
ਸੂਬੇ ਵਿਚ ਲਗਭਗ 13 ਹਜ਼ਾਰ ਕਿਸਾਨਾਂ ਨੂੰ ਕਥਿਤ ਤੌਰ ‘ਤੇ ਸੂਬੇ ਦੀ ਕਰਜ਼ਾ ਮਾਫ਼ੀ ਯੋਜਨਾ ਤਹਿਤ ਦਿੱਤੇ ਗਏ ਪੈਸਿਆਂ ਨੂੰ ਵਾਪਿਸ ਲੈ ਲਿਆ ਗਿਆ ਹੈ।
ਕਰਨਾਟਕ: ਇਕ ਰਿਪੋਰਟ ਵਿਚ ਇਹ ਸਾਹਮਣੇ ਆਇਆ ਹੈ ਕਿ ਸੂਬੇ ਵਿਚ ਲਗਭਗ 13 ਹਜ਼ਾਰ ਕਿਸਾਨਾਂ ਨੂੰ ਕਥਿਤ ਤੌਰ ‘ਤੇ ਸੂਬੇ ਦੀ ਕਰਜ਼ਾ ਮਾਫ਼ੀ ਯੋਜਨਾ ਤਹਿਤ ਦਿੱਤੇ ਗਏ ਪੈਸਿਆਂ ਨੂੰ ਵਾਪਿਸ ਲੈ ਲਿਆ ਗਿਆ ਹੈ। ਸੂਬੇ ਦੇ ਯਾਦਗਿਰ ਜ਼ਿਲ੍ਹੇ ਦੇ ਸਾਗਰ ਪਿੰਡ ਵਿਚ ਰਹਿਣ ਵਾਲੇ ਕਿਸਾਨ ਸ਼ਿਵੱਪਾ ਦੇ ਬੈਂਕ ਖਾਤੇ ਵਿਚ ਅਪ੍ਰੈਲ 2019 ਦੌਰਾਨ 43,553 ਰੁਪਏ ਜਮ੍ਹਾਂ ਹੋਏ ਸਨ। ਇਹ ਰਕਮ ਕਰਨਾਟਕ ਦੇ ਮੁੱਖ ਮੰਤਰੀ ਐਚਡੀ ਕੁਮਾਰ ਸਵਾਮੀ ਦੀਆਂ ਚੋਣਾਂ ਤੋਂ ਪਹਿਲਾਂ ਕਰਜ਼ਾ ਮਾਫ਼ੀ ਸਕੀਮ ਦੇ ਤਹਿਤ ਜਮ੍ਹਾਂ ਕੀਤੀ ਗਈ ਸੀ।
HD Kumaraswamy
ਇਸ ਤੋਂ ਬਾਅਦ 3 ਜੂਨ ਨੂੰ ਜਦੋਂ ਉਸ ਨੇ ਅਪਣਾ ਬੈਂਕ ਖਾਤਾ ਦੇਖਿਆ ਤਾਂ ਉਸ ਦੇ ਖ਼ਾਤੇ ਦੀ ਸਾਰੀ ਰਕਮ ਸਾਫ਼ ਹੋ ਗਈ ਸੀ। ਰਿਪੋਰਟ ਮੁਤਾਬਕ ਪੂਰੇ ਕਰਨਾਟਕ ਵਿਚ 13,988 ਕਿਸਾਨਾਂ ਦੇ ਖ਼ਾਤਿਆਂ ਵਿਚ ਚੋਣਾਂ ਤੋਂ ਪਹਿਲਾਂ ਇਹ ਰਕਮ ਆਈ ਸੀ ਪਰ ਚੋਣ ਨਤੀਜਿਆਂ ਤੋਂ ਬਾਅਦ ਇਹ ਸਾਰੇ ਪੈਸੇ ਵਾਪਿਸ ਹੋ ਗਏ। ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਸਿਰਫ਼ ਵੋਟਾਂ ਹਾਸਿਲ ਕਰਨ ਲਈ ਹੀ ਖ਼ਾਤਿਆਂ ਵਿਚ ਪੈਸੇ ਪਾਏ ਸਨ ਅਤੇ ਚੋਣਾਂ ਤੋਂ ਬਾਅਦ ਉਹੀ ਪੈਸੇ ਵਾਪਿਸ ਲੈ ਲਏ।
Farmers
ਕਰਨਾਟਕ ਸਰਕਾਰ ਨੇ ਕਿਸਾਨਾਂ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਸੀਐਮ ਕੁਮਾਰ ਸਵਾਮੀ ਦਾ ਕਹਿਣਾ ਹੈ ਕਿ ਇਸ ਸਬੰਧੀ 14 ਜੂਨ ਨੂੰ ਰਾਸ਼ਟਰੀ ਬੈਂਕਾਂ ਦੇ ਪ੍ਰਤੀਨਿਧੀਆਂ ਦੀ ਬੈਠਕ ਬੁਲਾਈ ਗਈ ਹੈ। ਸੈਟਲਮੈਂਟ ਐਂਡ ਲੈਂਡ ਸਰਵੇ ਕਮਿਸ਼ਨਰ ਮੁਨੀਸ਼ ਮੁਦਗਿਲ ਦੀ ਅਗਵਾਈ ਵਿਚ ਕਰਜ਼ਾ ਮਾਫੀ ਯੋਜਨਾ ਲਾਗੂ ਕੀਤੀ ਗਈ ਸੀ। ਉਹਨਾਂ ਨੇ ਦੱਸਿਆ ਕਿ ਇਸ ਦੇ ਤਹਿਤ ਰਾਸ਼ਟਰੀ ਬੈਂਕਾਂ ਨਾਲ ਸਮਝੌਤਾ ਕੀਤਾ ਗਿਆ ਸੀ।
Loan
ਇਹਨਾਂ ਬੈਂਕਾਂ ਵਿਚ 12 ਲੱਖ ਕਿਸਾਨਾਂ ਨੇ ਕਰਜ਼ਾ ਮਾਫੀ ਲਈ ਅਪਲਾਈ ਕੀਤਾ ਸੀ। ਉਸ ਤੋਂ ਬਾਅਦ ਬੈਂਕਾਂ ਨੇ ਸਾਢੇ 7 ਲੱਖ ਕਿਸਾਨਾਂ ਦਾ ਵੇਰਵਾ ਦਿੱਤਾ ਗਿਆ ਸੀ, ਜਿਨ੍ਹਾਂ ਨੂੰ 3,930 ਕਰੋੜ ਰੁਪਏ ਟਰ੍ਰਾਂਸਫਰ ਕੀਤੇ ਗਏ ਸਨ। ਸੂਬੇ ਦੀ ਇਕ ਏਜੰਸੀ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਬੈਂਕਾਂ ਨੇ 13,988 ਕਿਸਾਨਾਂ ਦੇ ਖ਼ਾਤਿਆਂ ਵਿਚ ਵੀ ਰਕਮ ਟ੍ਰਾਂਸਫਰ ਕੀਤੀ ਸੀ। ਇਹ ਰਕਮ 59.8 ਕਰੋੜ ਰੁਪਏ ਸੀ, ਜੋ ਕਿ ਬਾਅਦ ਵਿਚ ਰਿਕਵਰ ਕਰ ਲਈ ਗਈ ਹੈ।