
ਕਿਸਾਨ ਦੇ ਬੇਟੇ ਚੰਗੇ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਇਸੇ ਕਿੱਤੇ ’ਚ ਹਨ
ਪੰਜਾਬ ਵਿਚ ਅਕਸਰ ਕਿਹਾ ਜਾਂਦਾ ਹੈ ਕਿ ਕਿਸਾਨਾਂ ਨੂੰ ਫ਼ਸਲਾਂ ਵਿਚ ਘਾਟਾ ਖਾਣਾ ਪੈਂਦਾ ਹੈ ਪਰ ਪੰਜਾਬ ਵਿਚ ਕੁੱਝ ਅਜਿਹੇ ਕਿਸਾਨ ਵੀ ਹਨ ਜੋ ਕੁੱਝ ਵਖਰੀ ਤਰ੍ਹਾਂ ਦੀ ਖੇਤੀ ਤੇ ਕਿੱਤੇ ਅਪਣਾ ਕੇ ਆਪਣੇ ਆਪ ਨੂੰ ਅੱਗੇ ਵਧਾ ਰਹੇ ਹਨ। ਕਿਸਾਨੀ ਨੂੰ ਘਾਟੇ ਦਾ ਸੌਦਾ ਦੱਸਣ ਵਾਲੇ ਕਿਸਾਨਾਂ ਲਈ ਮਿਸਾਲ ਬਣੇ ਹੋਏ ਹਨ ਕਿਸਾਨ ਕੁਲਦੀਪ ਸਿੰਘ ਚਾਹਲ, ਜੋ ਕੁਦਰਤੀ ਢੰਗ ਨਾਲ ਗੰਨੇ ਦੀ ਫ਼ਸਲ ਪੈਦਾ ਕਰਦੇ ਹਨ। ਉਹ ਗੰਨੇ ਤੋਂ ਵੱਖ-ਵੱਖ ਤਰ੍ਹਾਂ ਦਾ ਗੁੜ ਜਾਂ ਹੋਰ ਵੱਖ-ਵੱਖ ਤਰ੍ਹਾਂ ਦੇ ਬਰੈਂਡ ਤਿਆਰ ਕਰ ਕੇ ਵੇਚਦੇ ਹਨ।
ਸਪੋਕਸਮੈਨ ਦੀ ਟੀਮ ਨੇ ਕਿਸਾਨ ਕੁਲਦੀਪ ਸਿੰਘ ਚਾਹਲ ਗੱਲਬਾਤ ਕੀਤੀ, ਜਿਸ ਵਿਚ ਕੁਲਦੀਪ ਸਿੰਘ ਨੇ ਆਪਣੀ ਖੇਤੀ ਦੇ ਤਜਰਬੇ ਸਾਂਝੇ ਕੀਤੇ। ਸਪੋਕਸਮੈਨ ਦੀ ਟੀਮ ਨੇ ਕੁਲਦੀਪ ਸਿੰਘ ਨੂੰ ਪੁਛਿਆ ਕਿ ਉਨ੍ਹਾਂ ਗੰਨੇ ਦੀ ਖੇਤੀ ਕਦੋਂ ਸ਼ੁਰੂ ਕੀਤੀ ਤੇ ਤੁਹਾਨੂੰ ਕਦੋਂ ਸੁਝਿਆ ਕਿ ਗੁੜ੍ਹ ਤੋਂ ਵਖੋ ਵਖਰੇ ਪ੍ਰੋਡੈਕਟ ਤਿਆਰ ਕਰ ਚੰਗਾ ਰੁਜ਼ਗਾਰ ਤੋਰਿਆ ਜਾ ਸਕਦਾ ਹੈ ਤਾਂ ਕੁਲਦੀਪ ਸਿੰਘ ਨੇ ਦਸਿਆ ਕਿ ਉਸ ਨੇ 2013 ਵਿਚ ਗੰਨੇ ਦੀ ਖੇਤੀ ਕਰਨੀ ਸ਼ੁਰੂ ਕੀਤੀ ਤੇ ਨਾਲ ਘਰ ਵਾਸਤੇ ਥੋੜ੍ਹੀਆਂ ਦਾਲਾਂ ਜਾਂ ਹੋਰ ਫ਼ਸਲਾਂ ਉਗਾਉਣੀਆਂ ਸ਼ੁਰੂ ਕੀਤੀਆਂ। ਪਰ ਜਦੋਂ ਅਸੀਂ ਗੁੜ ਤਿਆਰ ਕਰ ਕੇ ਵੇਚਣ ਲੱਗੇ ਤਾਂ ਲੋਕ ਸਾਨੂੰ ਕਹਿਣ ਲੱਗੇ ਤੁਸੀਂ ਗੁੜ ਬਹੁਤ ਵਧੀਆ ਤਿਆਰ ਕਰਦੇ ਹੋ ਤੇ ਖਾਣ ਨੂੰ ਚੰਗਾ ਲੱਗਦਾ ਹੈ। ਲੋਕਾਂ ਨੇ ਕਿਹਾ ਕਿ ਗੁੜ ਦਾ ਸਵਾਦ ਵੀ ਹੋਰਾਂ ਗੁੜਾਂ ਨਾਲੋਂ ਵਖਰਾ ਹੈ।
ਕੁਲਦੀਪ ਸਿੰਘ ਦਸਿਆ ਕਿ ਉਹ ਹੁਣ ਗੰਨੇ ਦੀ ਫ਼ਸਲ ਹੌਲੀ-ਹੌਲੀ ਵਧਾ ਰਹੇ ਹਨ। ਕਿਸਾਨ ਨੇ ਦਸਿਆ ਕਿ ਉਹ ਹੁਣ ਗੁੜ ਦੀ ਪੰਜੀਰੀ ਤੇ ਸ਼ੱਕਰ, ਤੀਲੀ ਵਾਲੀ ਟੌਫ਼ੀ, ਹਲਦੀ ਵਾਲਾ ਗੁੜ, ਅਲਸੀ ਵਾਲੀ ਟੌਫ਼ੀ ਜਾਂ ਮਲੱਠੀ ਵਾਲੀ ਟੌਫ਼ੀ ਨਾਲ ਬਰਫ਼ੀ ਆਦਿ ਬਣਾਉਂਦੇ ਹਨ। ਉਨ੍ਹਾਂ ਦਸਿਆ ਕਿ ਉਹ ਗੁੜ ਇਮਲੀ ਦੀ ਚਟਣੀ ਅਤੇ ਆਵਲਾ ਕੈਂਡੀ ਆਪ ਹੱਥੀਂ ਤਿਆਰ ਕਰਦੇ ਹਨ ਅਤੇ ਵੇਚਦੇ ਹਨ।
ਸਪੋਕਸਮੈਨ ਦੀ ਟੀਮ ਨੇ ਕੁਲਦੀਪ ਸਿੰਘ ਨੂੰ ਅੱਗੇ ਪੁਛਿਆ ਕਿ ਉਹ ਕੁਦਰਤੀ ਖੇਤੀ ਕਰਦੇ ਹਨ, ਉਹ ਫ਼ਸਲ ਵਿਚ ਕਿਹੜੀ-ਕਿਹੜੀ ਖਾਦ ਪਾਉਂਦੇ ਹਨ। ਕਿਸਾਨ ਕੁਲਦੀਪ ਸਿੰਘ ਨੇ ਦਸਿਆ ਕਿ ਜਦੋਂ ਅਸੀਂ ਕੁਦਰਤੀ ਖੇਤੀ ਕਰਦੇ ਹਾਂ ਤਾਂ ਪਹਿਲਾਂ-ਪਹਿਲਾਂ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਿਸਾਨ ਨੇ ਦਸਿਆ ਕਿ ਗੰਨੇ ਦੀ ਫ਼ਸਲ ਦੀਆਂ ਚਾਰ ਗੁਡਾਈਆਂ ਕਰਦੇ ਹਨ ਜੋ ਡੇਢ ਬੋਰੀ ਯੂਰੀਆ ਦੇ ਬਰਾਬਰ ਹੋ ਜਾਂਦਾ ਹੈ।
ਉਨ੍ਹਾਂ ਦਸਿਆ ਕਿ ਉਹ ਫ਼ਸਲ ਨੂੰ ਗੁੜ ਵਾਲਾ ਪਾਣੀ ਲਗਾਉਂਦੇ ਹਨ। ਕੁਲਦੀਪ ਸਿੰਘ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਗੰਨੇ ਦੀ ਫ਼ਸਲ ਲੋਕਾਂ ਵਾਂਗ ਚੰਗੀ ਹੋਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੀ ਫ਼ਸਲ ਮਾੜੀ ਹੁੰਦੀ ਰਹੀ ਪਰ ਹੁਣ ਸਾਡੀ ਗੰਨੇ ਦੀ ਫ਼ਸਲ ਚੰਗੀ ਹੋ ਰਹੀ ਹੈ ਤੇ ਕੋਈ ਘਾਟੇ ਵਾਲਾ ਸੌਦਾ ਨਹੀਂ ਹੈ।
ਸਪੋਕਸਮੈਨ ਦੀ ਟੀਮ ਨੇ ਕਿਸਾਨ ਕੁਲਦੀਪ ਸਿੰਘ ਨੂੰ ਅੱਗੇ ਪੁਛਿਆ ਕਿ ਉਹ ਸਿਰਫ਼ ਗੰਨੇ ਦੀ ਫ਼ਸਲ ਹੀ ਉਗਾਉਂਦੇ ਹਨ ਜਾਂ ਹੋਰ ਫ਼ਸਲ ਦੀ ਵੀ ਖੇਤੀ ਕਰਦੇ ਹੋ ਤਾਂ ਕਿਸਾਨ ਕੁਲਦੀਪ ਸਿੰਘ ਨੇ ਦਸਿਆ ਕਿ ਉਹ ਕਣਕ ਦੀ ਫ਼ਸਲ, ਬਾਸਮਤੀ ਤੇ ਦਾਲਾਂ (ਮਾਹ, ਮਸਰ, ਮੁੰਗੀ, ਕਾਲੇ ਛੋਲੇੇ ਆਦਿ) ਉਗਾਉਂਦੇ ਹਨ।
ਸਪੋਕਸਮੈਨ ਦੀ ਟੀਮ ਨੇ ਕੁਲਦੀਪ ਸਿੰਘ ਨੂੰ ਅੱਗੇ ਪੁਛਿਆ ਕਿ ਤੁਸੀ ਹਲਦੀ ਵੀ ਉਗਾਉਂਦੇ ਹੋ ਤਾਂ ਕਿਸਾਨ ਕੁਲਦੀਪ ਸਿੰਘ ਦਸਿਆ ਕਿ ਉਹ ਇਕ ਪਾਸੇ ਗੰਨਾ ਲਗਾਉਂਦਾ ਹੈ ਅਤੇ ਦੂਜੇ ਪਾਸੇ ਹਲਦੀ। ਨਾਲ-ਨਾਲ ਲੱਗੇ ਹੋਣ ਕਰ ਕੇ ਦੋਹਾਂ ਦੀਆਂ ਜੜਾਂ ਆਪਸ ਵਿਚ ਮਿਲ ਜਾਂਦੀਆਂ ਹਨ ਜਿਸ ਨਾਲ ਹਲਦੀ ਦੇ ਗੁਣ ਗੰਨੇ ਵਿਚ ਆ ਜਾਂਦੇ ਹਨ ਅਤੇ ਗੰਨੇ ਦਾ ਸਵਾਦ ਵਖਰਾ ਹੋ ਜਾਂਦਾ ਹੈ। ਜਿਸ ਨਾਲ ਗਾਹਕ ਵੀ ਸਾਡੇ ਕੋਲ ਜ਼ਿਆਦਾ ਆਉਣ ਲੱਗ ਪਏ।
