ਸੂਬੇ ਲਈ ਵਰਦਾਨ ਬਣ ਸਕਦੈ ਝੋਨੇ ਦੀ ਸਿੱਧੀ ਬਿਜਾਈ ਦਾ ਰੁਝਾਨ!
Published : Jun 3, 2020, 8:10 am IST
Updated : Jun 3, 2020, 8:15 am IST
SHARE ARTICLE
File
File

ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਗਿਣਤੀ 'ਚ ਵਾਪਸੀ ਨਾਲ ਝੋਨੇ ਦੀ ਲਵਾਈ ਦੀਆਂ ਬਰੂਹਾਂ 'ਤੇ ਖੜੇ ਕਿਸਾਨਾਂ ਲਈ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ

ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਗਿਣਤੀ 'ਚ ਵਾਪਸੀ ਨਾਲ ਝੋਨੇ ਦੀ ਲਵਾਈ ਦੀਆਂ ਬਰੂਹਾਂ 'ਤੇ ਖੜੇ ਕਿਸਾਨਾਂ ਲਈ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ। ਸਥਾਨਕ ਮਜ਼ਦੂਰਾਂ ਨਾਲ ਕਈ ਥਾਵਾਂ 'ਤੇ ਲੁਆਈ ਦੇ ਰੇਟਾਂ 'ਤੇ ਸਹਿਮਤੀ ਦੀ ਸਮੱਸਿਆ ਵੀ ਆ ਰਹੀ ਹੈ। ਰੇਟ ਤੋਂ ਇਲਾਵਾ ਸਥਾਨਕ ਮਜ਼ਦੂਰਾਂ ਦੀ ਘੱਟ ਨਫ਼ਰੀ ਦੇ ਚਲਦਿਆਂ ਵੀ ਸਮੁੱਚੇ ਰਕਬੇ 'ਚ ਝੋਨੇ ਦੀ ਲੁਆਈ ਕਰ ਸਕਣਾ ਸਥਾਨਕ ਮਜ਼ਦੂਰਾਂ ਦੇ ਵੱਸ ਦੀ ਗੱਲ ਨਹੀਂ। ਝੋਨੇ ਦੀ ਲੁਆਈ ਦੇ ਰੇਟਾਂ 'ਚ ਆਈ ਤੇਜ਼ੀ ਅਤੇ ਮਜ਼ਦੂਰਾਂ ਦੀ ਗਿਣਤੀ ਘੱਟ ਹੋਣ ਦੀ ਮਜਬੂਰੀ ਦੇ ਚਲਦਿਆਂ ਕਿਸਾਨਾਂ ਨੇ ਵੱਡੀ ਗਿਣਤੀ 'ਚ ਝੋਨੇ ਦੀ ਲੁਆਈ ਦੀ ਬਜਾਏ ਬਿਜਾਈ ਕਰਨ ਦਾ ਮਨ ਬਣਾ ਲਿਆ ਹੈ।

FileFile

ਕਿਸਾਨਾਂ ਲਈ ਝੋਨੇ ਦੀ ਬਿਜਾਈ ਦਾ ਇਹ ਤਰੀਕਾ ਨਵਾਂ ਹੋਣ ਕਾਰਨ ਸਿੱਧੀ ਬਿਜਾਈ ਕਰਦੇ ਕਿਸਾਨ ਕਿਤੇ ਨਾਂ ਕਿਤੇ ਖ਼ੌਫ਼ ਵਿਚ ਵੀ ਵਿਖਾਈ ਦੇ ਰਹੇ ਹਨ। ਬਹੁਗਿਣਤੀ ਕਿਸਾਨਾਂ ਨੂੰ ਸਿੱਧੀ ਬਿਜਾਈ ਰਾਹੀਂ ਝੋਨੇ ਦਾ ਝਾੜ ਘਟਣ ਦਾ ਵੀ ਤੌਖਲਾ ਹੈ ਜਦਕਿ ਮਾਹਰਾਂ ਵਲੋਂ ਸਿੱਧੀ ਬਿਜਾਈ ਨਾਲ ਝੋਨੇ ਦਾ ਝਾੜ ਵਧਣ ਦੀ ਗੱਲ ਕਹੀ ਜਾ ਰਹੀ ਹੈ। ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਦੀ ਤਕਨੀਕ ਤਕਰੀਬਨ ਪੰਜ ਵਰ੍ਹੇ ਪਹਿਲਾਂ 2015 ਵਿਚ ਝੋਨੇ ਦੀ ਲੁਆਈ ਦੇ ਰਵਾਰਿਤੀ ਤਰੀਕੇ ਨਾਲ ਵਾਤਾਵਰਣ ਅਤੇ ਪਾਣੀ ਦੇ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਅਮਲ ਵਿਚ ਲਿਆਂਦੀ ਗਈ ਸੀ।

