
ਪੰਜਾਬ ਭਰ ਵਿਚ ਕੀਤੇ ਨਾ ਕੀਤੇ ਸੜਕੀ ਹਾਦਸੇ ਵਾਪਰਦੇ ਰਹਿੰਦੇ ਹਨ, ਇਹਨਾਂ ਸੜਕ ਹਾਦਸਿਆਂ ਦੇ ਸ਼ਿਕਾਰ ਹੋਣ ਵਾਲਿਆਂ ਵਿਚ ਪੰਜਾਬੀ ਗਾਇਕ ਹਰਦੇਵ ਮਾਹੀਨੰਗਲ ਵੀ ਹਨ ਜੋ ਕਿ ਬਠਿੰਡਾ ਵਿਖੇ ਆਪਣੀ ਇਨੋਵਾ ਕਾਰ 'ਚ ਜਾਂਦੇ ਹੋਏ ਛੋਟੇ ਹਾਥੀ ਟੈਂਪੋ ਟ੍ਰੈਵਲਰ ਨਾਲ ਜਾ ਟਕਰਾਏ ਅਤੇ ਜ਼ਖਮੀ ਹੋ ਗਏ। ਇਸ ਹਾਦਸੇ 'ਚ ਗਨੀਮਤ ਰਹੀ ਕਿ ਉਹਨਾਂ ਨੂੰ ਮਾਮੂਲੀ ਸੱਟਾਂ ਹੀ ਵੱਜੀਆਂ ਅਤੇ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਦੱਸ ਦੇਈਏ ਕਿ ਹਾਦਸਾ ਬਠਿੰਡਾ 'ਚ ਪੈਂਦੇ ਪਿੰਡ ਜੱਸੀ ਪੋ ਵਾਲੀ ਵਿਖੇ ਵਾਪਰਿਆ, ਇਸ ਹਾਦਸੇ ਦੌਰਾਨ ਪੰਜਾਬੀ ਗਾਇਕ ਦੇ ਸਿਰ ਤੇ ਛਾਤੀ 'ਚ ਅੰਦਰੂਨੀ ਸੱਟਾਂ ਲੱਗੀਆਂ ਹਨ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਬਠਿੰਡਾ ਦੇ ਨਿਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਿਥੇ ਉਹਨਾਂ ਦੀ ਹਾਲਤ ਵਿਚ ਸੁਧਾਰ ਦੱਸਿਆ ਜਾ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਹਰਦੇਵ ਮਾਹੀਨੰਗਲ ਨੇ ਸਾਲ 1995 ਵਿਚ ਇਕ ਕਿੱਤੇ ਵਜੋਂ ਗਾਉਣਾ ਸ਼ੁਰੂ ਕੀਤਾ ਸੀ। ਹਰਦੇਵ ਮਾਹੀਨੰਗਲ ਆਪਣੇ ਮਕਬੂਲ ਗੀਤ ‘ਮਾਹੀ ਚਾਹੁੰਦਾ ਕਿਸੇ ਹੋਰ ਨੂੰ’ ਕਰਕੇ ਅੱਜ ਵੀ ਜਾਣੇ ਜਾਂਦੇ ਹਨ। ਹਰਦੇਵ ਮਾਹੀਨੰਗਲ ਨੇ ਆਪਣੀ ਪਹਿਲੀ ਐਲਬਮ "ਝੂਠੀਏ ਜਹਾਨ ਦੀਏ" ਨਾਲ਼ ਗਾਇਕੀ ਦੇ ਖੇਤਰ ਵਿਚ ਕਦਮ ਰੱਖਿਆ ਅਤੇ ਬਾਅਦ ਵਿਚ "ਆਸ਼ਿਕ ਨੂੰ ਫ਼ਾਂਸੀ" ਐਲਬਮ ਜਾਰੀ ਕੀਤੀ ਜਿਸਦਾ ਗੀਤ “ਮੈਂ ਕੁੜੀ ਗ਼ਰੀਬਾਂ ਦੀ, ਮੈਨੂੰ ਪਿਆਰ ਨਾ ਮੁੰਡਿਆ ਕਰ ਵੇ” ਪੰਜਾਬੀ ਸੰਗੀਤ ਜਗਤ 'ਚ ਕਾਫੀ ਮਕਬੂਲ ਹੋਇਆ। ਇਸ ਤੋਂ ਬਾਅਦ ਵੱਡੀ ਭਾਬੀ ਮਾਂ ਵਰਗੀ ਅਤੇ ਦਿਲ ਦੀ ਗੱਲ ਅਗਲੀਆ ਐਲਬਮ ਕਰਕੇ ਵੀ ਉਹ ਕਾਫੀ ਚਰਚਾ 'ਚ ਰਹੇ ।

ਇਸ ਤੋਂ ਬਾਅਦ ਰੀਬਨ ਗਿਆ ਨਾ ਕੱਟਿਆ ਅਤੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ (1998) ਐਲਬਮ ਨੇ ਇਹਨਾਂ ਨੂੰ ਅਸਲੀ ਸ਼ੌਹਰਤ ਦਿੱਤੀ। ਇਸ ਦੇ ਨਾਲ ਹੀ ਦੱਸਣਯੋਗ ਹੈ ਕਿ 'ਮਾਹੀ ਚਾਹੁੰਦਾ ਕਿਸੇ ਹੋਰ ਨੂੰ', 'ਜਿੰਨੇ ਟੁਕੜੇ ਹੋਣੇ ਦਿਲ ਦੇ', 'ਯਾਰ ਦਿਲਦਾਰ' ਤੇ 'ਰੱਬਾ ਖੈਰ ਕਰੀ' ਵਰਗੇ ਗੀਤਾਂ ਨਾਲ ਚਰਚਾ 'ਚ ਰਹਿ ਚੁੱਕੇ ਹਨ। ਇਸ ਵੇਲੇ ਹਰਦੇਵ ਮਾਹੀਨੰਗਲ ਇਲਾਜ ਲਈ ਬਠਿੰਡਾ ਦੇ ਗਲੋਬਲ ਕੇਅਰ ਹਸਪਤਾਲ ਵਿਚ ਦਾਖਲ ਹਨ। ਡਾਕਟਰਾਂ ਵਲੋਂ ਅੰਦੇਸ਼ ਲਾਇਆ ਜਾ ਰਿਹਾ ਹੈ ਕਿ ਹਰਦੇਵ ਮਾਹੀਨੰਗਲ ਦੀ ਛਾਤੀ ‘ਚ ਅੰਦਰੂਨੀ ਸੱਟ ਵੱਜੀ ਹੈ ਜਿਸ ਨਾਲ ਉਨ੍ਹਾਂ ਨੂੰ ਬੋਲਣ ਅਤੇ ਉੱਠਣ ‘ਚ ਥੋੜੀ ਤਕਲੀਫ਼ ਹੋ ਰਹੀ ਹੈ। ਡਾਕਟਰਾਂ ਵੱਲੋਂ ਗਾਇਕ ਦਾ ਸਕੈਨ ਅਤੇ ਹੋਰ ਟੈਸਟ ਕੀਤੇ ਜਾ ਰਹੇ ਹਨ।