
ਅਮਲੋਹ, 15 ਦਸੰਬਰ (ਅੰਮ੍ਰਿਤ ਸ਼ੇਰਗਿੱਲ) : ਹਾਲ ਹੀ ਹੋਈ ਬਰਸਾਤ ਨੇ ਜਿਥੇ ਬਹੁਤ ਸਾਰੀਆਂ ਫ਼ਸਲਾਂ ਨੂੰ ਫ਼ਾਇਦਾ ਪਹੁੰਚਾਇਆ ਹੈ ਉੱਥੇ ਕਈ ਫ਼ਸਲਾਂ ਨੂੰ ਇਸ ਨਾਲ ਨੁਕਸਾਨ ਵੀ ਹੋਇਆ ਕਿਉਂਕਿ ਭਰਵੀਂ ਬਰਸਾਤ ਹੋਣ ਕਾਰਨ ਨੀਵੇਂ ਖੇਤਾਂ ਵਿਚ ਪਾਣੀ ਭਰ ਗਿਆ ਅਤੇ ਨਾਲ ਹੀ ਚੱਲੀ ਹਵਾ ਕਾਰਨ ਕੱਟਣ ਲਈ ਤਿਆਰ ਖੜਾ ਕਮਾਦ ਖੇਤਾਂ ਵਿਚ ਲੰਮਾ ਪੈ ਗਿਆ। ਬਰਸਾਤ ਦਾ ਸੱਭ ਤੋ ਜ਼ਿਆਦਾ ਫ਼ਾਇਦਾ ਕਣਕ ਦੇ ਉਨ੍ਹਾਂ ਖੇਤਾਂ ਨੂੰ ਹੋਇਆ ਜਿਸ ਨੂੰ ਪਾਣੀ ਲਗਾਉਣ ਦੀ ਲੋੜ ਸੀ ਕਿਉਂਕਿ ਬਰਸਾਤ ਦਰਮਿਆਨੀ ਹੋਈ ਹੈ ਇਸ ਲਈ ਕਣਕ ਨੂੰ ਟਿਊਬਵੈੱਲਾਂ ਦੇ ਪਾਣੀ ਨਾਲੋਂ ਇਸ ਦਾ ਜ਼ਿਆਦਾ ਫ਼ਾਇਦਾ ਹੋਵੇਗਾ। ਇਲਾਕੇ ਦੇ ਕਿਸਾਨਾਂ ਨੇ ਦਸਿਆ ਕਿ ਬਰਸਾਤ ਨਾਲ ਹੋਈ ਹਲਕੀ ਸਿੰਚਾਈ ਕਾਰਨ ਫ਼ਸਲ ਨੂੰ ਧੱਕਾ ਲੱਗਣ ਦੀ ਥਾਂ ਇਹ ਫ਼ਾਇਦਾ ਪਹੁੰਚਾਏਗਾ। ਇਸ ਬਰਸਾਤ ਦਾ ਆਲੂਆਂ, ਸਾਰੇ ਕਿਸਮ ਦੀਆਂ ਸਬਜ਼ੀਆਂ, ਪਸ਼ੂਆਂ ਦੇ ਹਰੇ ਚਾਰੇ ਨੂੰ ਕਾਫ਼ੀ ਫ਼ਾਇਦਾ ਹੋਵੇਗਾ ਕਿਉਕਿ ਇਨ੍ਹਾਂ ਸਾਰੀਆਂ ਫ਼ਸਲਾਂ ਨੂੰ ਸਿੰਚਾਈ ਦੀ ਬਹੁਤ ਲੋੜ ਸੀ ਜੋ ਬਰਸਾਤ ਨੇ ਪੂਰੀ ਕਰ ਦਿਤੀ। ਬਰਸਾਤ ਨਾਲ ਕਮਾਦ ਦੀ ਫ਼ਸਲ ਨੂੰ ਥੋੜਾ ਬਹੁਤ ਨੁਕਸਾਨ ਹੋਇਆ ਹੈ ਕਿਉਂਕਿ ਬਰਸਾਤ ਹੋਣ ਤੋ ਬਾਅਦ ਚਲੀ ਹਵਾ ਦੇ ਕਾਰਨ ਬਹੁਤ ਸਾਰੇ ਖੇਤਾਂ ਵਿਚ ਕਮਾਦ ਦੀ ਫ਼ਸਲ ਡਿਗ ਗਈ ਜਿਸ ਦਾ ਕਿਸਾਨਾਂ ਅਨੁਸਾਰ ਚੂਹੇ ਨੁਕਸਾਨ ਕਰ ਸਕਦੇ ਹਨ। ਨਾਹਰ ਸ਼ੂਗਰ ਮਿੱਲ ਅਮਲੋਹ ਦੇ ਗੰਨਾ ਮੈਨੇਜਰ ਸੁਧੀਰ ਕੁਮਾਰ ਨੇ ਦਸਿਆ ਕਿ ਜਿਨ੍ਹਾਂ ਖੇਤਾਂ ਵਿਚ ਗੰਨੇ ਦੀ ਫ਼ਸਲ ਡਿਗ ਗਈ ਹੈ ਉਨ੍ਹਾਂ ਖੇਤਾਂ ਵਿਚ ਗੰਨੇ ਦਾ ਝਾੜ ਘਟਣ ਦੀ ਸੰਭਾਵਨਾ ਹੈ ਅਤੇ ਇਸ ਗੰਨੇ ਤੋਂ ਬਣਨ ਵਾਲੀ ਖੰਡ ਦੀ ਮਾਤਰਾ ਵੀ ਪ੍ਰਭਾਵਤ ਹੋਵੇਗੀ। ਸਬਜ਼ੀ ਦਾ ਕੰਮ ਕਰਨ ਵਾਲੇ ਪਿੰਡ ਹਰੀਪੁਰ ਦੇ ਕਿਸਾਨ ਰਿਪੁਦਮਨ ਸਿੰਘ ਨੇ ਦਸਿਆ ਕਿ ਬਰਸਾਤ ਕਾਰਨ ਗਰਮੀ ਦੀਆਂ ਉਨ੍ਹਾਂ ਫ਼ਸਲਾਂ ਦੀ ਬਿਜਾਈ ਘੱਟੋ ਘੱਟ 10-12 ਦਿਨ ਪਛੜ ਜਾਵੇਗੀ ਜਿਨ੍ਹਾਂ ਬਿਜਾਈ ਕਿਸਾਨਾਂ ਨੇ ਇਨ੍ਹਾਂ ਦਿਨਾਂ ਵਿਚ ਸ਼ੁਰੂ ਕਰ ਦਿਤੀ ਸੀ। ਉਸ ਵਲੋਂ ਕਰੇਲੇ, ਖੀਰੇ ਅਤੇ ਮਿਰਚ ਦੀ ਬਿਜਾਈ ਲਈ ਖੇਤ ਤਿਆਰ ਕਰ ਲਏ ਸੀ ਪ੍ਰੰਤੂ ਬਰਸਾਤ ਹੋਣ ਕਾਰਨ ਇਨ੍ਹਾਂ ਦੀ ਬਿਜਾਈ ਵਿਚਕਾਰ ਹੀ ਰੁਕ ਗਈ ਹੈ। ਪਿੰਡ ਭਾਂਬਰੀ ਦੇ ਆਲੂ ਉਤਪਾਦਕ ਕਰਮ ਸਿੰਘ ਨੇ ਦਸਿਆ ਕਿ ਬਰਸਾਤ ਕਾਰਨ ਬਣੇ ਸਿੱਲ੍ਹੇ ਮੌਸਮ ਅਤੇ ਬਦਲਾਂ ਕਾਰਨ ਧੁੱਪ ਦੀ ਕਮੀ ਕਾਰਨ ਆਲੂ ਦੀ ਫ਼ਸਲ ਉੱਪਰ ਉੱਲੀ ਰੋਗ ਦੀ ਸੰਭਾਵਨਾ ਵਧ ਗਈ ਹੈ ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਉੱਲੀਨਾਸ਼ਕਾ ਦਾ ਛਿੜਕਾਅ ਕਰਨ ਦਾ ਕੰਮ ਛਿੜ ਗਿਆ। ਕੁੱਝ ਕਿਸਾਨਾਂ ਲਈ ਭਾਵੇਂ ਇਹ ਬਰਸਾਤ ਨੁਕਸਾਨਦਾਇਕ ਸਾਬਤ ਹੋਵੇਗੀ ਪ੍ਰੰਤੂ ਬਰਸਾਤ ਨਾਲ ਸ਼ੁੱਧ ਹੋਏ ਵਾਤਾਵਰਨ ਤੋਂ ਆਮ ਲੋਕ ਖ਼ੁਸ਼ ਹਨ।