FileFile

ਮਾਹਰਾਂ ਅਨੁਸਾਰ ਸਿੱਧੀ ਬਿਜਾਈ ਲਈ ਜ਼ਮੀਨ ਤਿਆਰ ਕਰਨ 'ਤੇ ਰਵਾਇਤੀ ਤਰੀਕੇ ਨਾਲ ਲੁਆਈ ਕਰਨ ਨਾਲੋਂ ਕਈ ਗੁਣਾ ਘੱਟ ਖਰਚਾ ਆਉਂਦਾ ਹੈ। ਸਿੱਧੀ ਬਿਜਾਈ ਵਾਲੀ ਫ਼ਸਲ 'ਚ ਨਦੀਨਾਂ ਦੀ ਸਮੱਸਿਆ ਦੇ ਖ਼ਾਤਮੇ ਲਈ ਵੀ ਕਿਸਾਨਾਂ ਵਲੋਂ ਖ਼ੁਦ ਅਤੇ ਮਾਹਰਾਂ ਵਲੋਂ ਹੱਲ ਤਲਾਸ਼ੇ ਜਾ ਰਹੇ ਹਨ। ਸੂਬੇ 'ਚ ਜ਼ਮੀਨਦੋਜ਼ ਪਾਣੀ  ਦਾ ਪੱਧਰ ਚਿੰਤਾਜਨਕ ਹੱਦ ਤਕ ਹੇਠਾਂ ਚਲਿਆ ਗਿਆ ਹੈ। ਪਾਣੀ ਦਾ ਪੱਧਰ ਹੇਠਾਂ ਜਾਣ ਨਾਲ ਕਿਸਾਨਾਂ ਦੇ ਖਰਚਿਆਂ ਵਿਚ ਇਸ ਕਦਰ ਇਜ਼ਾਫ਼ਾ ਹੋ ਗਿਆ ਹੈ ਕਿ ਛੋਟੀ ਕਿਸਾਨੀ ਜ਼ਮੀਨ ਹੇਠੋਂ ਪਾਣੀ ਕੱਢਣ ਦੀ ਵਿਵਸਥਾ ਕਰਨ ਦੇ ਸਮਰੱਥ ਹੀ ਨਹੀਂ ਰਹੀ।

FileFile

ਸੂਬੇ ਦੇ ਕਈ ਇਲਾਕਿਆਂ 'ਚ ਪਾਣੀ ਦੇ ਘਟਦੇ ਪੱਧਰ ਦੀ ਚਿੰਤਾ ਨੂੰ ਮੁੱਖ ਰਖਦਿਆਂ ਸਰਕਾਰਾਂ ਵਲੋਂ ਬੋਰ ਕਰਨ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਨਵੇਂ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਨ 'ਤੇ ਪਾਬੰਦੀਆਂ ਵਾਲੇ ਹਾਲਾਤ ਬਣੇ ਹੋਏ ਹਨ। ਹਰਿਆਲੀਆਂ ਅਤੇ ਖ਼ੁਸ਼ਹਾਲੀਆਂ ਦੀ ਧਰਤੀ ਪੰਜਾਬ ਬੜੀ ਤੇਜ਼ੀ ਨਾਲ ਰੇਗਿਸਤਾਨ ਬਣਨ ਵਲ ਵਧ ਰਹੀ ਹੈ। ਵੇਖਿਆ ਜਾਵੇ ਤਾਂ ਸੂਬੇ 'ਚ ਪੈਦਾ ਹੋ ਰਿਹਾ ਪਾਣੀ ਦਾ ਸੰਕਟ ਝੋਨੇ ਦੀ ਖੇਤੀ ਦੀ ਹੀ ਦੇਣ ਹੈ। ਝੋਨੇ ਹੇਠ ਰਕਬਾ ਵਧਣ ਕਾਰਨ ਸੂਬੇ 'ਚ ਖੇਤੀ ਵਿਭਿੰਨਤਾ ਨੂੰ ਵੀ ਭਾਰੀ ਠੇਸ ਪੁੱਜੀ ਹੈ। ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ ਵੱਡੇ ਪੱਧਰ 'ਤੇ ਬੱਚਤ ਹੋਵੇਗੀ।

