
ਇਹ ਵੀਡੀਓ ਹਾਲੀਆ ਨਹੀਂ ਬਲਕਿ 2015 ਦਾ ਹੈ ਅਤੇ ਇਸਦਾ ਹਾਲੀਆ ਇਜ਼ਰਾਈਲ-ਹਮਾਸ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਹਥਿਆਰਬੰਦ ਵਿਅਕਤੀਆਂ ਨੂੰ ਜ਼ਮੀਨ 'ਤੇ ਮੱਥਾ ਟੇਕਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮਾਸ ਲੜਾਕੇ ਇਜ਼ਰਾਈਲ 'ਚ ਦਾਖਲ ਹੋਣ ਤੋਂ ਬਾਅਦ ਮੱਥਾ ਟੇਕ ਰਹੇ ਹਨ।
ਫੇਸਬੁੱਕ ਯੂਜ਼ਰ ਅਰਜੁਨ ਰਾਜਪੂਤ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਮੋਸਾਦ ਦੁਆਰਾ ਕਿੱਥੇ ਇਜ਼ਰਾਈਲ ਹਮਲੇ ਤੇ ਇਕ ਵੀਡੀਓ ਜਿਸ ਵਿਚ ਲੜਾਕੇ ਇਜ਼ਰਾਈਲ ਦੇ ਅੰਦਰ ਆ ਚੁੱਕੇ ਨੇ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨੂੰ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2015 ਦਾ ਹੈ ਅਤੇ ਇਸਦਾ ਹਾਲੀਆ ਇਜ਼ਰਾਈਲ-ਹਮਾਸ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ 2015 ਦਾ ਹੈ
ਸਾਨੂੰ ਵਾਇਰਲ ਵੀਡੀਓ 28 ਮਾਰਚ 2015 ਨੂੰ 'Halab Today TV' ਨਾਂਅ ਦੇ ਇੱਕ ਅਧਿਕਾਰਿਕ ਫੇਸਬੁੱਕ ਪੇਜ 'ਤੇ ਅਪਲੋਡ ਮਿਲਿਆ। ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ ਇਦਲਿਬ ਦੇ ਪੂਰੇ ਸ਼ਹਿਰ ਨੂੰ ਜਿੱਤਣ ਤੋਂ ਬਾਅਦ ਫੌਜ ਨੇ ਹਾਨਾਨੋ ਸਕੁਏਅਰ 'ਚ ਰੱਬ ਨੂੰ ਮੱਥਾ ਟੇਕਿਆ।
ਇਸੇ ਸਰਚ ਦੌਰਾਨ ਸਾਨੂੰ 28 ਮਾਰਚ, 2022 ਨੂੰ ਅਨਾਬਲਾਡੀ ਨਾਂਅ ਦੀ ਇੱਕ ਵੈਬਸਾਈਟ 'ਤੇ ਪ੍ਰਕਾਸ਼ਿਤ ਇਕ ਲੇਖ ਵਿੱਚ ਵਾਇਰਲ ਹੋ ਰਹੇ ਵੀਡੀਓ ਦਾ ਫ੍ਰੇਮ ਮਿਲਿਆ। ਰਿਪੋਰਟ ਮੁਤਾਬਕ ਇਹ ਤਸਵੀਰ 28 ਮਾਰਚ 2015 ਨੂੰ ਇਦਲਿਬ ਸ਼ਹਿਰ ਉੱਤੇ ਕਬਜ਼ਾ ਕਰਨ ਤੋਂ ਬਾਅਦ ਮੱਥਾ ਟੇਕ ਰਹੇ ਇਸਲਾਮੀ ਸਮੂਹਾਂ ਦੀ ਹੈ।
ਦੱਸ ਦਈਏ ਇਸ ਅਨਾਬਲਾਦੀ ਨਿਊਜ਼ ਵੈਬਸਾਈਟ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਵੀ ਵਾਇਰਲ ਵੀਡੀਓ ਅਪਲੋਡ ਮਿਲਿਆ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਮਤਲਬ ਸਾਫ ਸੀ ਕਿ ਇਸ ਵੀਡੀਓ ਦਾ ਇਜ਼ਰਾਈਲ-ਹਮਾਸ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।
ਨਤੀਜਾ - ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨੂੰ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2015 ਦਾ ਹੈ ਅਤੇ ਇਸਦਾ ਹਾਲੀਆ ਇਜ਼ਰਾਈਲ-ਹਮਾਸ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।