 6 ਘੰਟੇ ਮੁਕਾਬਲਾ ਕੀਤਾ ਸੀ।
ਇਸ ਲੜਾਈ ‘ਚ ਸ਼ਹੀਦੀ ਉਪਰੰਤ ਉਨਾਂ ਨੂੰ ‘ਪਰਮਵੀਰ ਚੱਕਰ’ ਨਾਲ ਨਿਵਾਜਿਆ ਗਿਆ ਸੀ। ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇ ਸਿਮਰਜੀਤ ਸਿੰਘ ਤੇ ਰਾਸ਼ਿਦ ਰੰਗਰੇਜ ਵਲੋਂ ਲਿਖੀ ਗਈ ਹੈ। ਗਿਪੀ ਗਰੇਵਾਲ ਨੇ ਇਸ ਕਿਰਦਾਰ ਨੂੰ ਨਿਭਾਉਣ ਦੇ ਲਈ 20 ਕਿੱਲੋ ਤੱਕ ਵਜ਼ਨ ਵਧਾਇਆ ਤਾਂ ਜੋ ਉਹ ਆਪਣੇ ਕਿਰਦਾਰ ਨੂੰ ਬਖੂਬੀ ਨਿਭਾਅ ਸਕਣ। ਪੰਜਾਬੀ ਇੰਡਸਟਰੀ ਦੇ ਇਸ ਚਮਕਦੇ ਸਿਤਾਰੇ ਨੂੰ ਸਾਡੇ ਵੱਲੋਂ ਵੀ ਜਨਮਦਿਨ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ।