
ਕਿਸਾਨਾਂ ਨੂੰ 13 ਜੂਨ ਤੋਂ ਝੋਨੇ ਦੀ ਲਵਾਈ ਦੀ ਆਗਿਆ ਦਿਤੀ
ਖਟਕੜ ਕਲਾਂ : ਮੁਸੀਬਤਾਂ ਵਿਚ ਘਿਰੇ ਸੂਬੇ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਵਲ ਤਵੱਜੋਂ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਲਵਾਈ ਲਈ 20 ਜੂਨ ਦੀ ਨਿਰਧਾਰਤ ਤਾਰੀਕ ਤੋਂ ਇਕ ਹਫ਼ਤਾ ਪਹਿਲਾਂ ਝੋਨਾ ਲਾਉਣ ਦੀ ਆਗਿਆ ਦੇਣ ਦੇ ਸੂਬਾ ਸਰਕਾਰ ਦੇ ਫ਼ੈਸਲੇ ਦਾ ਐਲਾਨ ਕੀਤਾ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਦੇ ਹੱਕ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ 13 ਜੂਨ ਤੋਂ ਝੋਨੇ ਦੀ ਲਵਾਈ ਦੀ ਆਗਿਆ ਦਿਤੀ ਜਾਵੇਗੀ।
Captain Amarinder Singh
ਕੈਪਟਨ ਅਮਰਿੰਦਰ ਸਿੰਘ ਨੇ ਇਸ ਦੌਰਾਨ ਇਹ ਐਲਾਨ ਵੀ ਕੀਤਾ ਕਿ ਹਾਲ ਹੀ ਦੇ ਬੇ-ਮੌਸਮੀ ਮੀਂਹ ਦੌਰਾਨ ਅਤੇ ਮੁੱਖ ਲਾਈਨਾਂ ਤੋਂ ਬਿਜਲੀ ਸਪਾਰਕ ਹੋਣ ਨਾਲ ਕਣਕ ਦੀ ਫ਼ਸਲ ਨੂੰ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਮੁਆਵਜ਼ਾ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਫ਼ਸਲਾਂ ਦੇ ਨੁਕਸਾਨ ਦਾ ਅਨੁਮਾਨ ਲਾਉਣ ਲਈ ਪਹਿਲਾਂ ਹੀ ਵਿਸ਼ੇਸ਼ ਗਿਰਦਾਵਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਗ ਜਾਂ ਹੋਰ ਕਾਰਨਾਂ ਨਾਲ ਹੋਏ ਨੁਕਸਾਨ ਦਾ ਉਨ੍ਹਾਂ ਦੇ ਰਾਹਤ ਫ਼ੰਡ ਵਿਚੋਂ ਮੁਆਵਜ਼ਾ ਦਿਤਾ ਜਾਵੇਗਾ।
Paddy crop
ਸ਼ਹੀਦਾਂ ਦੀ ਧਰਤੀ 'ਤੇ ਸੂਬੇ ਤੋਂ ਲੋਕ ਸਭਾ ਚੋਣਾਂ ਲਈ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਸਾਰੀਆਂ ਪੰਜਾਬੀਆਂ ਦੀ ਯਾਦ ਵਿੱਚ ਇਕ ਯਾਦਗਾਰ ਦਾ ਨਿਰਮਾਣ ਕਰੇਗੀ ਜਿਨ੍ਹਾਂ ਦੇ ਪੰਜਾਬੀ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵੀ ਬਹੁਤ ਸਾਰੇ ਸ਼ਹੀਦ ਬੇਨਾਮ ਹਨ।
Wheat
ਕਿਸਾਨਾਂ ਦੇ ਮੁੱਦਿਆ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਕੇਂਦਰ ਸਰਕਾਰ ਵਲੋਂ ਕਣਕ ਦੇ ਘੱਟੋ-ਘੱਟ ਸਮੱਰਥਨ ਮੁੱਲ 'ਤੇ ਕੀਮਤ ਕਟੌਤੀ ਦੀ ਆਗਿਆ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ ਅਤੇ ਉਹ ਉਹ ਖੁਦ ਇਸ ਮੁੱਦੇ ਨੂੰ ਅੱਗੇ ਲਿਜਾਣਗੇ।
Air Strike
ਬਾਲਾਕੋਟ ਹਵਾਈ ਹਮਲੇ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕਰਨ ਲਈ ਮੋਦੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਸਬੰਧ ਵਿਚ ਕੁਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੀ ਉਹ 1965, 1975, ਕਾਰਗਿਲ ਵੇਲੇ ਸੀ? ਉਨ੍ਹਾਂ ਕਿਹਾ ਕਿ ਉਸ ਸਮੇਂ ਇੰਦਰਾ ਗਾਂਧੀ ਸੀ ਜਿਸ ਨੇ 1971 ਵਿਚ ਪਾਕਿਸਤਾਨ ਦੇ ਦੋ ਟੋਟੇ ਕੀਤੇ ਅਤੇ ਪੂਰਾ ਸਿਹਰਾ ਭਾਰਤੀ ਫ਼ੌਜ ਅਤੇ ਫ਼ੀਲਡ ਮਾਰਸ਼ਲ ਮਾਨਿਕਸ਼ਾਅ ਦੇ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਨੇ ਜਿੱਤ ਦਾ ਸਿਹਰਾ ਫ਼ੌਜ ਦੀ ਬਹਾਦਰੀ ਨੂੰ ਦਿਤਾ ਸੀ ਅਤੇ ਅਜਿਹਾ ਹੀ ਮੋਦੀ ਵਲੋਂ ਹੁਣ ਕੀਤਾ ਜਾਣਾ ਚਾਹੀਦਾ ਸੀ।