ਟੀਮ ਨੇ ਕਿਸਾਨ ਕੁਲਦੀਪ ਸਿੰਘ ਨੂੰ ਪੁਛਿਆ ਕਿ ਤੁਹਾਨੂੰ ਤੁਹਾਡੇ ਵਲੋਂ ਤਿਆਰ ਕੀਤਾ ਸਮਾਨ ਬਾਹਰ ਵੇਚਣ ਜਾਣਾ ਪੈਂਦਾ ਹੈ ਜਾਂ ਖ਼ਰੀਦਦਾਰ ਆਪ ਆ ਕੇ ਲੈ ਜਾਂਦੇ ਹਨ। ਕਿਸਾਨ ਕੁਲਦੀਪ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਕਿਤੇ ਬਾਹਰ ਨਹੀਂ ਜਾਣਾ ਪੈਂਦਾ। ਉਨ੍ਹਾਂ ਅਪਣੇ ਘਰ ਵਿਚ ਹੀ ਇਹ ਕਿੱਤਾ ਕੀਤਾ ਹੋਇਆ ਹੈ, ਲੋਕ ਇਥੇ ਹੀ ਆ ਕੇ ਆਪਣੇ ਪਸੰਦ ਦਾ ਸਮਾਨ ਲੈ ਕੇ ਜਾਂਦੇ ਹਨ। ਉਨ੍ਹਾਂ ਦਸਿਆ ਕਿ ਜਿੱਥੇ ਅਸੀਂ ਇਹ ਸਮਾਨ ਤਿਆਰ ਕਰਦੇ ਹਾਂ ਉੱਥੇ ਅਸੀਂ ਚੰਗੀ ਤਰ੍ਹਾਂ ਜਾਲੀ ਲਗਾਈ ਹੋਈ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਮੱਖੀ-ਮੱਛਰ ਜਾਂ ਹੋਰ ਕਿਸੇ ਤਰ੍ਹਾਂ ਦਾ ਕੀੜਾ ਮਕੌੜਾ ਸਾਡੇ ਵਲੋਂ ਤਿਆਰ ਕੀਤੇ ਸਮਾਨ ’ਤੇ ਗੰਦਗੀ ਨਾ ਫੈਲਾਵੇ। ਉਨ੍ਹਾਂ ਦਸਿਆ ਕਿ ਅਸੀਂ ਆਪਣੇ ਵਲੋਂ ਪੁਰੀ ਸਾਫ਼ ਸਫ਼ਾਈ ਰਖਦੇ ਹਾਂ।
ਟੀਮ ਨੇ ਕਿਸਾਨ ਨੂੰ ਪੁਛਿਆ ਕਿ ਤੁਹਾਡੇ ਵਲੋਂ ਤਿਹਾਰ ਕੀਤਾ ਸਮਾਨ ਕਿਹੜੀ-ਕਿਹੜੀ ਜਗ੍ਹਾ ਜਾਂਦਾ ਹੈ, ਪੰਜਾਬ ਜਾਂ ਇਸ ਤੋਂ ਇਲਾਵਾ ਬਾਹਰ ਵਿਦੇਸ਼ਾਂ ’ਚ ਵੀ ਜਾਂਦਾ ਹੈ ਤਾਂ ਕਿਸਾਨ ਨੇ ਦਸਿਆ ਕਿ ਸਾਡੇ ਵਲੋਂ ਤਿਆਰ ਕੀਤਾ ਸਮਾਨ ਪੰਜਾਬ ’ਚ ਤਾਂ ਜਾਂਦਾ ਹੀ ਹੈ ਪਰ ਵਿਦੇਸ਼ਾਂ ਵਿਚ ਵੀ ਜਾਂਦਾ ਹੈ ਜਿਵੇਂ ਉਨ੍ਹਾਂ ਦੇ ਰਿਸਤੇਦਾਰ ਸਾਡੇ ਕੋਲੋਂ ਖ਼ਰੀਦ ਕੇ ਉਨ੍ਹਾਂ ਤਕ ਪੁਜਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਮੋਹਾਲੀ ਤੇ ਚੰਡੀਗੜ੍ਹ ’ਚ ਅਸੀਂ ਆਰਡਰ ਮਿਲਣ ’ਤੇ ਕੋਰੀਅਰ ਕਰ ਦਿੰਦੇ ਹਾਂ।
ਸਪੋਕਸਮੈਨ ਦੀ ਟੀਮ ਨੇ ਕੁਲਦੀਪ ਸਿੰਘ ਨੂੰ ਪੁਛਿਆ ਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਖੇਤੀ ਹੁਣ ਘਾਟੇ ਦਾ ਸੌਦਾ ਹੋ ਗਿਆ ਹੈ ਤੇ ਖੇਤੀ ਵਿਚ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ ਤੇ ਕਮਾਈ ਘੱਟ ਹੁੰਦੀ ਹੈ। ਜਵਾਬ ਵਿਚ ਕਿਸਾਨ ਨੇ ਕਿਹਾ ਕਿ ਇਹ ਕਹਿਣ ਦੀਆਂ ਗੱਲਾਂ ਹਨ, ਉਨ੍ਹਾਂ ਕਿਹਾ ਕਿ ਜੇ ਅਸੀਂ ਆਪ ਫ਼ਸਲ ਤਿਆਰ ਕਰ ਕੇ ਚੰਗਾ ਸਮਾਨ ਤਿਆਰ ਕਰ ਕੇ, ਲੋਕਾਂ ਨੂੰ ਵੇਚਦੇ ਹਾਂ ਤੇ ਆਪਣੀ ਮਨਮਰਜ਼ੀ ਦਾ ਮੁੱਲ ਲਵੇ ਤਾਂ ਅਸੀਂ ਚੰਗਾ ਕਿੱਤਾ ਸ਼ੁਰੂ ਕਰ ਸਕਦੇ ਹਾਂ। ਕਿਸਾਨ ਨੇ ਕਿਹਾ ਕਿ ਅਸੀਂ ਇੱਥੇ ਰਹਿ ਕੇ ਹੀ ਵਧੀਆ ਕਾਰੋਬਾਰ ਚਲਾ ਸਕਦੇ ਹਾਂ।
ਕਿਸਾਨ ਕੁਲਦੀਪ ਸਿੰਘ ਨੇ ਦਸਿਆ ਕਿ ਕਿਸਾਨ ਗੰਨੇ ਦੀ ਫ਼ਸਲ ਮਿੱਲਾਂ ਵਿਚ ਲੈ ਕੇ ਜਾਂਦੇ ਹਨ ਜਿਥੇ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ। ਜੇ ਅਸੀਂ ਆਪਣੀ ਗੰਨੇ ਦੀ ਫ਼ਸਲ ਵਧੀਆ ਤਰੀਕੇ ਨਾਲ ਤਿਆਰ ਕਰ ਕੇ, ਗੁੜ ਜਾਂ ਹੋਰ ਵੱਖ-ਵੱਖ ਤਰ੍ਹਾਂ ਦਾ ਸਮਾਨ ਤਿਆਰ ਕਰਦੇ ਹਾਂ ਤੇ ਇਥੇ ਹੀ ਵੇਚਦੇ ਹਾਂ, ਜਿਸ ਨਾਲ ਹੋਰ ਮਜ਼ਦੂਰਾਂ ਨੂੰ ਵੀ ਰੁਜ਼ਗਾਰ ਮਿਲੇਗਾ। ਕੁਲਦੀਪ ਸਿੰਘ ਨੇ ਦਸਿਆ ਕਿ ਜੇ ਕੋਈ ਵੀ ਗੰਨੇ ਦੀ ਫ਼ਸਲ ਉਗਾਉਂਦਾ ਹੈ ਤਾਂ ਉਸ ਨੂੰ ਆਪ ਗੁੜ ਤਿਆਰ ਕਰ ਕੇ ਆਪਣਾ ਚੰਗਾ ਰੁਜ਼ਗਾਰ ਸ਼ੁਰੂ ਕਰਨਾ ਚਾਹੀਦਾ ਹੈ। ਕਿਸਾਨ ਨੇ ਦਸਿਆ ਕਿ ਕੋਈ ਵਿਅਕਤੀ ਡੇਢ ਦੋ ਲੱਖ ਲਗਾ ਕੇ ਆਪਣਾ ਕੰਮ ਸ਼ੁਰੂ ਕਰ ਸਕਦਾ ਹੈ ਤੇ ਵਧੀਆ ਪੈਸਾ ਘਰ ਬੈਠਾ ਕਮਾ ਸਕਦਾ ਹੈ।
ਟੀਮ ਨੇ ਕਿਸਾਨ ਨੂੰ ਪੁਛਿਆ ਕਿ ਲੋਕ ਕਹਿੰਦੇ ਹਨ ਕਿ ਸਾਨੂੰ ਕਾਲਾ ਜਾਂ ਚਿੱਟਾ ਗੁੜ ਚਾਹੀਦਾ ਹੈ। ਪਰਵਾਸੀ ਲੋਕ ਕਹਿੰਦੇ ਹਨ ਕਿ ਸਾਡਾ ਚਿੱਟਾ ਗੁੜ ਚੰਗਾ ਹੁੰਦਾ ਹੈ ਤਾਂ ਕਿਸਾਨ ਕਿਹਾ ਕਿ ਚਿੱਟੇ ਗੁੜ ਵਿਚ ਲੋਕ ਚੀਨੀ ਮਿਲਾਉਂਦੇ ਹਨ, ਜਿਸ ਨਾਲ ਗੁੜ ਦਾ ਰੰਗ ਚਿੱਟਾ ਹੁੰਦਾ ਹੈ। ਕਿਸਾਨ ਨੇ ਕਿਹਾ ਕਿ ਗੁੜ ਦਾ ਰੰਗ ਨਾ ਤਾਂ ਜ਼ਿਆਦਾ ਚਿੱਟਾ ਤੇ ਨਾ ਹੀ ਜ਼ਿਆਦਾ ਕਾਲਾ ਹੋਵੇ, ਗੁੜ ਦਾ ਰੰਗ ਤਾਂ ਹੀ ਵਧੀਆ ਹੁੰਦਾ ਹੈ ਤੇ ਗੁੜ ਦੀ ਮੈਲ ਚੰਗੀ ਤਰ੍ਹਾਂ ਉਤਾਰੀ ਹੋਵੇ।
ਸਪੋਕਸਮੈਨ ਦੀ ਟੀਮ ਨੇ ਕੁਲਦੀਪ ਸਿੰਘ ਪੁਛਿਆ ਕਿ ਜਦੋਂ ਤੁਸੀਂ ਇਹ ਕਿੱਤਾ ਸ਼ੁਰੂ ਕੀਤਾ ਤਾਂ ਤੁਸੀਂ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਖਲਾਈ ਲਈ ਜਾਂ ਸਿੱਧਾ ਹੀ ਸ਼ੁਰੂ ਕਰ ਦਿਤਾ ਤਾਂ ਕਿਸਾਨ ਨੇ ਦਸਿਆ ਕਿ ਉਸ ਨੇ ਗੁਰਦਾਸਪੁਰ ਯੂਨੀਵਰਸਿਟੀ ਤੋਂ ਸਿਖਲਾਈ ਲਈ ਹੈ ਤੇ ਨਾਲ ਹੀ ਦੁੱਧ ਦਾ ਸਮਾਨ ਤਿਆਰ ਕਰਨ ਦੀ ਸਿਖਲਾਈ ਲਈ ਹੈ। ਕਿਸਾਨ ਨੇ ਕਿਹਾ ਕਿ ਜਿਸ ਨਾਲ ਮੈਨੂੰ ਬਹੁਤ ਸਹਿਯੋਗ ਮਿਲਿਆ ਹੈ।
