
ਬਕਾਏ ਦੀ ਅਦਾਇਗੀ ਤੇ ਗੰਨਾ ਬਾਂਡ ਕਰਨ ਦੀ ਮੰਗ ਲਈ ਸ਼ੂਗਰ ਮਿੱਲ ਰੰਧਾਵਾ ਅੱਗੇ ਸੜਕ ਜਾਮ ਕਰ ਕੇ ਗੰਨਾ ਕਾਸ਼ਤਕਾਰਾਂ ਵਲੋਂ ਲਗਾਇਆ ਧਰਨਾ........
ਗੜ੍ਹਦੀਵਾਲਾ : ਬਕਾਏ ਦੀ ਅਦਾਇਗੀ ਤੇ ਗੰਨਾ ਬਾਂਡ ਕਰਨ ਦੀ ਮੰਗ ਲਈ ਸ਼ੂਗਰ ਮਿੱਲ ਰੰਧਾਵਾ ਅੱਗੇ ਸੜਕ ਜਾਮ ਕਰ ਕੇ ਗੰਨਾ ਕਾਸ਼ਤਕਾਰਾਂ ਵਲੋਂ ਲਗਾਇਆ ਧਰਨਾ ਬੀਤੀ ਰਾਤ ਐਸਡੀਐਮ ਮੁਕੇਰੀਆਂ ਦੇ ਦਖ਼ਲ ਨਾਲ ਆਪਸੀ ਸਹਿਮਤੀ ਬਣਨ 'ਤੇ ਮਿੱਲ ਪ੍ਰਬੰਧਕਾਂ ਦੇ ਭਰੋਸੇ 'ਤੇ ਖਰੇ ਨਾ ਉਤਰਣ 'ਤੇ ਮੁੜ ਸੰਘਰਸ਼ ਦੀ ਚੇਤਾਵਨੀ ਉਪਰੰਤ ਚੁੱਕ ਲਿਆ ਗਿਆ। ਐਸਡੀਐਮ ਹਰਚਰਨ ਸਿੰਘ ਨੇ ਮਿੱਲ ਪ੍ਰਬੰਧਕਾਂ ਨਾਲ ਗੱਲਬਾਤ ਉਪਰੰਤ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ 2 ਜੁਲਾਈ ਨੂੰ ਮਿੱਲ ਪ੍ਰਬੰਧਕ ਕਿਸਾਨਾਂ ਨੂੰ 5 ਕਰੋੜ ਦੀ ਪਹਿਲੀ ਕਿਸ਼ਤ ਦੀ ਅਦਾਇਗੀ ਕਰ ਕੇ 10 ਜੁਲਾਈ ਤਕ ਖੰਡ ਦੀ ਵਿਕਰੀ ਦੀ ਸਾਰੀ ਰਕਮ ਕਿਸਾਨਾਂ ਖਾਤੇ ਪਾ ਦੇਣਗੇ
ਅਤੇ ਰਹਿੰਦੀ ਅਦਾਇਗੀ ਲਈ ਕੇਂਦਰ ਸਰਕਾਰ ਵਲੋਂ ਮਿਲਣ ਵਾਲੀ ਰਾਹਤ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਪਾਈ ਜਾਵੇਗੀ। ਦੱਸਣਯੋਗ ਹੈ ਕਿ ਖੰਡ ਮਿੱਲ ਰੰਧਾਵਾ ਵੱਲ ਇਲਾਕੇ ਦੇ ਕਿਸਾਨਾਂ ਦੀ ਕਰੀਬ 65 ਕਰੋੜ ਦੀ ਰਾਸ਼ੀ ਖੜੀ ਹੈ, ਜਿਸ ਲਈ ਕਿਸਾਨਾਂ ਨੇ 29 ਜੂਨ ਤੋਂ ਪੱਕਾ ਧਰਨਾ ਸ਼ੁਰੂ ਕੀਤਾ ਸੀ। ਮਿੱਲ ਪ੍ਰਬੰਧਕ ਗੰਨਾ ਬਾਂਡ ਕਰੀਬ 20 ਦਿਨ ਬਾਅਦ ਕਰਨ ਅਤੇ ਖੰਡ ਦੀ ਵਿਕਰੀ 'ਤੇ ਲਮਕਦੀ ਅਦਾਇਗੀ ਕਰਨ 'ਤੇ ਅੜੇ ਹੋਏ ਸਨ, ਜਦੋਂ ਕਿ ਕਿਸਾਨਾਂ ਦੀ ਮੰਗ ਸੀ ਕਿ ਗੰਨਾ ਜੀਪੀਐਸ ਸਿਸਟਮ ਰਾਹੀਂ ਤੁਰਤ ਬਾਂਡ ਕਰਨਾ ਸ਼ੁਰੂ ਕਰਕੇ ਬਕਾਇਆ ਸਮਾਂਬੱਧ ਤਿੰਨ ਕਿਸ਼ਤਾਂ ਵਿਚ ਅਦਾਇਗੀ ਕੀਤੀ ਜਾਵੇ।
