
ਅਜਿਹੀਆਂ ਸ਼ਕਤੀਆਂ ਨੂੰ ਪੱਕੇ ਪੈਰੀਂ ਹੋਣ ਲਈ ਆਗਿਆ ਦੇਣ ਵਿਰੁਧ ਕੈਨੇਡਾ ਨੂੰ ਚਿਤਾਵਨੀ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): 'ਖ਼ਾਲਿਸਤਾਨ ਰਾਇਸ਼ੁਮਾਰੀ 2020' ਦੀ ਮੁਹਿੰਮ ਦੇ ਪਸਾਰ ਲਈ ਲੋੜੀਂਦੇ ਅਤਿਵਾਦੀ ਦੀ ਨਿਯੁਕਤੀ ਨਾਲ ਇਸ ਵਖਵਾਦੀ ਮੁਹਿੰਮ ਪਿਛਲੇ ਅਸਲੀ ਉਦੇਸ਼ ਇਕ ਵਾਰ ਫਿਰ ਸਾਹਮਣੇ ਆ ਗਏ ਹਨ। ਇਸ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਚੁਣੌਤੀ ਬਣੀ ਹੋਈ ਇਸ ਮੁਹਿੰਮ ਦੇ ਵਿਰੁਧ ਭਾਰਤ ਦਾ ਸਾਥ ਦੇਣ ਲਈ ਵਿਸ਼ਵ ਭਾਈਚਾਰੇ 'ਤੇ ਦਬਾਅ ਬਣਾਉਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ।
ਸਿੱਖ ਫ਼ਾਰ ਜਸਟਿਸ (ਐਸ.ਐਫ਼.ਜੇ.) ਵਲੋਂ ਹਰਦੀਪ ਸਿੰਘ ਨਿੱਝਰ ਦੀਆਂ ਸੇਵਾਵਾਂ ਲੈਣ ਲਈ ਮੀਡੀਆ ਦੀਆਂ ਰਿਪੋਰਟਾਂ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਵਿੱਚ ਗੜਬੜੀ ਪੈਦਾ ਕਰਨ ਲਈ ਅਪਣੀ ਧਰਤੀ ਤੋਂ ਕੱਟੜਪੰਥੀਆਂ ਨੂੰ ਸਰਗਰਮੀਆਂ ਕਰਨ ਲਈ ਕੈਨੇਡਾ ਸਰਕਾਰ ਦੇ ਸਿੱਧੇ ਅਤੇ ਵਿੰਗੇ ਢੰਗ ਨਾਲ ਸਮਰਥਨ ਕਰਨ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।
ਨਿੱਝਰ ਦਾ ਨਾਂ ਲੋੜੀਂਦੇ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਲ ਹੈ ਅਤੇ ਮੁੱਖ ਮੰਤਰੀ ਨੇ ਫ਼ਰਵਰੀ 2018 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਅਪਣੀ ਅੰਮ੍ਰਿਤਸਰ ਦੀ ਮੀਟਿੰਗ ਦੌਰਾਨ ਇਹ ਸੂਚੀ ਸਾਂਝੀ ਕੀਤੀ ਸੀ। ਮੁੱਖ ਮੰਤਰੀ ਨੇ ਭਾਰਤ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਭੰਗ ਕਰਨ ਲਈ ਕੈਨੇਡਾ ਦੀ ਧਰਤੀ 'ਤੋਂ ਅਜਿਹੇ ਤੱਤਾਂ ਨੂੰ ਆਪਣੀਆਂ ਸਰਗਰਮੀਆਂ ਕਰਨ ਦੀ ਆਗਿਆ ਨਾ ਦੇਣ ਵਾਸਤੇ ਟਰੂਡੋ ਨੂੰ ਅਪੀਲ ਕੀਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਵੀ ਦੇਸ਼ ਖਾਸਕਰ ਪੰਜਾਬ ਵਿਚ ਦੁਨੀਆਂ ਭਰ ਦੀਆਂ ਵੱਖ-ਵੱਖ ਥਾਵਾਂ ਤੋਂ ਗੜਬੜੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੀਆਂ ਇਨ੍ਹਾਂ ਸ਼ਕਤੀਆਂ ਨਾਲ ਵਧੇਰੇ ਸਰਗਰਮੀ ਨਾਲ ਨਿਪਟਨ ਲਈ ਆਖਿਆ ਹੈ। ਮੁੱਖ ਮੰਤਰੀ ਨੇ ਅਜਿਹੇ ਕੱਟੜਪੰਥੀ ਤੱਤਾਂ ਨੂੰ ਨੱਥ ਪਾਉਣ ਵਿੱਚ ਕੈਨੇਡਾ ਦੀ ਅਸਫ਼ਤਾ 'ਤੇ ਚਿੰਤਾ ਪ੍ਰਗਟ ਕੀਤੀ ਹੈ ਜੋ ਕਿ ਭਾਰਤ ਖ਼ਾਸ ਕਰ ਕੇ ਪੰਜਾਬ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਭੰਗ ਕਰਨ ਲਈ ਗੰਭੀਰ ਚੁਣੌਤੀਆਂ ਪੇਸ਼ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅਪਣੀ ਧਰਤੀ ਤੋਂ ਅਜਿਹੀਆਂ ਸ਼ਕਤੀਆਂ ਦੇ ਪਸਾਰ ਨੂੰ ਰੋਕਣਾ ਕੈਨੇਡਾ ਦੇ ਪ੍ਰਸ਼ਾਸਨ ਦੇ ਹਿੱਤ ਵਿੱਚ ਵੀ ਹੈ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹੇ ਤੱਤਾਂ ਦੇ ਪੱਕੇ ਪੈਰੀਂ ਹੋਣ ਨੂੰ ਆਗਿਆ ਦੇਣਾ ਖ਼ੁਦ ਕੈਨੇਡਾ ਦੀ ਸੁਰੱਖਿਆ ਲਈ ਵੀ ਲੰਮੇ ਸਮੇਂ ਦੌਰਾਨ ਘਾਤਕ ਹੋਵੇਗਾ। ਕੈਪਟਨ ਨੇ ਦਸਿਆ ਕਿ ਬ੍ਰਿਟਿਸ਼ ਕੋਲੰਬੀਆ ਵਿਚ ਅਤਿਵਾਦੀ ਕੈਂਪ ਚਲਾਉਣ ਲਈ ਭਾਰਤ ਨੇ ਨਿੱਝਰ 'ਤੇ ਉਂਗਲ ਧਰੀ ਹੈ। ਇਸ ਤੋਂ ਇਲਾਵਾ ਭਾਰਤ ਵਿਚ ਮਿਥ ਕੇ ਹਤਿਆਵਾਂ ਕਰਨ ਦੇ ਵੀ ਉਸ 'ਤੇ ਦੋਸ਼ ਹਨ।
ਉਹ ਭਾਰਤ ਵਿਰੋਧੀ ਅਤਿਵਾਦੀਆਂ ਨੂੰ ਹਥਿਆਰਾਂ ਦੀ ਸਿਖਲਾਈ ਮੁਹਈਆ ਕਰਾ ਰਿਹਾ ਹੈ। ਉਹ ਵਖਵਾਦੀ ਸੰਗਠਨ ਸਿੱਖ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦਾ ਨੇੜਲਾ ਹੈ। 'ਖ਼ਾਲਿਸਤਾਨ ਰਾਇਸ਼ੁਮਾਰੀ 2020' ਲਈ ਨਿੱਝਰ ਦੀ ਨਿਯੁਕਤੀ ਤੋਂ ਸਪੱਸ਼ਟ ਸੰਕੇਤ ਮਿਲਦੇ ਹਨ ਕਿ ਇਸ ਮੁਹਿੰਮ ਨੇ ਆਪਣਾ ਸਾਜਿਸ਼ ਭਰਿਆ ਮਾਰੂ ਰਾਹ ਅਖ਼ਤਿਆਰ ਕਰ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਇਸ਼ੁਮਾਰੀ 2020 ਕਦੀ ਵੀ ਸ਼ਾਂਤੀਪੂਰਨ ਮੁਹਿੰਮ ਨਹੀਂ ਰਹੀ, ਭਾਵੇਂ ਕਿ ਇਸ ਦੇ ਸ਼ਾਂਤੀਪੂਰਵਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਸ ਮੁਹਿੰਮ ਦੇ ਨਾਲ ਨਿੱਝਰ ਨੂੰ ਨਰੜਣ ਨਾਲ ਸਪੱਸ਼ਟ ਹੋ ਗਿਆ ਹੈ ਕਿ ਐਸ.ਐਫ.ਜੇ. ਦੇ ਗ਼ੈਰ-ਹਿੰਸਕ ਮੁਹਿੰਮ ਚਲਾਉਣ ਦੇ ਸਾਰੇ ਦਾਅਵੇ ਅਤੇ ਬਹਾਨੇ ਨੰਗੇ ਹੋ ਗਏ ਹਨ। ਕੈਪਟਨ ਨੇ ਕਿਹਾ ਕਿ ਨਿੱਝਰ ਨੂੰ ਇਸ ਮੁਹਿੰਮ ਦੀ ਮੁੱਖ ਧਾਰਾ ਵਿਚ ਲਿਆ ਕੇ ਐਸ.ਐਫ਼.ਜੇ. ਅਤੇ ਆਈ.ਐਸ.ਆਈ. ਨੇ ਅਪਣੇ ਉਦੇਸ਼ਾਂ ਦਾ ਪ੍ਰਗਟਾਵਾ ਕਰ ਦਿਤਾ ਹੈ ਅਤੇ ਉਨ੍ਹਾਂ ਦਾ ਇਕੋ ਇਕ ਟੀਚਾ ਪੰਜਾਬ ਵਿਚ ਗੜਬੜ ਪੈਦਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿਚਲੇ ਸਿੱਖਾਂ ਨੇ ਐਸ.ਐਫ਼.ਜੇ. ਅਤੇ ਇਸਲਾਮਾਬਾਦ ਦੇ ਫ਼ੁੱਟਪਾਊ ਪ੍ਰਾਪੇਗੰਡੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਹੈ ਅਤੇ ਹੁਣ ਇਸ ਮੁਹਿੰਮ ਵਿੱਚ ਮਾੜੇ ਮੋਟੇ ਸਾਹ ਭਰਣ ਦੀ ਨਿੱਝਰ ਦੀ ਨਿਯੁਕਤੀ ਨਾਲ ਇਕ ਕੋਸ਼ਿਸ਼ ਕੀਤੀ ਗਈ ਹੈ।