
ਪੁਰਾਣੀਆਂ ਰਾਈਸ ਮਿੱਲਾਂ ਦੀ ਸਟੇਜ 2 ਅਲਾਟਮੈਂਟ ਲਈ ਅਪਲਾਈ ਕਰਨ ਦੀ ਆਖਰੀ ਮਿਤੀ 24 ਅਗਸਤ ਤੱਕ ਵਧਾਈ
ਸੂਬਾ ਸਰਕਾਰ ਰਾਈਸ ਮਿਲਰਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ: ਲਾਲ ਚੰਦ ਕਟਾਰੂਚੱਕ
ਚੰਡੀਗੜ੍ਹ : ਰਾਈਸ ਮਿੱਲਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚਕ ਨੇ ਅੱਜ ਨਵੀਆਂ ਰਾਈਸ ਮਿੱਲਾਂ ਦੀ ਅੰਤਿਮ ਰਜਿਸਟ੍ਰੇਸ਼ਨ ਕਰਾਉਣ ਲਈ ਬਿਨੈ-ਪੱਤਰ ਜਮਾਂ ਕਰਨ ਦੀ ਆਖਰੀ ਮਿਤੀ 5 ਅਗਸਤ ਤੋਂ 5 ਸਤੰਬਰ, 2022 ਤੱਕ ਵਧਾਉਣ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ।
The last date of final registration for new rice mills will be extended to September 5
ਮੰਤਰੀ ਨੇ ਮਿੱਲਰਾਂ ਨਾਲ ਇੱਕ ਵਿਸਥਾਰਿਤ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਉਨਾਂ ਨੇ ਰਾਈਸ ਮਿੱਲਰਾਂ ਦੀ ਇਸ ਦਲੀਲ ਨੂੰ ਸਵੀਕਾਰ ਕੀਤਾ ਕਿ ਮਾਨਸੂਨ ਸ਼ੁਰੂ ਹੋਣ ਨਾਲ ਉਸਾਰੀ ਕਾਰਜਾਂ ਵਿੱਚ ਅੜਿੱਕਾ ਪਿਆ ਹੈ ਅਤੇ ਰਾਈਸ ਮਿੱਲਾਂ ਨੂੰ ਸ਼ੁਰੂ ਕਰਨ ਲਈ ਜਰੂਰੀ ਵਸਤਾਂ ਅਤੇ ਸੇਵਾਵਾਂ ਦੀ ਆਵਾਜਾਈ ਮੱਠੀ ਪੈ ਗਈ ਹੈ। ਨਤੀਜੇ ਵਜੋਂ ਕੁਝ ਮਿੱਲਰ, ਅਧਿਕਾਰੀਆਂ ਵੱਲੋਂ ਆਪਣੇ ਅਹਾਤੇ ਦੇ ਨਿਰੀਖਣ ਲਈ ਨਿਰਧਾਰਤ ਮਿਤੀ ਤੋਂ ਪਹਿਲਾਂ ਪ੍ਰੀ-ਰਜਿਸਟ੍ਰੇਸ਼ਨ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰਨ ਵਿੱਚ ਅਸਮਰੱਥ ਸਨ।
ਇਸ ਤੋਂ ਇਲਾਵਾ ਹਾਲ ਹੀ ਵਿੱਚ ਕਈ ਜਨਤਕ ਛੁੱਟੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮੰਤਰੀ ਨੇ ਪੁਰਾਣੀਆਂ ਰਾਈਸ ਮਿੱਲਾਂ ਦੇ ਪੜਾਅ 2 ਦੀ ਅਲਾਟਮੈਂਟ ਲਈ ਅਪਲਾਈ ਕਰਨ ਦੀ ਆਖਰੀ ਮਿਤੀ 20 ਅਗਸਤ ਤੋਂ ਵਧਾ ਕੇ 24 ਅਗਸਤ ਕਰਨ ਦਾ ਫੈਸਲਾ ਕੀਤਾ ਹੈ। ਉਦਯੋਗ ਪੱਖੀ ਮਾਹੌਲ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੰਤਰੀ ਨੇ ਕਿਹਾ ਕਿ ਰਾਈਸ ਮਿੱਲਰਾਂ ਦਾ ਪੰਜਾਬ ਦੀ ਆਰਥਿਕ ਬਿਹਤਰੀ ਨਾਲ ਬਹੁਤ ਅਨਿੱਖੜਵਾਂ ਸਬੰਧ ਹੈ, ਇਸ ਲਈ ਸੂਬਾ ਸਰਕਾਰ ਇਨ੍ਹਾਂ ਦੇ ਹਿੱਤਾਂ ਨੂੰ ਤਰਜੀਹ ਦੇਵੇਗੀ।