FarmerFarmer

ਮਾਹਰਾਂ ਅਨੁਸਾਰ ਬਿਜਾਈ ਦੇ ਤਕਰੀਬਨ ਇੱਕੀ ਦਿਨਾਂ ਬਾਅਦ ਫ਼ਸਲ ਨੂੰ ਪਾਣੀ ਦਿਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਵੀ ਹਫ਼ਤੇ ਦਸ ਦਿਨਾਂ ਬਾਅਦ ਹੀ ਜ਼ਮੀਨ ਦੀ ਕਿਸਮ ਅਨੁਸਾਰ ਪਾਣੀ ਲਾਉਣ ਦੀ ਜ਼ਰੂਰਤ ਦੱਸੀ ਜਾ ਰਹੀ ਹੈ। ਜਿਥੇ ਲੁਆਈ ਵਾਲੇ ਝੋਨੇ 'ਚ ਪਾਣੀ ਦੀ ਮਣਾਂ ਮੂੰਹੀਂ ਖਪਤ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ ਉੱਥੇ ਸਿੱਧੀ ਬਿਜਾਈ ਵਾਲੀ ਫ਼ਸਲ ਲਈ ਪਾਣੀ ਦੀ ਖਪਤ ਅਣਕਿਆਸੇ ਪੱਧਰ ਤਕ ਘਟ ਜਾਂਦੀ ਹੈ। ਸਿੱਧੀ ਬਿਜਾਈ ਦੌਰਾਨ ਕੱਦੂ ਨਾ ਹੋਣ ਕਾਰਨ ਝੋਨੇ ਵਾਲੀ ਜ਼ਮੀਨ ਪਾਣੀ ਨੂੰ ਜ਼ਮੀਨ ਹੇਠਾਂ ਜਾਣ ਤੋਂ ਨਹੀਂ ਰੋਕਦੀ।

FarmerFarmer

ਪਾਣੀ ਦੇ ਜ਼ਮੀਨ ਹੇਠਾਂ ਜਾਣ ਨਾਲ ਜਿੱਥੇ ਬਰਸਾਤਾਂ ਦਾ ਪਾਣੀ ਜ਼ਮੀਨ ਹੇਠ ਪਹੁੰਚ ਕੇ ਜ਼ਮੀਨਦੋਜ਼ ਪਾਣੀ ਦਾ ਪੱਧਰ ਸੁਧਾਰੇਗਾ ਉੱਥੇ ਹੀ ਖੇਤਾਂ 'ਚ ਪਾਣੀ ਖੜਾ ਰਹਿਣ ਕਾਰਨ ਪੈਦਾ ਹੋਣ ਵਾਲੀ ਹੁੰਮਸ ਤੋਂ ਵੀ ਰਾਹਤ ਮਿਲੇਗੀ। ਕੱਦੂ ਕਰ ਕੇ ਝੋਨਾ ਲਾਉਣ ਦੇ ਰਵਾਇਤੀ ਤਰੀਕੇ ਨਾਲ ਜਿੱਥੇ ਫ਼ਸਲ ਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ, ਉਥੇ ਹੀ ਕੱਦੂ ਕਰਨ ਨਾਲ ਬਰਸਾਤਾਂ ਦਾ ਪਾਣੀ ਜ਼ਮੀਨ ਵਿਚ ਜਜ਼ਬ ਹੋਣ ਦੀ ਬਜਾਏ ਹੜ੍ਹਾਂ ਦਾ ਰੂਪ ਧਾਰਨ ਕਰ ਜਾਂਦਾ ਹੈ। ਸਿੱਧੀ ਬਿਜਾਈ ਨਾਲ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਨਿਜਾਤ ਮਿਲਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਸਿੱਧੀ ਬਿਜਾਈ ਦਾ ਤਰੀਕਾ ਸੂਬੇ ਲਈ ਵਰਦਾਨ ਸਿੱਧ ਹੋ ਸਕਦਾ ਹੈ। ਸ਼ਾਇਦ ਕੋਰੋਨਾ ਕਹਿਰ ਬਦੌਲਤ ਪੈਦਾ ਹੋਈ ਮਜ਼ਦੂਰਾਂ ਦੀ ਕਮੀ ਸੂਬੇ ਨੂੰ ਰੇਗਿਸਤਾਨ ਵਲ ਜਾਣ ਤੋਂ ਰੋਕਣ ਦਾ ਹੀ ਸਬੱਬ ਬਣ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement