ਜੰਡਿਆਲਾ ’ਚ ਕੈਪਟਨ ਨੇ ਲੋਕਾਂ ਦੇ ਰੂ-ਬ-ਰੂ ਹੋ ਦਿਤੇ ਸਵਾਲਾਂ ਦੇ ਜਵਾਬ, ਜਾਣੋ ਸਵਾਲ ਜਵਾਬ
Published : May 6, 2019, 7:18 pm IST
Updated : May 6, 2019, 7:18 pm IST
SHARE ARTICLE
Captain Amarinder Singh
Captain Amarinder Singh

ਕੈਪਟਨ ਨੇ ਰਹਿ ਗਏ ਸਵਾਲ ਉਨ੍ਹਾਂ ਤੱਕ ਲਿਖ ਕੇ ਭੇਜਣ ਦੀ ਕੀਤੀ ਅਪੀਲ

ਚੰਡੀਗੜ੍ਹ: ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅੰਮ੍ਰਿਤਸਰ ਦੇ ਜੰਡਿਆਲਾ ਹਲਕੇ ਵਿਚ ਪੁੱਜੇ, ਜਿੱਥੇ ਉਨ੍ਹਾਂ ਨੇ ਲੋਕਾਂ ਦੇ ਕੁਝ ਅਹਿਮ ਸਵਾਲਾਂ ਦੇ ਜਵਾਬ ਦਿਤੇ ਉਨ੍ਹਾਂ ਦੇ ਰੂ-ਬ-ਰੂ ਹੋ ਕੇ। ਜੋ ਇਸ ਤਰ੍ਹਾਂ ਹਨ।

ਸਵਾਲ: ਬੋਟਾਰੀ ਪਿੰਡ ਨੂੰ ਵਿਕਾਸ ਵਜੋਂ ਕੋਈ ਸਹੂਲਤ ਨਹੀਂ ਪਹੁੰਚ ਰਹੀ- ਜਸਪਾਲ ਸਿੰਘ

ਜਵਾਬ: ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਚੋਣਾਂ ਖ਼ਤਮ ਹੋ ਜਾਣ ਤੇ ਫਿਰ ਡਿੰਪਾ ਜੀ ਤੇ ਮੈਂ ਤੁਹਾਡੇ ਪਿੰਡ ਪਹੁੰਚਾਂਗੇ ਤੇ ਮੈਂ ਵਾਅਦਾ ਕਰਦਾ ਹਾਂ ਕਿ ਅਸੀਂ ਜ਼ਰੂਰ ਪਹੁੰਚਾਂਗੇ ਤੇ ਵਿਕਾਸ ਵਲੋਂ ਪਿੰਡ ਵਾਂਝਾ ਨਹੀਂ ਰਹਿਣ ਦੇਵਾਂਗੇ।

ਸਵਾਲ: ਮੰਡੀਆਂ ਵਿਚ ਜੋ ਸਹੂਲਤਾਂ ਕਿਸਾਨਾਂ ਨੂੰ 2002 ਤੋਂ 2007 ਵਿਚ ਤੁਹਾਡੀ ਪੁਰਾਣੀ ਸਰਕਾਰ ਦੌਰਾਨ ਮਿਲਦੀਆਂ ਸੀ, ਉਹ ਹੁਣ ਨਹੀਂ ਮਿਲਦੀਆਂ- ਸੋਨੂੰ, ਭਲਾਈਪੁਰ