ਮਸਲੇ ਨੂੰ ਲੈ ਕੇ ਖੰਡ ਮਿੱਲ ਅਧਿਕਾਰੀਆਂ ਤੇ ਸੰਘਰਸ਼ ਕਮੇਟੀ ਆਗੂਆਂ ਵਿਚਾਲੇ ਦੋ ਵਾਰ ਗੱਲਬਾਤ ਹੋਈ ਪਰ ਬੇਸਿੱਟਾ ਰਹਿਣ ਕਾਰਨ ਗੰਨਾ ਕਾਸ਼ਤਕਾਰਾਂ 30 ਜੂਨ ਨੂੰ ਬਾਅਦ ਦੁਪਿਹਰ ਦਸੂਹਾ ਹੁਸ਼ਿਆਰਪੁਰ ਮਾਰਗ ਜਾਮ ਕਰ ਦਿਤਾ ਸੀ। ਮਸਲੇ ਨੂੰ ਨਜਿੱਠਣ ਲਈ ਐਸਡੀਐਮ ਮੁਕੇਰੀਆਂ ਹਰਚਰਨ ਸਿੰਘ ਵਲੋਂ ਖੰਡ ਮਿੱਲ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਕਿਸਾਨਾਂ ਨੂੰ ਭਰੋਸਾ ਦੁਆਇਆ ਗਿਆ ਕਿ 5 ਕਰੋੜ ਦੀ ਪਹਿਲੀ ਅਦਾਇਗੀ ਸੋਮਵਾਰ 2 ਜੁਲਾਈ ਨੂੰ ਅਤੇ ਦੂਜੀ ਕਿਸ਼ਤ ਵਜੋਂ 10 ਜੁਲਾਈ ਤਕ ਵਿਕਣ ਵਾਲੀ ਖੰਡ ਦੀ ਰਾਸ਼ੀ ਕਿਸਾਨਾਂ ਨੂੰ ਖਾਤਿਆਂ ਰਾਹੀਂ ਅਦਾ ਕਰ ਦਿਤੀ ਜਾਵੇਗੀ।
ਰਹਿੰਦੀ ਬਕਾਇਆ ਰਾਸ਼ੀ ਲਈ ਲਿਸਟਾਂ ਬਣਾ ਕੇ ਸਰਕਾਰ ਨੂੰ ਭੇਜ ਦਿਤੀਆਂ ਜਾਣਗੀਆਂ। ਗੰਨਾ ਬਾਂਡ ਕਰਨ ਸਬੰਧੀ ਐਸਡੀਐਮ ਨੇ ਕਿਹਾ ਕਿ 7 ਜੁਲਾਈ ਤੋਂ ਗੰਨੇ ਦਾ ਸਰਵੇ ਸ਼ੁਰੂ ਕਰ ਦਿਤਾ ਜਾਵੇਗਾ। ਐਸਡੀਐਮ ਦੇ ਭਰੋਸੇ 'ਤੇ ਸਹਿਮਤੀ ਪ੍ਰਗਟਾਉਂਦਿਆਂ ਸੰਘਰਸ਼ ਕਮੇਟੀ ਨੇ ਚੇਤਾਵਨੀ ਦਿਤੀ ਕਿ ਜੇਕਰ ਆਪਸੀ ਸਮਿਹਤੀ ਅਨੁਸਾਰ ਖੰਡ ਮਿੱਲ 10 ਜੁਲਾਈ ਤਕ ਕਰੀਬ 18 ਕਰੋੜ ਦੀ ਰਾਸ਼ੀ ਨਹੀਂ ਪਾਉਂਦੀ ਜਾਂ ਗੰਨਾ ਬਾਂਡ ਕਰਨ ਅਤੇ ਰਾਸ਼ੀ ਅਦਾ ਕਰਨ ਵਿਚ ਦੇਰੀ ਕਰਦੀ ਹੈ ਤਾਂ 16 ਜੁਲਾਈ ਤੋਂ ਮੁੜ ਧਰਨਾ ਸ਼ੁਰੂ ਕਰ ਦਿਤਾ ਜਾਵੇਗਾ।
ਇਸ ਮੌਕੇ ਗੁਰਪ੍ਰੀਤ ਹੀਰਾਹਰ, ਹਰਬਿੰਦਰ ਸਿੰਘ ਜੌਹਲ, ਅਮਰਜੀਤ ਸਿੰਘ ਬਾਹਲਾ, ਸੇਵਾ ਸਿੰਘ ਡੱਫਰ, ਦਲਵੀਰ ਸਿੰਘ, ਹਰਵਿੰਦਰ ਸਿੰਘ, ਖੁਸ਼ਵੰਤ ਸਿੰਘ ਬਡਿਆਲ, ਕੁਲਵਿੰਦਰ ਸਿੰਘ, ਗੁਰਦਿਆਲ ਸਿੰਘ ਬਾਹਲਾ, ਜਸਵੀਰ ਸਿੰਘ ਡੱਫਰ, ਸੁਰਜੀਤ ਸਿੰਘ, ਜਸਪਾਲ ਸਿੰਘ ਆਦਿ ਵੀ ਹਾਜ਼ਰ ਸਨ।