
ਡੀਲਰਾਂ ਨੂੰ ਚੈੱਕ ਕਰਨ ਲਈ ਭੇਜਿਆ ਗਿਆ ਅਤੇ ਇਨ੍ਹਾਂ ਟੀਮਾਂ ਨੇ ਮਿਤੀ 2.5.2018 ਨੂੰ ਵੱਖ ਵੱਖ ਜ਼ਿਲ੍ਹਿਆਂ ਵਿਚ 48 ਬੀਜ ਡੀਲਰਾਂ ਦੀ ਚੈਕਿੰਗ ਕੀਤੀ।
ਚੰਡੀਗੜ੍ਹ, 3 ਮਈ (ਸਸਸ) : ਵਿਸ਼ਵਾਜੀਤ ਖੰਨਾ, ਆਈ.ਏ.ਐਸ. ਵਧੀਕ ਮੁੱਖ ਸਕੱਤਰ (ਵਿਕਾਸ) ਪੰਜਾਬ ਦੇ ਅੱਜ ਨੂੰ ਬਿਆਨ ਜਾਰੀ ਕਰਦੇ ਹੋਏ ਦਸਿਆ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਉਤਪਾਦ ਮੁਹਈਆ ਕਰਵਾਉਣ ਦੇ ਮੰਤਵ ਲਈ ਵਿਭਾਗ ਦੀਆਂ ਸਟੇਟ ਪੱਧਰ ਦੀਆਂ 5 ਟੀਮਾਂ ਬਣਾ ਕੇ ਸਾਰੇ ਜ਼ਿਲ੍ਹਿਆਂ ਦੇ ਬੀਜ ਡੀਲਰਾਂ ਨੂੰ ਚੈੱਕ ਕਰਨ ਲਈ ਭੇਜਿਆ ਗਿਆ ਅਤੇ ਇਨ੍ਹਾਂ ਟੀਮਾਂ ਨੇ ਮਿਤੀ 2.5.2018 ਨੂੰ ਵੱਖ ਵੱਖ ਜ਼ਿਲ੍ਹਿਆਂ ਵਿਚ 48 ਬੀਜ ਡੀਲਰਾਂ ਦੀ ਚੈਕਿੰਗ ਕੀਤੀ।
ਇਸ ਦੌਰਾਨ ਜ਼ਿਲ੍ਹਾ ਬਠਿੰਡਾ ਦੀ ਰਾਮਾ ਮੰਡੀ ਵਿਖੇ ਇਕ ਡੀਲਰ ਜੋ ਕਿ ਜਾਅਲੀ ਲਾਈਸੈਂਸ ਅਪਣੇ ਆਪ ਬਣਾ ਕੇ ਨਕਲੀ ਬੀਜ ਵੇਚਦਾ ਪਕੜਿਆ ਗਿਆ ਜਿਸ ਵਿਰੁਧ ਜ਼ਰੂਰੀ ਵਸਤਾਂ ਐਕਟ 1955 ਅਤੇ ਸੀਡ ਐਕਟ 1966 ਦੀਆਂ ਧਾਰਾਵਾਂ ਤਹਿਤ ਐਫ਼.ਆਈ.ਆਰ. ਦਰਜ ਹੋ ਗਈ ਹੈ ਅਤੇ ਉਸ ਪਾਸੋਂ 1494 ਨਕਲੀ ਬੀਜ ਦੇ ਪੈਕਟ ਬਰਾਮਦ ਕੀਤੇ ਗਏ ਜੋ ਕਿ ਜਬਤ ਕਰ ਕੇ ਪੁਲਿਸ ਵਲੋਂ ਪੁਛਗਿੱਛ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਮੁਕਤਸਰ ਜ਼ਿਲ੍ਹੇ ਵਿਚ ਮੰਡੀ ਗਿੱਦੜਬਾਹਾ ਵਿਖੇ ਵੀ ਇਕ ਡੀਲਰ ਚੰਦਨ ਹਾਈਬ੍ਰਿਡ ਸੀਡ ਕੰਪਨੀ ਪਾਸ ਨਕਲੀ ਬੀਜ ਦੇ 930 ਪੈਕਟ ਬਰਾਮਦ ਕੀਤੇ ਗਏ ਜਿਸ ਵਿਰੁਧ ਵੀ ਕਾਰਵਾਈ ਕੀਤੀ ਜਾ ਰਹੀ ਹੈ।
Vishwajeet Khanna