ਜਵਾਬ: ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਇਸ ਦਾ ਕਾਰਨ ਇਹ ਹੈ ਕਿ ਚਾਰ ਲੱਖ ਗੱਠੇ ਬਾਰਦਾਨੇ ਦੇ ਜੋ ਕਲਕੱਤਾ ਤੋਂ ਆਉਂਦੇ ਨੇ, ਪੰਜਾਬ ਸਰਕਾਰ ਵਲੋਂ ਖ਼ਰੀਦੇ ਹੋਏ ਇਹ ਗੱਠੇ ਹਰਿਆਣੇ ਭੇਜ ਦਿਤੇ ਗਏ। ਇਹ ਹੁਣ ਸਾਜ਼ਿਸ਼ ਹੈ ਇਨ੍ਹਾਂ ਬਾਦਲਾਂ ਦੀ, ਪਹਿਲਾਂ ਤਾਂ ਕੋਸ਼ਿਸ਼ ਕੀਤੀ ਕਿ ਪੈਸੇ ਨਾ ਮਿਲਣ ਪਰ ਸਾਢੇ 19 ਹਜ਼ਾਰ ਕਰੋੜ ਰੁਪਇਆ ਪਹੁੰਚ ਗਿਆ ਤੇ ਹੋਰ ਜਿੰਨੀ ਲੋੜ ਹੈ ਪਹੁੰਚ ਜਾਉਗਾ, ਪਰ ਹੁਣ ਇੰਨ੍ਹਾਂ ਦੀ ਕੋਸ਼ਿਸ਼ ਹੈ ਕਿ ਰੋਸ ਵਧਾਓ ਤੇ ਕੋਈ ਕਣਕ ਚੁੱਕ ਨਾ ਸਕੇ। ਮੈਨੂੰ ਪ੍ਰਧਾਨ ਮੰਤਰੀ ਨੂੰ 3 ਦਿਨ ਹੋ ਗਏ ਨੇ ਚਿੱਠੀ ਲਿਖੇ ਨੂੰ ਕਿ ਤੁਸੀਂ ਜਿਹੜੀਆਂ ਪੁਰਾਣੀਆਂ ਬੋਰੀਆਂ ਨੇ, ਉਨ੍ਹਾਂ ਨੂੰ ਭਰਨ ਦੀ ਇਜਾਜ਼ਤ ਦੇ ਦਿਓ। ਮੈਂ ਐਫ਼ਸੀਆਈ ਦੇ ਚੇਅਰਮੈਨ ਨਾਲ ਪਰਸੋ ਗੱਲ ਕੀਤੀ ਸੀ ਕਿ ਸਾਡੀਆਂ ਬੋਰੀਆਂ ਹਰਿਆਣੇ ਭੇਜਣ ਦਾ ਜ਼ਰਾ ਮਤਲਬ ਦੱਸੋ, ਕੋਈ ਜਵਾਬ ਨਹੀਂ ਆਇਆ।

ਇਹ ਸਭ ਇਨ੍ਹਾਂ ਬਾਦਲਾਂ ਦਾ ਕੰਮ ਹੈ, ਕਹਿੰਦੇ ਨੇ ਉਨ੍ਹਾਂ ਨੂੰ ਜਿਹੜੇ ਇੰਨ੍ਹਾਂ ਦੇ ਦਿੱਲੀ ਬੈਠੇ ਨੇ ਕਿ ਤੁਸੀਂ ਪੰਜਾਬ ਵਿਚ ਥੋੜ੍ਹੀ ਰੋਕ ਲਾ ਦਿਓ ਤਾਂਕਿ ਪਿੰਡਾਂ ਵਿਚ ਰੋਸ ਵਧੇ। ਇਹ ਅਸੀਂ ਹੋਣ ਨਹੀਂ ਦੇਣਾ। ਜਿੱਥੋਂ ਮਰਜ਼ੀ ਬਾਰਦਾਨਾ ਲੈ ਕੇ ਆਈਏ, ਅਸੀਂ ਕੋਈ ਘਾਟ ਨਹੀਂ ਹੋਣ ਦੇਣੀ। ਬਸ ਇਕ-ਦੋ ਦਿਨ ਦੀ ਗੱਲ ਆ ਪਰ ਪਹੁੰਚੇਗਾ ਜ਼ਰੂਰ। ਸਾਰੀ ਕਣਕ ਚੱਕਾਂਗੇ।

ਸਵਾਲ: ਨਸ਼ੇ ਦਾ ਲੱਕ ਤਾਂ ਤੁਸੀਂ ਤੋੜ ਦਿਤਾ ਹੈ ਪਰ ਕੁਝ ਕੁ ਮੈਡੀਕਲ ਸਟੋਰ ਹਨ ਜਿੱਥੇ ਥੋੜ੍ਹਾ ਬਹੁਤ ਨਸ਼ਾ ਵਿਕਦਾ ਹੈ, ਇਨ੍ਹਾਂ ’ਤੇ ਵੀ ਨਕੇਲ ਕੱਸੀ ਜਾਵੇ -ਸੁਖਜਿੰਦਰ ਸਿੰਘ

ਜਵਾਬ: ਜੇ ਸਾਨੂੰ ਇਹ ਪਤਾ ਲੱਗੇ ਕਿ ਕਿਹੜੀਆਂ ਦੁਕਾਨਾਂ ਇਹ ਸਭ ਕਰ ਰਹੀਆਂ ਹਨ ਤਾਂ ਅਸੀਂ ਉਨ੍ਹਾਂ ’ਤੇ ਵੀ ਨਕੇਲ ਕੱਸ ਦਵਾਂਗੇ। ਜੇ ਤੁਸੀਂ ਖੁੱਲ੍ਹੇ ਵਿਚ ਇਹ ਨਹੀ ਦੱਸਣਾ ਚਾਹੁੰਦੇ ਤਾਂ ਡਿੰਪਾ ਜੀ ਨੂੰ ਦੱਸ ਦਿਓ, ਇਹ ਮੈਨੂੰ ਦੱਸ ਦੇਣਗੇ, ਇਕ ਦਮ ਇਹ ਸਭ ਰੋਕਾਂਗੇ। ਜੇ ਕੋਈ ਵੀ ਡਾਕਟਰ ਜਾਂ ਕੋਈ ਹੋਰ ਮੈਡੀਕਲ ਸਟੋਰਾਂ ’ਤੇ ਇਹ ਨਸ਼ਾ ਵੇਚਦਾ ਹੈ ਤਾਂ ਸਾਡੇ ਤੱਕ ਗੱਲ ਪਹੁੰਚਾਓ, ਅਸੀਂ ਇਕਦਮ ਇਸ ਉਤੇ ਐਕਸ਼ਨ ਲਵਾਂਗੇ ਤੇ ਇਹ ਸਭ ਰੋਕਾਂਗੇ।

ਸਵਾਲ: ਤੁਸੀਂ ਕਿਸਾਨਾਂ ਦਾ ਕਰਜ਼ਾ ਤਾਂ ਮਾਫ਼ ਕਰ ਦਿਤਾ, ਦਲਿਤਾਂ ਦਾ ਵੀ 50-50 ਹਜ਼ਾਰ ਰੁਪਇਆ ਕਰਜ਼ਾ ਮਾਫ਼ ਕਰ ਦਿਤਾ ਤੇ ਕੀ ਤੁਸੀਂ ਬੇਘਰ ਲੋਕਾਂ ਨੂੰ 5-5 ਮਰਲਿਆਂ ਦੇ ਪਲਾਟ ਦਿਓਗੇ -ਦਲੀਪ ਸਿੰਘ

ਜਵਾਬ: ਕਰਜ਼ਿਆਂ ਦੀ ਗੱਲ ਕਰੀਏ ਤਾਂ ਅਸੀਂ ਪਹਿਲਾਂ 2 ਕਿੱਲੇ ਜ਼ਮੀਨ ਵਾਲੇ ਕਿਸਾਨਾਂ ਦਾ 2 ਲੱਖ ਤੱਕ ਕਰਜ਼ਾ ਮਾਫ਼ ਕੀਤਾ। ਫਿਰ ਅਸੀਂ 5 ਕਿੱਲੇ ਤੱਕ ਕਰਜ਼ਾ ਮਾਫ਼ ਕੀਤਾ। ਇਸ ਤੋਂ ਬਾਅਦ 1 ਲੱਖ 85 ਹਜ਼ਾਰ ਅਜਿਹੇ ਘਰ ਜਿੰਨ੍ਹਾਂ ਕੋਲ ਕੋਈ ਜ਼ਮੀਨ ਨਹੀਂ, ਉਨ੍ਹਾਂ ਸਾਰੇ ਪਰਵਾਰਾਂ ਦਾ ਅਸੀਂ 50 ਹਜ਼ਾਰ ਤੱਕ ਕਰਜ਼ਾ ਮਾਫ਼ ਕੀਤਾ। ਕੁਝ ਹੱਦ ਤੱਕ ਲੋਕਾਂ ਦੇ ਕਰਜ਼ੇ ਮਾਫ਼ ਹੋ ਚੁੱਕੇ ਹਨ ਤੇ ਜਿਹੜੇ ਰਹਿ ਗਏ ਉਹ ਅਸੀਂ ਵੋਟਾਂ ਤੋਂ ਬਾਅਦ ਕੰਮ ਸ਼ੁਰੂ ਕਰ ਦੇਵਾਂਗੇ।

ਦੇਖੋ, ਜੇਕਰ ਸਾਡੇ ਕੋਲ ਪੈਸਾ ਹੁੰਦਾ ਤਾਂ ਅਸੀਂ ਕਰਜ਼ ਮਾਫ਼ ਕਰਨ ਲਈ  ਜ਼ਰੂਰ ਕਦਮ ਚੁੱਕਦੇ ਪਰ ਜਦੋਂ ਅਸੀਂ ਸਰਕਾਰ ਸਾਂਭੀ ਤਾਂ ਅਕਾਲੀਆਂ ਨੇ ਬਹੁਤ ਵੱਡਾ ਕਰਜ਼ਾ ਸਾਡੇ ਸਿਰ ਚੜ੍ਹਾ ਦਿਤਾ ਸੀ। ਇਸ ਵੇਲੇ ਢਾਈ ਲੱਖ ਕਰੋੜ ਰੁਪਏ ਕਰਜ਼ਾ ਪੰਜਾਬ ’ਤੇ ਹੈ। 2 ਸਾਲ ਵਿਚ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਕਈ ਵਾਰ ਮਿਲਿਆ ਹਾਂ ਸਾਡੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਅਰੁਣ ਜੇਤਲੀ ਨੂੰ ਕਈ ਵਾਰ ਮਿਲੇ ਨੇ, ਸਭ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਕੋਈ ਹੱਲ ਕੱਢੀਏ ਪਰ ਭਾਜਪਾ ਵਿਚ ਕੋਈ ਸੋਚ ਨਹੀਂ ਹੈ। ਮੈਂ ਇਸ ਬੀਬੀ ਹਰਸਿਮਰਤ, ਜਿਹੜੀ ਬਠਿੰਡਾ ਤੋਂ ਚੋਣ ਲੜ ਰਹੀ ਹੈ, ਨੂੰ ਕਿੰਨੀ ਵਾਰ ਪੁੱਛਿਆ ਕਿ ਤੂੰ ਉਨ੍ਹਾਂ ਦੀ ਕੈਬਨਿਟ ਵਿਚ ਬੈਠੀ ਏ, ਜਦੋਂ ਅਸੀਂ ਪ੍ਰਧਾਨ ਮੰਤਰੀ ਕੋਲ ਜਾਂਦੇ ਹਾਂ, ਸਾਡੇ ਮੰਤਰੀ ਜਾਂਦੇ ਨੇ ਉਨ੍ਹਾਂ ਕੋਲ ਤਾਂ ਤੂੰ ਉੱਥੇ ਕਿਉਂ ਨਹੀਂ ਜਾਂਦੀ ਤੇ ਕਹਿੰਦੀ ਕਿ ਇਨ੍ਹਾਂ ਦੀ ਮਦਦ ਕਰੋ। ਹਰਸਿਮਰਤ ਚਾਹੁੰਦੀ ਹੈ ਕਿ ਕੋਈ ਗੜਬੜ ਹੋਵੇ। ਪਲਾਟਾਂ ਬਾਰੇ ਗੱਲ ਕਰੀਏ ਤਾਂ ਅਸੀਂ ਹੁਣ ਤੱਕ 1 ਲੱਖ 30 ਹਜ਼ਾਰ ਪਲਾਟ ਐਲਾਨ ਕਰ ਚੁੱਕੇ ਹਾਂ ਤੇ ਦੇ ਰਹੇ ਹਾਂ, ਜਿੱਥੇ-ਜਿੱਥੇ ਲੋਕਾਂ ਨੂੰ ਲੋੜ ਹੈ।

ਸਵਾਲ: ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਤੁਸੀਂ ਕਦੋਂ ਤੱਕ ਸਜ਼ਾ ਦਿਵਾਓਗੇ -ਸਤਨਾਮ ਸਿੰਘ ਸਰਪੰਚ

ਜਵਾਬ: ਦੇਖੋ, ਇਹ ਸਵਾਲ ਬੜਾ ਦੁੱਖ ਭਰਿਆ ਹੈ। ਆਹ, ਅਕਾਲੀਆਂ ਦੀ ਹਕੂਮਤ ਵੇਲੇ 113 ਗੁਟਕਾ ਸਾਹਿਬ ਦੇ ਅੰਗ ਪਾੜੇ ਗਏ ਸੀ, ਨਾਲ ਹੀ ਗੀਤਾ, ਨਾਲ ਹੀ ਕੁਰਾਨ ਸ਼ਰੀਫ਼ ਤੇ ਨਾਲ ਹੀ ਬਾਈਬਲ ਨਾਲ ਅਜਿਹਾ ਕੀਤਾ ਗਿਆ ਕਿਉਂਕਿ ਇਹ ਅਕਾਲੀ ਚਾਹੁੰਦੇ ਸੀ ਕਿ ਝਗੜਾ ਹੋਵੇ ਕੌਮਾਂ ਦਾ ਆਪਸ ਵਿਚ ਤੇ ਸਿੱਖ ਸਾਡੇ ਨਾਲ ਜੁੜਨ, ਸਾਨੂੰ ਵੋਟਾਂ ਪਾਉਣ ਵਾਸਤੇ। ਇਹ ਹੋਇਆ ਸੀ ਅਸੈਂਬਲੀ ਦੀਆਂ ਚੋਣਾਂ ਤੋਂ ਪਹਿਲਾਂ।

ਫਿਰ ਇਨ੍ਹਾਂ ਨੇ ਦਿਖਾਵੇ ਵਾਸਤੇ ਇਕ ਜੋਰਾ ਸਿੰਘ ਕਮਿਸ਼ਨ ਬਿਠਾ ਦਿਤੀ ਜਾਂਚ ਵਾਸਤੇ ਤੇ ਉਨ੍ਹਾਂ ਰਿਪੋਰਟ ਹੀ ਪੇਸ਼ ਨਹੀਂ ਕੀਤੀ। ਫਿਰ ਮੈਂ ਕਮਿਸ਼ਨ ਬਿਠਾਇਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਉਨ੍ਹਾਂ ਰਿਪੋਰਟ ਪੇਸ਼ ਕੀਤੇ ਤੇ ਅਕਾਲੀ ਕਹਿੰਦੇ ਅਸੀਂ ਨਹੀਂ ਮੰਨਦੇ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਫਿਰ ਅਸੀਂ ਐਸਆਈਟੀ ਬਣਾ ਦਿਤੀ, ਤੇ ਹੁਣ ਤੱਕ 600 ਬੰਦਿਆਂ ਤੋਂ ਪੁੱਛ ਪੜਤਾਲ ਕੀਤੀ ਹੈ। ਹੁਣ ਇਹ ਐਸਆਈਟੀ ਵਿਚ ਰੁਕਾਵਟ ਪਾਉਣਾ ਚਾਹੁੰਦੇ ਨੇ ਚੋਣ ਕਮਿਸ਼ਨ ਉਤੇ ਦਬਾਅ ਪਾ ਕੇ। ਕੁੰਵਰ ਵਿਜੈ ਪ੍ਰਤਾਪ ਨੂੰ ਇੰਨ੍ਹਾਂ ਨੇ ਕਢਾ ਦਿਤਾ ਟੀਮ ਵਿਚੋਂ ਪਰ ਮੈਂ ਦੱਸ ਦਵਾਂ ਕਿ ਚੋਣਾਂ ਖ਼ਤਮ ਹੁੰਦਿਆਂ ਹੀ ਪਹਿਲੇ ਹਫ਼ਤੇ ਐਸਆਈਟੀ ਮੁਖੀ ਵਾਪਸ ਆਵੇਗਾ। ਫਿਰ ਪਤਾ ਲੱਗੇਗਾ ਕਿ ਕਿਸ ਨੇ ਗੋਲੀ ਚਲਾਉਣ ਦਾ ਹੁਕਮ ਦਿਤਾ ਸੀ ਤੇ ਕੌਣ ਦੋਸ਼ੀ ਸਨ। ਜਿੰਨ੍ਹਾਂ ਨੇ ਬੇਅਦਬੀ ਕੀਤੀ ਹੈ ਮੈਂ ਵਾਅਦਾ ਕਰਦਾ ਹਾਂ ਕਿ ਇਕ ਵੀ ਬੰਦਾ ਨਹੀਂ ਛੱਡਾਂਗਾ।

