
ਕਣਕ ਖਰੀਦ ਦੀ ਕਾਰਜ ਯੋਜਨਾ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਨੇ 15 ਅਪ੍ਰੈਲ ਤੋਂ ਰਾਜ 'ਚ ਕਿਸਾਨਾਂ ਦੀ ਕਣਕ ਦੀ ਖ਼ਰੀਦ ਸ਼ੁਰੂ ਕਰਨ ਸਬੰਧੀ ਕਾਰਜ ਯੋਜਨਾ ਤਿਆਰ ਕਰ ਲਈ ਹੈ ਅਤੇ ਖ਼ਰੀਦ ਦੇ ਕੰਮ ਲਈ ਪਹਿਲਾਂ ਨਾਲੋਂ ਦੁਗਣੀ ਗਿਣਤੀ ਕਰਦਿਆਂ 4000 ਖ਼ਰੀਦ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ। ਰਾਜ ਦੇ ਖੇਤੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪਨੂ ਨੇ ਦਸਿਆ ਕਿ ਮੰਡੀਆਂ 'ਚ ਆਉਣ ਲਈ ਆੜ੍ਹਤੀਆਂ ਵਲੋਂ ਹੀ ਕਿਸਾਨਾਂ ਨੂੰ ਵਿਸ਼ੇਸ਼ ਕੂਪਨ ਜਾਰੀ ਕੀਤੇ ਜਾਣਗੇ ਅਤੇ ਇਹੀ ਉਨ੍ਹਾਂ ਲਈ ਕਰਫ਼ੀਊ ਪਾਸ ਹੋਣਗੇ।
File photo
ਉਨ੍ਹਾਂ ਦਸਿਆ ਕਿ ਕਿਸਾਨਾਂ ਦੀ ਫ਼ਸਲ ਦੀ ਅਦਾਇਗੀ ਵੀ ਆੜ੍ਹਤੀਆਂ ਰਾਹੀਂ ਹੀ 48 ਘੰਟੇ ਅੰਦਰ ਹੋਵੇਗੀ। ਕਿਸਾਨਾਂ ਨੂੰ ਨਿਰਧਾਰਤ ਤਰੀਕ 'ਤੇ ਹੀ ਮੰਡੀ ਨਿਰਧਾਰਤ ਮਾਤਰਾ 'ਚ ਕਣਕ ਲੈ ਕੇ ਆਉਣਾ ਪਵੇਗਾ। ਇਸ ਬਾਰੇ ਉਨ੍ਹਾਂ ਨੂੰ ਕੂਪਨ ਦੇਣ ਸਮੇਂ ਤਰੀਕ ਵੀ ਆੜ੍ਹਤੀਏ ਹੀ ਦੇਣਗੇ। ਇਕ ਦਿਨ 'ਚ ਹੀ ਕਿਸਾਨ ਨੂੰ ਕਣਕ ਵੇਚ ਕੇ ਸ਼ਾਮ ਤਕ ਘਰ ਪਰਤਣਾ ਹੋਏਗਾ। ਕਿਸਾਨਾਂ ਨੂੰ ਅਪਣੇ ਪਿੰਡ ਨੇੜੇ ਸਥਾਪਿਤ ਖ਼ਰੀਦ ਕੇਂਦਰ ਉਪਰ ਮਾਰਕ ਕੀਤੀ ਥਾਂ ਉਪਰ ਹੀ ਕਣਕ ਦੀ ਢੇਰੀ ਲਾਉਣੀ ਹੋਵੇਗੀ।
ਉਨ੍ਹਾਂ ਦਸਿਆ ਕਿ ਕਣਕ ਦੀ ਭਰਾਈ ਅਤੇ ਸਾਫ਼-ਸਫ਼ਾਈ ਲਈ ਮਜ਼ਦੂਰਾਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਵੀ ਆੜ੍ਹਤੀਆਂ ਨੂੰ ਦਿਤੀ ਗਈ ਹੈ।
ਮੰਡੀਆਂ 'ਚ ਕੋਰੋਨਾ ਦੇ ਖ਼ਤਰੇ ਦੇ ਮੱਦੇਨਜ਼ਰ ਭੀੜ ਨਾ ਹੋਣ ਦੇਣ ਅਤੇ ਹੋਰ ਨਿਯਮਾਂ ਦੇ ਪਾਲਣ ਦੇ ਵੀ ਪੂਰੇ ਪ੍ਰਬੰਧ ਹੋਣਗੇ। ਕਿਸਾਨਾਂ ਲਈ ਸੈਨੀਟਾਈਜ਼ਰਾਂ ਦੀ ਵੀ ਸਹੂਲਤ ਹੋਵੇਗੀ ਅਤੇ ਮਾਸਕ ਵੀ ਦਿਤੇ ਜਾਣਗੇ। ਨਿਯਮਾਂ ਦਾ ਪਾਲਣ ਕਰਨ ਲਈ ਪੁਲਿਸ ਦੀ ਸਹਾਇਤਾ ਵੀ ਲਈ ਜਾਵੇਗੀ, ਜੋ ਖ਼ਰੀਦ ਕੇਂਦਰਾਂ ਉਪਰ ਤਾਇਨਾਤ ਹੋਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸਾਨਾਂ ਦੇ ਫ਼ਸਲ ਦੀ ਕਟਾਈ ਕਰਨ 'ਤੇ ਕੋਈ ਰੋਕ ਨਹੀਂ ਅਤੇ ਉਹ ਸਵੇਰੇ 6 ਤੋਂ ਸ਼ਾਮ 7 ਵਜੇ ਤਕ ਵਾਢੀ ਕਰ ਸਕਦੇ ਹਨ। ਕੰਬਾਈਲ ਰਾਹੀਂ ਵਾਢੀ ਦਾ ਸਮਾਂ ਵੀ ਇਹੋ ਹੈ ਜਦਕਿ ਰਾਤ ਨੂੰ ਪਾਬੰਦੀ ਰਹੇਗੀ। ਕੰਬਾਈਨ ਹਾਰਵੈਸਟਰਾਂ ਨੂੰ ਸੈਨੀਟੇਸ਼ਨ ਲਈ ਵੀ ਵਿਸ਼ੇਸ਼ ਹਦਾਇਤ ਕੀਤੀ ਗਈ ਹੈ।