
ਇਸ ਹਫਤੇ ਦੇ Top 5 Fact Checks
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"
No. 1- Fact Check: CNG ਗੈਸ ਭਰਦੇ ਸਮੇਂ ਵਾਪਰਿਆ ਸੀ ਇਹ ਹਾਦਸਾ, ਵੀਡੀਓ ਕਿਸੇ ਇਲੈਕਟ੍ਰਿਕ ਕਾਰ ਦਾ ਨਹੀਂ ਹੈ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਗੱਡੀ 'ਚ ਬਲਾਸਟ ਹੁੰਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਵੀਡੀਓ ਇੱਕ ਇਲੈਕਟ੍ਰਿਕ ਕਾਰ ਦਾ ਹੈ ਜਦੋਂ ਚਾਰਜਿੰਗ ਕਰਦੇ ਸਮੇਂ ਗੱਡੀ 'ਚ ਬ੍ਲਾਸ੍ਟ ਹੋ ਗਿਆ। ਵੀਡੀਓ ਵਾਇਰਲ ਕਰਦਿਆਂ ਇਲੈਕਟ੍ਰਿਕ ਗੱਡੀਆਂ ਨੂੰ ਖਤਰਨਾਕ ਦੱਸਿਆ ਗਿਆ।
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ CNG ਗੈਸ ਭਰਦੇ ਸਮੇਂ ਵਾਪਰੇ ਸਿਲੰਡਰ ਬਲਾਸਟ ਦਾ ਸੀ। ਇਸ ਵੀਡੀਓ ਵਿਚ ਇਲੈਕਟ੍ਰਿਕ ਕਾਰ ਨਹੀਂ ਸੀ।"
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No. 2- Fact Check: ਕੀ ਹਰਿਆਣਾ 'ਚ ਹੋਈ ਵਿਧਾਇਕ ਨਾਲ ਕੁੱਟਮਾਰ? ਜਾਣੋ ਵਾਇਰਲ ਵੀਡੀਓ ਦਾ ਅਸਲ ਸੱਚ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਕੁਝ ਲੋਕਾਂ ਵੱਲੋਂ ਇੱਕ ਦਫਤਰ 'ਚ ਇੱਕ ਵਿਅਕਤੀ ਨਾਲ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਮਾਮਲਾ ਹਰਿਆਣਾ ਦਾ ਹੈ ਜਿਥੇ ਇੱਕ ਵਿਧਾਇਕ ਨੂੰ ਗ੍ਰਾਮੀਣ ਲੋਕਾਂ ਵੱਲੋਂ ਕੰਮ ਨਾ ਕਰਨ ਕਰਕੇ ਕੁੱਟਿਆ ਗਿਆ।
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਜੁਲਾਈ 2020 ਦਾ ਸੀ ਜਦੋਂ ਕਰਨਾਲ ਦੇ ਮੂਨਕ ਵਿਖੇ ਐਸ.ਡੀ.ਓ ਦਫ਼ਤਰ ਵਿਚ 2 ਧਿਰਾਂ ਵਿਚਕਾਰ ਕੁੱਟਮਾਰ ਹੋਈ ਸੀ।"
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No. 3- Fact Check: ਪਪਲਪ੍ਰੀਤ ਦੀ ਗ੍ਰਿਫ਼ਤਾਰੀ ਹੋਈ ਸੱਚ... ਪਰ ਇਹ ਤਸਵੀਰ 2015 ਦੀ ਹੈ
10 ਅਪ੍ਰੈਲ 2023 ਨੂੰ ਇੱਕ ਖਬਰ ਨੇ ਸੁਰਖੀ ਦਾ ਰੂਪ ਧਾਰਿਆ। ਖਬਰ ਸੀ ਅੰਮ੍ਰਿਤਪਾਲ ਸਿੰਘ ਨਾਲ ਫਰਾਰ ਚਲ ਰਹੇ ਉਸਦੇ ਸਾਥੀ ਪਪਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੀ। ਸ਼ਾਮ ਹੁੰਦਿਆਂ 4 ਵਜੇ ਪੰਜਾਬ ਪੁਲਿਸ ਦੇ IG ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਵਾਰਤਾ ਕਰਦਿਆਂ ਸਾਫ ਕੀਤਾ ਕਿ ਪਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਅੰਮ੍ਰਿਤਸਰ ਰੂਰਲ ਪੁਲਿਸ ਵੱਲੋਂ ਕੱਥੂ ਨੰਗਲ ਇਲਾਕੇ ਤੋਂ ਕੀਤੀ ਗਈ। ਹੁਣ ਇਸੇ ਦੌਰਾਨ ਪੰਜਾਬ ਦੇ ਨਾਮਵਰ ਮੀਡੀਆ ਅਦਾਰੇ ਨੇ ਪਪਲਪ੍ਰੀਤ ਸਿੰਘ ਦੀ ਇੱਕ ਤਸਵੀਰ ਸਾਂਝੀ ਕੀਤੀ ਜਿਸਦੇ ਵਿਚ ਉਸਨੂੰ ਗ੍ਰਿਫ਼ਤਾਰ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਤਸਵੀਰ ਹਾਲੀਆ ਗ੍ਰਿਫ਼ਤਾਰੀ ਦੀ ਹੈ।
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2015 ਦੀ ਸੀ। ਪੁਰਾਣੀ ਤਸਵੀਰ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ।"
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No. 4- Fact Check: ਅਸ਼ੋਕ ਗਹਿਲੋਤ ਨੇ ਨਹੀਂ ਕੀਤਾ ਅੰਮ੍ਰਿਤਪਾਲ ਦਾ ਸਮਰਥਨ, ਵਾਇਰਲ ਦਾਅਵਾ ਗੁੰਮਰਾਹਕੁਨ ਹੈ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ CM ਨੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕੀਤਾ। ਵੀਡੀਓ ‘ਚ ਗਹਿਲੋਤ ਕਹਿੰਦੇ ਹਨ, ”ਅੰਮ੍ਰਿਤਪਾਲ ਸਿੰਘ ਕਹਿ ਰਹੇ ਹਨ ਕਿ ਹਿੰਦੂ ਰਾਸ਼ਟਰ ਗੱਲ ਕਰਦਾ ਹੈ ਤਾਂ ਮੈਂ ਗੱਲ ਕਿਉਂ ਨਾ ਕਰਾਂ।"
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਪਾਇਆ ਕਿ ਯੂਜ਼ਰਸ ਅਸ਼ੋਕ ਗਹਿਲੋਤ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਰਾਜਸਥਾਨ ਦੇ ਮੁੱਖ ਮੰਤਰੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।"
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No. 5- Fact Check: ਬਠਿੰਡਾ ਮਿਲਟਰੀ ਸਟੇਸ਼ਨ 'ਚ ਹੋਈ ਫਾਇਰਿੰਗ ਨੂੰ ਲੈ ਕੇ ਵਾਇਰਲ ਹੋਇਆ ਗੁੰਮਰਾਹਕੁਨ ਦਾਅਵਾ
ਬੀਤੇ ਦਿਨਾਂ ਬਠਿੰਡਾ 'ਚ ਮਿਲਿਟਰੀ ਸਟੇਸ਼ਨ 'ਤੇ ਸਵੇਰ 4:30 ਨੂੰ ਹੋਈ ਗੋਲੀਬਾਰੀ ਵਿਚ ਚਾਰ ਜਵਾਨ ਸ਼ਹੀਦ ਹੋਣ ਦੀ ਖਬਰ ਆਈ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡਿਆ 'ਤੇ ਇੱਕ ਪੋਸਟ ਵਾਇਰਲ ਹੋਣ ਲੱਗਾ ਜਿਸਦੇ ਅਨੁਸਾਰ ਇਸ ਘਟਨਾ ਨੂੰ ਇੱਕ ਸਿੱਖ ਫੌਜੀ ਵੱਲੋਂ ਅੰਜਾਮ ਦਿੱਤਾ ਗਿਆ ਤੇ ਕਥਿਤ ਤੌਰ 'ਤੇ 18 ਹੋਰਸ ਰੈਜੀਮੈਂਟ ਨਾਲ ਸਬੰਧਤ ਚਾਰ ਹਿੰਦੂ ਫੌਜੀਆਂ ਨੂੰ ਮਾਰ ਦਿੱਤਾ।
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਸੀ। ਭਾਰਤੀ ਸੈਨਾ ਵਿੱਚ 18 ਹੋਰਸ ਰੈਜੀਮੈਂਟ ਨਹੀਂ ਹੈ। 18 ਹੋਰਸ ਰੈਜੀਮੈਂਟ ਪਾਕਿਸਤਾਨ ਸੈਨਾ ਦਾ ਹਿੱਸਾ ਹੈ ਤੇ ਹਾਲੀਆ ਮੌਜੂਦ ਜਾਣਕਾਰੀ ਅਨੁਸਾਰ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਜਵਾਨਾਂ ਨੂੰ ਮਾਰਨ ਵਾਲਾ ਵਿਅਕਤੀ ਇੱਕ ਸਿੱਖ ਫੌਜੀ ਸੀ।"
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।
Fact Check Section