
ਪਿਛਲੇ ਸਾਲ 13,431 ਮੈਗਾਵਾਟ ਦੀ ਮੰਗ ਮੁਕਾਬਲੇ ਹੋਈ 14,295 ਮੈਗਾਵਾਟ ਬਿਜਲੀ ਦੀ ਸਪਲਾਈ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੇ ਵਾਅਦੇ ਅਨੁਸਾਰ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਨਿਰਵਿਘਨ ਬਿਜਲੀ ਦਿੱਤੀ ਗਈ ਹੈ। ਮਾਰਚ ਤੋਂ ਅਗਸਤ 2022 ਤੱਕ ਗਰਮੀਆਂ ਦੇ ਸੀਜ਼ਨ ਦੌਰਾਨ ਪੀ.ਐਸ.ਪੀ.ਸੀ.ਐਲ. ਨੇ 22 ਅਗਸਤ 2022 ਨੂੰ 14,295 ਮੈਗਾਵਾਟ ਬਿਜਲੀ ਦੀ ਸਿਖਰ ਮੰਗ ਨੂੰ ਪੂਰਾ ਕਰਕੇ ਇਕ ਰਿਕਾਰਡ ਬਣਾਇਆ ਜੋ ਸਿਖਰ ਦੀ ਮੰਗ ਨਾਲੋਂ 6.23 ਪ੍ਰਤੀਸ਼ਤ ਵੱਧ ਹੈ।
ਮਾਰਚ ਤੋਂ ਅਗਸਤ 2022 ਤੱਕ ਕੁੱਲ ਬਿਜਲੀ ਦੀ ਖਪਤ 38,449 ਮਿਲੀਅਨ ਯੂਨਿਟ ਰਹੀ, ਜੋ ਪਿਛਲੇ ਸਾਲ ਦੇ 33,963 ਮਿਲੀਅਨ ਯੂਨਿਟ ਦੇ ਮੁਕਾਬਲੇ 13.21 ਫੀਸਦੀ ਵੱਧ ਹੈ। ਚਾਲੂ ਸਾਲ ਦੌਰਾਨ 14,295 ਮੈਗਾਵਾਟ ਬਿਜਲੀ ਦੀ ਸਭ ਤੋਂ ਵੱਧ ਮੰਗ ਨੂੰ ਸਫਲਤਾਪੂਰਵਕ ਪੂਰਾ ਕਰਦਿਆਂ, ਪਿਛਲੇ ਸਾਲ ਦੇ 13,431 ਮੈਗਾਵਾਟ ਬਿਜਲੀ ਸਪਲਾਈ ਦੇ ਰਿਕਾਰਡ ਨੂੰ ਤੋੜਿਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਪਾਵਰ ਟਰਾਂਸਮਿਸ਼ਨ ਨੈੱਟਵਰਕ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਹੈ ਤਾਂ ਜੋ ਏ.ਟੀ.ਸੀ./ਟੀ.ਟੀ.ਸੀ. ਸੀਮਾ ਵਧਾਈ ਜਾ ਸਕੇ। ਭਗਵੰਤ ਮਾਨ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੀ.ਐਸ.ਪੀ.ਸੀ.ਐਲ. ਵੱਲੋਂ ਲੋਕਾਂ ਨੂੰ ਬਿਜਲੀ ਸਬੰਧੀ ਜਾਗਰੂਕ ਕਰਨ ਅਤੇ ਬਿਜਲੀ ਦੀ ਬੱਚਤ ਲਈ ਛੋਟੀਆਂ-ਛੋਟੀਆਂ ਫਿਲਮਾਂ ਵੀ ਦਿਖਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਸਾਧਨਾਂ ਰਾਹੀਂ ਲੋਕਾਂ ਨੂੰ ਬਿਜਲੀ ਬਚਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।