
ਇਸ ਹਫਤੇ ਦੇ Top 5 Fact Checks
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"
"ਪੰਜਾਬ ਨੂੰ ਲੈ ਕੇ ਦੇਸ਼ 'ਚ ਭਾਈਚਾਰਕ ਸਾਂਝ ਖਰਾਬ ਕਰਨ ਦੀ ਕੋਸ਼ਿਸ਼"
"ਵਾਰਿਸ ਪੰਜਾਬ ਦੇ" ਮੁਖੀ ਅੰਮ੍ਰਿਤਪਾਲ ਸਿੰਘ ਦੀ ਕਾਲ 'ਤੇ ਕੁੱਝ ਦਿਨਾਂ ਪਹਿਲਾਂ ਅਜਨਾਲਾ 'ਚ ਥਾਣੇ ਨੂੰ ਘੇਰਿਆ ਗਿਆ ਅਤੇ ਇਸ ਦੌਰਾਨ ਪੁਲਿਸ-ਸਮਰਥਕਾਂ ਵਿਚਕਾਰ ਝੜਪ ਵੀ ਹੋਈ। ਇਸ ਘਟਨਾ ਨੇ ਪੂਰੇ ਦੇਸ਼ 'ਚ ਪੰਜਾਬ ਖਿਲਾਫ ਮਾਹੌਲ ਸਿਰਜਿਆ। ਹਜ਼ਾਰਾਂ ਟਵੀਟ-ਪੋਸਟ ਕਰ ਪੰਜਾਬ ਖਿਲਾਫ ਗੱਲਾਂ ਕੀਤੀ ਗਈਆਂ। ਯੂਜ਼ਰਸ ਨੇ ਦਾਅਵੇ ਕਰਨੇ ਸ਼ੁਰੂ ਕੀਤੇ ਕਿ ਪੰਜਾਬ 'ਚ 1984 ਵਾਲਾ ਮਾਹੌਲ ਮੁੜ ਬਣ ਗਿਆ ਹੈ। ਰਾਈਟ ਵਿੰਗ ਨੇ ਰੱਜ ਕੇ ਸਿੱਖਾਂ ਖਿਲਾਫ ਗੱਲਾਂ ਕੀਤੀਆਂ। ਇਸੇ ਲੜੀ 'ਚ ਪੰਜਾਬ 'ਤੇ ਨਿਸ਼ਾਨਾ ਸਾਧਦਾ ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋਇਆ। ਦਾਅਵਾ ਕੀਤਾ ਗਿਆ ਕਿ ਅਜਨਾਲਾ ਘਟਨਾ ਤੋਂ ਬਾਅਦ ਪੰਜਾਬ 'ਚ ਖਾਲਿਸਤਾਨ ਸਮਰਥਕਾਂ ਵੱਲੋਂ PM ਮੋਦੀ ਦੇ ਪੁਤਲੇ ਨੂੰ ਉਲਟਾ ਲਟਕਾਇਆ ਗਿਆ।
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2020 ਦਾ ਸੀ ਅਤੇ ਕਿਸਾਨੀ ਅੰਦੋਲਨ ਨਾਲ ਸਬੰਧ ਰੱਖਦਾ ਸੀ। ਪੁਰਾਣੇ ਵੀਡੀਓ ਨੂੰ ਮੁੜ ਵਾਇਰਲ ਕਰ ਭਾਈਚਾਰਕ ਸਾਂਝ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।"
ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
"ਡੌਂਕੀ ਲਾ ਕੇ ਜਾਂਦੇ ਸਮੇਂ ਵਾਪਰੇ ਇਟਲੀ ਕਿਸ਼ਤੀ ਹਾਦਸੇ ਦਾ ਨਹੀਂ ਹੈ ਇਹ ਵਾਇਰਲ ਵੀਡੀਓ"
ਬੀਤੇ ਦਿਨਾਂ ਇਟਲੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ। ਖਬਰ ਰਹੀ ਕਿ ਡੌਂਕੀ ਲਾ ਕੇ ਯੂਰਪ ਵੱਲ ਨੂੰ ਜਾ ਰਹੀ ਕਿਸ਼ਤੀ ਸਮੁੰਦਰ 'ਚ ਡੁੱਬ ਗਈ ਜਿਸਦੇ ਕਾਰਣ ਲੱਗਭਗ 60 ਲੋਕ ਆਪਣੀ ਜਾਨ ਗਵਾ ਬੈਠੇ ਅਤੇ ਹਾਲੇ ਵੀ ਕਈ ਲਾਪਤਾ ਹਨ।
ਲਾਜ਼ਮੀ ਸੀ ਕਿ ਇਸ ਖਬਰ ਨੂੰ ਮੀਡੀਆ ਅਦਾਰਿਆਂ ਨੇ ਕਵਰ ਕੀਤਾ ਅਤੇ ਮਾਮਲੇ ਦੀਆਂ ਵੀਡੀਓਜ਼ ਸਾਂਝੀ ਕੀਤੀਆਂ। ਅਜਿਹਾ ਹੀ ਇੱਕ ਵੀਡੀਓ ਮਾਮਲੇ ਦੇ ਅਪਡੇਟ ਵੱਜੋਂ ਸਾਂਝਾ ਕੀਤਾ ਗਿਆ ਜਿਸਦੇ ਵਿਚ ਇੱਕ ਕਿਸ਼ਤੀ ਨੂੰ ਡੁੱਬਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਮੌਕੇ ਦਾ ਵੀਡੀਓ ਹੈ। ਕੁਝ ਮੀਡੀਆ ਅਦਾਰਿਆਂ ਨੇ ਵੀਡੀਓ ਨੂੰ ਮਾਮਲੇ ਦਾ ਮੌਕੇ ਦਾ ਵੀਡੀਓ ਦੱਸਿਆ।
"ਰੋਜ਼ਾਨਾ ਸਪੋਕਸਮੈਨ ਨੇ ਜਦੋਂ ਵੀਡੀਓ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਜਿਹੜੇ ਵੀਡੀਓ ਨੂੰ ਮੌਕੇ ਦਾ ਵੀਡੀਓ ਦੱਸਿਆ ਜਾ ਰਿਹਾ ਹੈ ਉਹ ਅਸਲ ਵਿਚ ਅਮਰੀਕਾ ਦਾ ਸੀ ਜਦੋਂ ਇੱਕ ਕੋਸਟ ਗਾਰਡ ਵੱਲੋਂ ਇੱਕ ਵਿਅਕਤੀ ਦੀ ਜਾਨ ਬਚਾਈ ਗਈ ਸੀ। ਵਾਇਰਲ ਵੀਡੀਓ ਇਟਲੀ ਹਾਦਸੇ ਨਾਲ ਸਬੰਧ ਨਹੀਂ ਰੱਖਦਾ ਸੀ।"
ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
"ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵਾਇਰਲ ਇਹ ਵੀਡੀਓ ਐਡੀਟੇਡ ਹੈ"
ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇੰਟਰਵਿਊ ਦੇ ਕੋਲਾਜ ਦਾ ਵੀਡੀਓ ਕਲਿਪ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ CM ਮਾਨ ਨੂੰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ 9 ਮਹੀਨਿਆ ਦੇ ਕੰਮ ਦੇ ਰਿਪੋਰਟ ਕਾਰਡ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ “ਸਿਰਫ ਇਸ਼ਤਿਹਾਰ ਹੀ ਚੱਲ ਰਿਹਾ ਹੈ”। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨੇ ਸਾਧੇ ਗਏ।
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਸੀ।"
ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
"ਸੁਨਾਮ ਦੀ ਨਹੀਂ ਬਲਕਿ ਮੋਹਾਲੀ ਦੀ ਹੈ ਵਿਅਕਤੀ ਦੇ ਹੱਥ ਦੀਆਂ ਉਂਗਲਾਂ ਵੱਢਣ ਵਾਲੀ ਇਹ ਘਟਨਾ"
ਸੋਸ਼ਲ ਮੀਡਿਆ 'ਤੇ ਬੀਤੇ ਦਿਨਾਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਕੁਝ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਦੇ ਹੱਥ ਦੀਆਂ ਉਂਗਲਾਂ ਨੂੰ ਤਲਵਾਰ ਨਾਲ ਦਿਨ-ਦਿਹਾੜੇ ਵੱਡ ਦਿੰਦਾ ਜਾਂਦਾ ਹੈ। ਹੁਣ ਦਾਅਵਾ ਕੀਤਾ ਗਿਆ ਕਿ ਮਾਮਲਾ ਪੰਜਾਬ ਦੇ ਸੁਨਾਮ ਦਾ ਸੀ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨੇ ਸਾਧੇ ਗਏ।
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਸੁਨਾਮ ਦਾ ਨਹੀਂ ਬਲਕਿ ਮੋਹਾਲੀ ਜ਼ਿਲ੍ਹੇ ਦਾ ਸੀ।"
ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
"ਕੀ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦੇ ਸੋਸ਼ਲ ਮੀਡੀਆ ਹੈਂਡਲਸ ਦੀ ਕਰੇਗੀ ਨਿਗਰਾਨੀ?"
ਬੀਤੇ ਦਿਨਾਂ ਸੋਸ਼ਲ ਮੀਡਿਆ 'ਤੇ ਇੱਕ ਨੋਟੀਫਿਕੇਸ਼ਨ ਵਾਇਰਲ ਹੋਣਾ ਸ਼ੁਰੂ ਹੋਇਆ ਜਿਸਦੇ ਨਾਲ ਦਾਅਵਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਉਹ ਆਪਣੇ ਸਰਕਾਰੀ ਮੁਲਾਜ਼ਮਾਂ ਦੇ ਸੋਸ਼ਲ ਮੀਡਿਆ ਅਕਾਊਂਟਸ ਦੀ ਨਿਗਰਾਨੀ ਕਰੇਗੀ। ਇਸਦਾ ਮੁਖ ਕਾਰਣ ਸਿਰਫ ਇਹ ਹੈ ਕਿ ਜੇ ਕੋਈ ਸਰਕਾਰੀ ਮੁਲਾਜ਼ਮ ਪੰਜਾਬ ਸਰਕਾਰ ਖਿਲਾਫ ਜਾਂ ਉਸਦੀ ਕਿਸੇ ਪੋਲਿਸੀ ਖਿਲਾਫ ਲਿਖਦਾ ਹੈ ਤਾਂ ਓਹਦੇ 'ਤੇ ਕਾਰਵਾਈ ਕੀਤੀ ਜਾਵੇਗੀ।
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ ਸੀ।"
ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।
Fact Check Section