ਸਪੋਕਸਮੈਨ ਦੀ ਟੀਮ ਨੇ ਕਿਸਾਨ ਨੂੰ ਪੁਛਿਆ ਕਿ ਅੱਗੇ ਆਉਣ ਵਾਲੇ ਸਮੇਂ ਵਿਚ ਕੁਦਰਤੀ ਖੇਤੀ ਦੀ ਕਿੰਨੀ ਕੁ ਲੋੜ ਹੈ ਤਾਂ ਕਿਸਾਨ ਨੇ ਦਸਿਆ ਕਿ ਆਉਣ ਵਾਲੇ ਸਮੇਂ ਵਿਚ ਕੁਦਰਤੀ ਖੇਤੀ ਬਹੁਤ ਜ਼ਿਆਦਾ ਲੋੜ ਹੈ ਜਿਵੇਂ ਅਸੀਂ ਬੀਮਾਰੀਆਂ ਵਿਚ ਘਿਰੇ ਜਾ ਰਹੇ ਹਾਂ। ਕਿਸਾਨ ਨੇ ਕਿਹਾ ਕਿ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਕੁਦਰਤੀ ਖੇਤੀ ਵਲ ਮੁੜਨਾ ਹੀ ਪਵੇਗਾ। ਕਿਸਾਨ ਨੇ ਕਿਹਾ ਸਾਡਾ ਖਾਣ ਪੀਣ ਚੰਗਾ ਨਾ ਹੋਣ ਕਾਰਨ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ, ਉਨ੍ਹਾਂ ਕਿਹਾ ਕਿ ਜੇ ਸਾਡਾ ਖਾਣ ਪੀਣ ਚੰਗਾ ਹੋਵੇਗਾ ਤਾਂ ਲੋਕ ਬੀਮਾਰੀਆਂ ਤੋਂ ਬਚੇ ਰਹਿਣਗੇ।
ਸਪੋਕਸਮੈਨ ਦੀ ਟੀਮ ਨੇ ਕੁਲਦੀਪ ਸਿੰਘ ਨੂੰ ਪੁਛਿਆ ਕਿ ਪੁਰਾਣੇ ਸਮੇਂ ਵਿਚ ਗੁੜ ਰਸੋਈ ਦਾ ਸਿੰਗਾਰ ਹੁੰਦਾ ਸੀ, ਹਰ ਕੋਈ ਰੋਟੀ ਖਾਣ ਤੋਂ ਬਾਅਦ ਗੁੜ ਖਾਂਦਾ ਸੀ ਤੇ ਸਾਡੀ ਪਾਚਨ ਸ਼ਕਤੀ ਚੰਗੀ ਰਹਿੰਦੀ ਹੈ। ਟੀਮ ਨੇ ਪੁਛਿਆ ਕਿ ਪਰਵਾਸੀਆਂ ਨੇ ਆ ਕੇ ਰਸੋਈ ਦੇ ਸਿੰਗਾਰ ਗੁੜ ਵਿਚ ਮਿਲਾਵਟ ਕਰਦੇ ਸੱਭ ਕੁਝ ਵਿਗਾੜ ਦਿਤਾ ਤਾਂ ਕਿਸਾਨ ਨੇ ਦਸਿਆ ਕਿ ਸਾਡੇ ਕਿਸਾਨ ਭਰਾਵਾਂ ਨੇ ਸਾਡੇ ਬਜ਼ੁਰਗਾਂ ਤੋਂ ਬਾਅਦ ਗੁੜ ਤੋਂ ਪਾਸਾ ਵੱਟ ਲਿਆ ਜਿਸ ਨਾਲ ਪਰਵਾਸੀਆਂ ਨੇ ਇਹ ਕੰਮ ਸ਼ੁਰੂ ਕਰ ਦਿਤਾ ਤੇ ਮਿਲਾਵਟ ਕਰ ਕੇ ਲੋਕਾਂ ਨੂੰ ਗੁੜ ਵੇਚਣ ਲੱਗੇ। ਕਿਸਾਨ ਨੇ ਕਿਹਾ ਕਿ ਹੁਣ ਹੌਲੀ ਹੌਲੀ ਕਿਸਾਨ ਭਰਾਵਾਂ ਨੇ ਇਹ ਕੰਮ ਦੁਬਾਰਾ ਸ਼ੁਰੂ ਕਰ ਦਿਤਾ ਹੈ।
ਟੀਮ ਨੇ ਕਿਸਾਨ ਤੋਂ ਪੁਛਿਆ ਕਿ ਪੰਜਾਬ ਦੇ ਨੌਜਵਾਨ ਬਾਹਰਲੇ ਮੁਲਕਾਂ ਵਲ ਭੱਜ ਰਹੇ ਹਨ ਪਰ ਤੁਹਾਡੇ ਬੇਟਾ ਤੁਹਾਡੇ ਨਾਲ ਕੰਮ ਵਿਚ ਤੁਹਾਡਾ ਹੱਥ ਵਟਾ ਰਿਹਾ ਹੈ, ਕਿਸਾਨ ਨੇ ਦਸਿਆ ਕਿ ਮੇਰਾ ਬੇਟਾ ਬੀਐਸਸੀ ਐਗਰੀਕਰਚਲ ਕਰ ਰਿਹਾ ਹੈ ਤੇ ਉਹ ਮੇਰੇ ਨਾਲ ਮਿਲ ਕੇ ਕਾਰੋਬਾਰ ਨੂੰ ਹੋਰ ਅੱਗੇ ਵਧਾਵੇਗਾ ਤੇ ਦੂਜਾ ਮੁੰਡਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੜ੍ਹਦਾ ਹੈ। ਕਿਸਾਨ ਨੇ ਕਿਹਾ ਕਿ ਮੇਰੇ ਬੇਟੇ ਨੇ 7.5 ਬੈਂਡ ਵੀ ਲੈ ਲਏ ਸਨ ਪਰ ਅਸੀਂ ਉਸ ਨੂੰ ਬਾਹਰ ਨਹੀਂ ਭੇਜਿਆ ਤੇ ਕਿਹਾ ਤੂੰ ਇਥੇ ਪੜ੍ਹ ਤੇ ਅਸੀਂ ਇਥੇ ਹੀ ਆਪਣਾ ਚੰਗਾ ਕਾਰੋਬਾਰ ਚਲਾਵਾਂਗੇ। ਕਿਸਾਨ ਨੇ ਕਿਹਾ ਮੈਂ ਆਪਣੇ ਬੇਟਿਆ ਲਈ ਇਕ ਚੰਗਾ ਰੋਡ ਮੈਪ ਤਿਆਰ ਕਰ ਦਿਤਾ ਹੈ ਤੇ ਅੱਗੇ ਇਨ੍ਹਾਂ ਨੇ ਹੀ ਸਾਂਭਣਾ ਹੈ। ਕਿਸਾਨ ਨੇ ਕਿਹਾ ਕਿ ਮੇਰਾ ਬੇਟਾ ਤੇ ਮੇਰੀ ਘਰਵਾਲੀ ਮੇਰੇ ਨਾਲ ਮਿਲ ਕੇ ਮਿਹਨਤ ਕਰਦੇ ਹਨ। ਕਿਸਾਨ ਕੁਲਦੀਪ ਸਿੰਘ ਨੇ ਕਿਹਾ ਕਿ ਸਾਡੇ ਕਿਸਾਨਾਂ ਨੂੰ ਕੁਦਰਤੀ ਖੇਤੀ ਵਲ ਜਾਣਾ ਚਾਹੀਦਾ ਹੈ ਤਾਂ ਜੋ ਸਾਡਾ ਪੰਜਾਬ ਰੰਗਾ ਪੰਜਾਬ ਬਣ ਸਕੇ।