ਵਧੀਕ ਮੁੱਖ ਸਕੱਤਰ ਵਿਕਾਸ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਪੱਧਰ ਦੇ ਅਧਿਕਾਰੀ ਪੂਰੀ ਚੌਕਸੀ ਵਰਤਣ ਅਤੇ ਗ਼ਲਤ ਅਤੇ ਨਕਲੀ ਬੀਜ, ਖਾਦਾਂ ਅਤੇ ਕੀਟਨਾਸ਼ਕ ਵੇਚਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕਰਨ ਅਤੇ ਕਿਸੇ ਤਰ੍ਹਾਂ ਦੀ ਮਿਲੀਭੁਗਤ ਨਜ਼ਰ ਆਉਣ 'ਤੇ ਅਧਿਕਾਰੀਆਂ ਵਿਰੁਧ ਵੀ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਟੇਟ ਪੱਧਰ ਦੀਆਂ ਟੀਮਾਂ ਲਗਾਤਾਰ ਛਾਪੇ ਮਾਰਦੀਆਂ ਰਹਿਣਗੀਆਂ ਤਾਂ ਜੋ ਕਿਸਾਨਾਂ ਨੂੰ ਮਿਆਰੀ ਖੇਤੀ ਉਤਪਾਦ ਹੀ ਮਾਰਕੀਟ ਵਿਚ ਮਿਲਣ ਅਤੇ ਕਿਸੇ ਤਰ੍ਹਾਂ ਦਾ ਮਾੜਾ ਖੇਤੀ ਉਤਪਾਦ ਮਾਰਕੀਟ ਵਿਚ ਨਾ ਵਿਕੇ।ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਨਕਲੀ ਉਤਪਾਦਾਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਹਰ ਖ਼ਰੀਦੇ ਗਏ ਖੇਤੀ ਉਤਪਾਦ ਦਾ ਪੱਕਾ ਬਿੱਲ ਜ਼ਰੂਰ ਲਿਆ ਜਾਵੇ ਅਤੇ ਬਿੱਲ ਪ੍ਰਾਪਤ ਕਰਦੇ ਸਮੇਂ ਇਹ ਯਕੀਨੀ ਬਣਾਉਣ ਕਿ ਡੀਲਰ ਨੇ ਬਿਲ ਵਿਚ ਕਿਸਾਨ ਦਾ ਨਾਮ, ਪਤਾ, ਉਤਪਾਦ ਬੈਚ ਨੰਬਰ ਅਤੇ ਐਕਸਪਾਇਰੀ ਮਿਤੀ ਆਦਿ ਦਰਜ ਕੀਤੀ ਹੈ। ਜੇਕਰ ਡੀਲਰ ਮੁਕੰਮਲ ਬਿਲ ਨਹੀਂ ਦਿੰਦਾ ਤਾਂ ਇਸ ਦੀ ਸ਼ਿਕਾਇਤ ਵਿਭਾਗ ਦੇ ਅਧਿਕਾਰੀਆਂ ਪਾਸ ਕੀਤੀ ਜਾਵੇ ਤਾਂ ਜੋ ਡੀਲਰਾਂ ਵਿਰੁਧ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਵਲੋਂ ਇਹ ਵਿਸ਼ੇਸ਼ ਹਦਾਇਤਾਂ ਹਨ ਕਿ ਘਟੀਆ ਖੇਤੀਬਾੜੀ ਉਤਪਾਦ ਵੇਚਣ ਵਾਲੇ ਡੀਲਰਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।