ਸਵਾਲ: ਨੌਜਵਾਨਾਂ ਨਾਲ ਸਮਾਰਟ ਫ਼ੋਨ ਦੇਣ ਦਾ ਵਾਅਦਾ ਕਦੋਂ ਤੱਕ ਪੂਰਾ ਹੋਵੇਗਾ -ਬਲਵਿੰਦਰ ਸਿੰਘ

ਜਵਾਬ: ਅਸੀਂ ਸਮਾਰਟ ਫ਼ੋਨ ਸਭ ਨੂੰ ਦੇਣਾ ਹੈ। ਸਾਢੇ ਤਿੰਨ ਲੱਖ ਫ਼ੋਨ ਚੋਣਾਂ ਖ਼ਤਮ ਹੁੰਦਿਆਂ ਹੀ ਅਸੀਂ ਵੰਡਾਂਗੇ ਤੇ ਬਾਕੀ ਦੂਜੇ ਪੜਾਅ ਵਿਚ ਵੰਡਾਂਗੇ। ਮੈਂ ਸਿਰਫ਼ ਰੱਦੀ ਫ਼ੋਨ ਨਹੀਂ ਦੇਣਾ ਚਾਹੁੰਦਾ, ਮੈਂ ਤੁਹਾਨੂੰ ਪੂਰੀਆਂ ਸੁਵਿਧਾਵਾਂ ਨਾਲ ਤਿਆਰ ਫ਼ੋਨ ਦੇਣਾ ਚਾਹੁੰਦਾ ਹਾਂ, ਜੋ ਵਿੱਦਿਆ ਦੇ ਖੇਤਰ ਵਿਚ ਵੀ ਕੰਮ ਆਵੇ। ਜਦੋਂ ਚੋਣਾਂ ਖ਼ਤਮ ਹੋ ਗਈਆਂ ਅਸੀਂ ਉਦੋਂ ਹੀ ਵੰਡਣੇ ਸ਼ੁਰੂ ਕਰ ਦੇਣੇ ਹਨ।

ਸਵਾਲ: ਤੁਸੀਂ 2002 ਤੋਂ 2007 ਦੇ ਅਪਣੇ ਕਾਰਜਕਾਲ ਦੌਰਾਨ ਪੰਜਾਬ ਤੋਂ ਹਵਾਈ ਅੱਡੇ ਰਾਹੀਂ ਬਾਹਰ ਸਬਜ਼ੀਆਂ ਭੇਜਣ ਦਾ ਕੰਮ ਸ਼ੁਰੂ ਕੀਤਾ ਸੀ ਉਹ ਹੁਣ ਫਿਰ ਸ਼ੁਰੂ ਕਰ ਦਿਓ, ਤਾਂ ਜੋ ਕਿਸਾਨਾਂ ਨੂੰ ਸਹੀ ਲਾਗਤ ਮੁੱਲ ਮਿਲ ਸਕੇ।  -ਸਵਿੰਦਰ ਸਿੰਘ

ਜਵਾਬ: ਇਹ ਕੰਮ ਸ਼ੁਰੂ ਹੋ ਰਿਹਾ ਹੈ। ਅੰਮ੍ਰਿਤਸਰ ਤੋਂ ਸਬਜ਼ੀਆਂ ਬਾਹਰ ਭੇਜੀਆਂ ਜਾ ਸਕਣਗੀਆਂ।

ਸਵਾਲ: ਨਵੀਂ ਚੁਣੀਆਂ ਪੰਚਾਇਤਾਂ ਦੀ ਸੁਣਵਾਈ ਬਹੁਤ ਘੱਟ ਹੋ ਰਹੀ ਹੈ। ਕ੍ਰਿਪਾ ਕਰਕੇ ਪੰਚਾਇਤਾਂ ਦੇ ਅਧਿਕਾਰ ਉਨ੍ਹਾਂ ਨੂੰ ਦਿਤੇ ਜਾਣ -ਸੁਮਨਦੀਪ ਸਿੰਘ

ਜਵਾਬ: ਦੇਖੋ, ਸਾਰੇ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਪੰਚਾਇਤਾਂ ਦੀ ਗੱਲ ਸੁਣੀ ਜਾਵੇ। ਜੇ ਤੁਹਾਨੂੰ ਕੋਈ ਤਕਲੀਫ਼ ਹੈ ਤਾਂ ਤੁਸੀਂ ਅਪਣੇ ਐਮਐਲਏ ਜਾਂ ਐਮਪੀ ਕੋਲ ਜਾਓ ਤੇ ਗੱਲ ਕਰੋ ਉਹ ਤੁਹਾਡੀ ਪੂਰੀ ਮਦਦ ਕਰਨਗੇ। ਇਹ ਸਾਡੀ ਡਿਊਟੀ ਬਣਦੀ ਹੈ ਕਿ ਜਿੱਥੇ ਕੰਮ ਨਹੀਂ ਹੁੰਦਾ ਉਹ ਅਸੀਂ ਕਰਵਾਈਏ।

ਸਵਾਲ: ਸਾਡਾ ਇਲਾਕਾ ਬਾਰਡਰ ਏਰੀਆ ਹੈ ਤੇ ਇੱਥੇ ਕੋਈ ਇੰਡਸਟਰੀ ਨਹੀਂ ਆਈ ਤੇ ਨੌਜਵਾਨ ਬਾਹਰਲੇ ਮੁਲਕਾਂ ਵਿਚ ਜਾ ਰਹੇ ਹਨ ਇਸ ਕਰਕੇ ਕੋਈ ਇੰਡਸਟਰੀ ਸਾਨੂੰ ਦਿਤੀ ਜਾਵੇ -ਬਲਰਾਜ ਸਿੰਘ

ਜਵਾਬ: ਦੇਖੋ ਜੀ, ਬਾਰਡਰ ਏਰੀਆ ਦਾ ਵਿਕਾਸ ਬਹੁਤ ਜ਼ਰੂਰੀ ਹੈ। ਇੰਡਸਟਰੀਜ਼ ਜਾਣ ਨੂੰ ਤਿਆਰ ਹਨ ਬਾਰਡਰ ਏਰੀਆ ਵਿਚ ਬਸ ਉਨ੍ਹਾਂ ਨੂੰ ਇਜਾਜ਼ਤ ਦੇਣ ਦੀ ਲੋੜ ਹੈ। ਐਗਰੋ ਇੰਡਸਟਰੀ ਬਾਰੇ ਸੋਚਾਂਗੇ ਤੇ ਇਸ ਦੇ ਨਾਲ ਹੀ ਇੰਡਸਟਰੀਆਂ ਵਿਚ ਨੌਕਰੀਆਂ ਬਾਰੇ ਵੀ ਸੋਚਾਂਗੇ।

ਸਵਾਲ: ਮੈਂ ਡੀਪੀਐਡ ਕੀਤੀ ਹੋਈ ਹੈ ਤੇ ਅਜੇ ਤੱਕ ਬੇਰੁਜ਼ਗਾਰ ਹਾਂ, ਸਰਕਾਰੀ ਅਦਾਰਿਆਂ ਵਿਚ ਕਦੋਂ ਤੱਕ ਨੌਕਰੀਆਂ ਭਰੀਆਂ ਜਾਣਗੀਆਂ? -ਕੋਮਲਪ੍ਰੀਤ ਸਿੰਘ

ਜਵਾਬ: ਦੇਖੋ, ਨੌਕਰੀਆਂ ਦਾ ਵੱਡਾ ਮਸਲਾ ਹੈ। ਤੁਹਾਨੂੰ ਦੱਸ ਦਵਾਂ ਕਿ ਪਿਛਲੇ 2 ਸਾਲ 2 ਮਹੀਨਿਆਂ ਵਿਚ 8 ਲੱਖ 8 ਹਜ਼ਾਰ ਨੌਕਰੀਆਂ ਅਸੀਂ ਦੇ ਚੁੱਕੇ ਹਾਂ।

ਸਰਕਾਰੀ ਮਹਿਕਮਿਆਂ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਵਿਚ 3.5 ਲੱਖ ਕੁੱਲ ਸਰਕਾਰੀ ਮੁਲਾਜ਼ਮ ਹਨ ਤੇ ਸਾਢੇ 11 ਹਜ਼ਾਰ ਹਰ ਸਾਲ ਰਿਟਾਇਰ ਹੁੰਦੇ ਹਨ। 11 ਹਜ਼ਾਰ ਅਸੀਂ ਹਰ ਸਾਲ ਨਵੇਂ ਰੱਖਦੇ ਹਾਂ, ਇਸ ਵਾਰ 40 ਹਜ਼ਾਰ ਰੱਖੇ ਹਨ ਕਿਉਂਕਿ ਅਕਾਲੀਆਂ ਨੇ ਪੂਰੀਆਂ ਆਸਾਮੀਆਂ ਭਰੀਆਂ ਨਹੀਂ ਸਨ। 2 ਸਾਲ ਵਿਚ 36-36 ਹਜ਼ਾਰ ਕਰਕੇ ਅਸੀਂ ਬਾਕੀ ਰਹਿੰਦੀਆਂ ਆਸਾਮੀਆਂ ਭਰ ਦੇਵਾਂਗੇ। ਦੂਜਾ ਪਾਸਾ ਹੈ ਪ੍ਰਾਈਵੇਟ ਇੰਡਸਟਰੀਆਂ ਲਾਉਣ ਦਾ, ਇੱਥੇ ਅਸੀਂ 1 ਲੱਖ 80 ਹਜ਼ਾਰ ਨੌਕਰੀਆਂ ਦੇ ਚੁੱਕੇ ਹਾਂ। ਤੀਜੀ ਹੈ ਸਟਾਰਟ ਅੱਪ, ਇਸ ਦਾ ਮਤਲਬ ਹੈ ਕਿ ਜਿਹੜੇ ਅਪਣਾ ਕੰਮ ਕਰਨਾ ਚਾਹੁੰਦੇ ਹਨ ਉਹ ਕਰ ਸਕਦੇ ਹਨ। ਅਸੀਂ ਮਦਦ ਕਰਾਂਗੇ।

