
7 ਹਜ਼ਾਰ ਦੀ ਅਬਾਦੀ ਵਾਲੇ ਇਸ ਪਿੰਡ ਵਿਚ ਪਿਛਲੇ 30 ਸਾਲਾਂ ਦੌਰਾਨ 117 ਖੁਦਕੁਸ਼ੀਆਂ ਹੋ ਚੁੱਕੀਆਂ ਹਨ।
ਸੰਗਰੂਰ: ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਦੇਸ਼ ਦੀ ਤਾਕਤ ਹੈ ਪਰ ਹੁਣ ਇਸ ਤਾਕਤ ਦੇ ਇਕ ਹਿੱਸੇ ਨੂੰ ਕਰਜ਼ਾ ਰੂਪੀ ਘੁਣ ਨੇ ਖੋਖਲਾ ਕਰ ਦਿੱਤਾ ਹੈ। ਆਏ ਦਿਨ ਪੰਜਾਬ ਵਿਚ ਕਰਜ਼ੇ ਕਾਰਨ ਕਿਸਾਨ ਅਤੇ ਮਜ਼ਦੂਰਾਂ ਵੱਲੋਂ ਖੁਦਕੁਸ਼ੀਆਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਸੰਗਰੂਰ ਜ਼ਿਲ੍ਹੇ ਦਾ ਪਿੰਡ ਬੱਲਰਾਂ ਵੀ ਕਰਜ਼ੇ ਦੀ ਮਾਰ ਹੇਠਾਂ ਦਬਿਆ ਹੋਇਆ ਹੈ। 7 ਹਜ਼ਾਰ ਦੀ ਅਬਾਦੀ ਵਾਲੇ ਇਸ ਪਿੰਡ ਵਿਚ ਪਿਛਲੇ 30 ਸਾਲਾਂ ਦੌਰਾਨ 117 ਖੁਦਕੁਸ਼ੀਆਂ ਹੋ ਚੁੱਕੀਆਂ ਹਨ।
ਪਿੰਡ ਦੀ ਇਕ ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਖੇਤੀਬਾੜੀ ਲਈ ਬੈਂਕ ਤੋਂ 5 ਲੱਖ ਦਾ ਕਰਜ਼ਾ ਲਿਆ ਸੀ ਪਰ ਗੜ੍ਹੇਮਾਰੀ ਕਾਰਨ ਫ਼ਸਲ ਨਹੀਂ ਹੋਈ। ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਘਰ ਵਿਚ ਹੀ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਔਰਤ ਨੇ ਕਿਹਾ ਕਿ ਉਹਨਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ। ਬੈਂਕ ਵਾਲਿਆਂ ਨੇ ਕਰਜ਼ਾ ਮੋੜਨ ਲਈ ਕਈ ਵਾਰੀ ਕਿਹਾ ਪਰ ਆਮਦਨ ਨਾ ਹੋਣ ਕਰਕੇ ਉਹ ਕਰਜ਼ਾ ਵਾਪਸ ਕਰਨ ਵਿਚ ਅਸਫ਼ਲ ਰਹੇ ਹਨ।
ਇਕ ਹੋਰ ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਡਰਾਈਵਰ ਸੀ ਅਤੇ ਉਸ ਨੇ ਬੈਂਕ ਤੋਂ ਕਰਜ਼ਾ ਲਿਆ। ਇਹਨਾਂ ਪੈਸਿਆਂ ਵਿਚੋਂ ਉਹ ਆਪਣੇ ਬਿਮਾਰ ਪੁੱਤਰ (ਜਿਸ ਨੂੰ ਗੁਰਦਿਆਂ ਦੀ ਸਮੱਸਿਆ ਸੀ) ਦਾ ਇਲਾਜ ਕਰਵਾ ਰਹੇ ਸੀ। ਉਸ ਦੇ ਪਤੀ ਨੇ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਥੋੜ੍ਹੇ ਸਾਲਾਂ ਬਾਅਦ ਉਹਨਾਂ ਦਾ ਲੜਕਾ ਵੀ ਗੁਜ਼ਰ ਗਿਆ। ਉਹਨਾਂ ਸਿਰ ਅੱਜ ਵੀ ਕਰਜ਼ਾ ਹੈ। ਪਿੰਡ ਦੀ ਇਕ ਬਜ਼ੁਰਗ ਮਹਿਲਾ ਨੇ ਕਿਹਾ ਕਿ ਉਸ ਦੇ ਪਤੀ ਸਿਰ 4 ਤੋਂ 5 ਲੱਖ ਦਾ ਕਰਜ਼ਾ ਸੀ, ਜਿਸ ਕਾਰਨ ਉਸ ਨੇ ਸਲਫ਼ਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਵੀ ਉਸ ਦੇ ਪਤੀ ਨੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰਕ ਮੈਂਬਰ ਨੂੰ ਬਚਾਉਂਦੇ ਰਹੇ। ਹੁਣ ਇਹ ਸਾਰਾ ਕਰਜ਼ਾ ਉਹਨਾਂ ਦੇ ਬੇਟੇ ਨੇ ਉਤਾਰਿਆ ਹੈ।
ਪਿੰਡ ਵਿਚ ਇਕ ਪਰਿਵਾਰ ਅਜਿਹਾ ਵੀ ਹੈ ਜਿਸ ਦੇ 3 ਮੈਂਬਰ ਕਰਜ਼ੇ ਦੀ ਭੇਟ ਚੜ੍ਹ ਗਏ ਪਰ ਹੁਣ ਤੱਕ ਕਰਜ਼ਾ ਨਹੀਂ ਉੱਤਰਿਆ। ਪਰਿਵਾਰ ਦੀ ਅਗਲੀ ਪੀੜ੍ਹੀ ਆਪਣੇ ਵੱਡਿਆਂ ਦੀਆਂ ਖ਼ੁਦਕੁਸ਼ੀਆਂ ਤੇ ਕਰਜ਼ੇ ਦਾ ਬੋਝ ਲੈ ਕੇ ਜੀ ਰਹੀ ਹੈ। ਇਸ ਪਰਿਵਾਰ ਸਿਰ ਮਹਿਜ਼ ਡੇਢ ਲੱਖ ਦਾ ਕਰਜ਼ਾ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਰਕਾਰ ਨੇ 2 ਲੱਖ ਦੀ ਸਹਾਇਤਾ ਵੀ ਦਿੱਤੀ, ਪਰ ਇਹ ਸਾਰੇ ਪੈਸੇ ਪਿਛਲਾ ਕਰਜ਼ ਉਤਾਰਨ ਵਿਚ ਲੱਗ ਗਏ। ਬੱਲਰਾਂ ਤੋਂ ਇਲਾਵਾ ਸੂਬੇ ਦੇ ਹੋਰ ਵੀ ਕਈ ਪਿੰਡ ਅਜਿਹੇ ਹਨ, ਜਿੱਥੇ ਕਰਜ਼ੇ ਦੀ ਮਾਰ ਕਾਰਨ ਕੀਮਤੀ ਜਾਨਾਂ ਗਈਆਂ ਹਨ।