ਸਵਾਲ: ਸਾਡੀ ਜ਼ਮੀਨ ਬਾਰਡਰ ਤੋਂ ਪਾਰ ਹੈ ਤੇ ਉੱਥੇ ਫ਼ਸਲ ਦੀ ਦੇਖਭਾਲ ਨਹੀਂ ਹੁੰਦੀ ਤੇ ਫ਼ਸਲ ਖ਼ਰਾਬ ਹੋ ਜਾਂਦੀ ਹੈ ਕ੍ਰਿਪਾ ਕਰਕੇ ਮੁਆਵਜ਼ੇ ਦੀ ਰਕਮ ਵਧਾਈ ਜਾਵੇ -ਸੂਬਾ ਸਿੰਘ

ਜਵਾਬ: ਮੇਰੀ ਕੋਸ਼ਿਸ਼ ਹੈ ਕਿ ਅਸੀਂ ਕੋਈ ਸਕੀਮ ਬਣਾ ਕੇ ਤੁਹਾਡੀ ਜ਼ਮੀਨ ਖ਼ਰੀਦ ਹੀ ਲਈਏ ਤੇ ਸਰਕਾਰ ਹੀ ਸਾਂਭੇਗੀ ਤੁਹਾਡੀ ਜ਼ਮੀਨ।

ਸਵਾਲ: ਹਸਪਤਾਲਾਂ ਵਿਚ ਲੁੱਟ-ਖਸੁੱਟ ਬਹੁਤ ਹੁੰਦੀ ਹੈ ਤੇ ਸਰਕਾਰੀ ਹਸਪਤਾਲਾਂ ਵਿਚ ਇਲਾਜ ਮੁਹੱਈਆ ਕਰਵਾਇਆ ਜਾਵੇ -ਜੱਸਾ ਸਿੰਘ

ਜਵਾਬ: ਇਹ ਗੱਲ ਬਿਲਕੁਲ ਸਹੀ ਹੈ ਆਮ ਬੰਦਾ ਮੈਡੀਕਲ ਸੁਵਿਧਾਵਾਂ ਨਹੀਂ ਲੈ ਸਕਦਾ। ਅਸੀਂ ਹੁਣ ਸਿਹਤ ਬੀਮਾ ਯੋਜਨਾ ਨਾਲ ਪੂਰੇ ਪੰਜਾਬ ਨੂੰ ਇਸ ਦੇ ਅਧੀਨ ਕਰੀਏ ਤੇ ਜਿਸ ਨਾਲ 5 ਲੱਖ ਤੱਕ ਬੀਮਾ ਹਰੇਕ ਪੰਜਾਬੀ ਨੂੰ ਦਿਤਾ ਜਾਵੇ।

ਸਵਾਲ: ਗੁਰੂ ਨਾਨਕ ਹਸਪਤਾਲ ਵਿਚ ਸਫ਼ਾਈ ਦਾ ਕੰਮ ਬਹੁਤ ਮਾੜਾ ਹੈ ਤੇ ਡਾਕਟਰਾਂ ਦੀ ਵੀ ਕਮੀ ਹੈ?

ਜਵਾਬ: ਜੀ ਹਾਂ ਇਹ ਵੀ ਗੱਲ ਸਹੀ ਹੈ। ਅਸੀਂ ਇਸ ਬਾਰੇ ਧਿਆਨ ਦਵਾਂਗੇ ਤੇ ਸਿਹਤ ਮੰਤਰੀ ਨੂੰ ਕਹਾਂਗਾ ਕਿ ਸਮਾਂ ਕੱਢ ਕੇ ਇਸ ਵੱਲ਼ ਧਿਆਨ ਦਿਓ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਸਰਕਾਰੀ ਹਸਪਤਾਲਾਂ ਨੂੰ ਵਧੀਆ ਬਣਾਇਆ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement