
ਕਿਸਾਨਾਂ ਦੀ ਆਰਥਿਕ ਗੁਲਾਮੀ ਦੇ ਪਿੱਛੇ ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਕਾਰਨ ਵੀ ਮੌਜੂਦ ਹਨ।
ਨਵੀਂ ਦਿੱਲੀ, ( ਪੀਟੀਆਈ) : ਅਗਲੀਆਂ ਲੋਕਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਭਾਜਪਾ ਵੱਲੋਂ ਫਰਵਰੀ ਮਹੀਨੇ ਵਿਚ ਕਿਸਾਨ ਕਲਿਆਣ ਪੱਤਰ ਦੇ ਨਾਮ ਤੋਂ ਇਕ ਵਿਸ਼ੇਸ਼ ਮਸੌਦਾ ਪੇਸ਼ ਕੀਤਾ ਜਾਵੇਗਾ, ਜਿਸ ਵਿਚ ਕਿਸਾਨਾਂ ਦੀਆਂ ਸਾਰੀਆਂ ਸੱਮਸਿਆਵਾਂ ਅਤੇ ਉਹਨਾਂ ਦੇ ਹੱਲ ਦਾ ਵੇਰਵਾ ਹੋਵੇਗਾ। ਇਸ ਵਿਚ ਕਿਸਾਨਾਂ ਦੀ ਆਮਦਨੀ ਦੁਗਣੀ ਕਰਨ ਤੋਂ ਲੈ ਕੇ ਉਹਨਾਂ ਨੂੰ ਕਰਜ ਤੋਂ ਹਮੇਸ਼ਾਂ ਲਈ ਅਜ਼ਾਦ ਕਰਵਾਉਣ ਲਈ ਸਾਰੇ ਉਪਾਅ ਸ਼ਾਮਲ ਹੋਣਗੇ। ਕਿਸਾਨ ਕਲਿਆਣ ਪੱਤਰ ਨੂੰ ਭਾਜਪਾ ਦੇ ਕਿਸਾਨ ਮੋਰਚੇ ਦੀ ਸਾਲਾਨਾ ਕੌਮੀ ਕਾਨਫੰਰਸ ਵਿਚ ਪੀਐਮ ਨਰਿੰਦਰ ਮੋਦੀ ਵੱਲੋਂ ਪੇਸ਼ ਕੀਤਾ ਜਾਵੇਗਾ।
PM Modi
ਲਗਭਗ ਦੋ ਲੱਖ ਕਿਸਾਨਾਂ ਦੀ ਇਸ ਕਾਨਫੰਰਸ ਨੂੰ ਉਤਰ ਪ੍ਰਦੇਸ਼ ਵਿਖੇ 21-22 ਫਰਵਰੀ ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਵਿਚ ਹੁਣ ਤੱਕ ਦੀ ਸੱਭ ਤੋਂ ਵੱਡੀ ਕਰਜ ਮਾਫੀ ਦਾ ਐਲਾਨ ਵੀ ਸ਼ਾਮਲ ਹੋ ਸਕਦਾ ਹੈ। ਹੁਣੇ ਜਿਹੇ ਹੋਈਆਂ ਪੰਜ ਰਾਜਾਂ ਦੀਆਂ ਚੋਣਾਂ ਵਿਚ ਇਕ ਗੱਲ ਸਪਸ਼ਟ ਤੌਰ 'ਤੇ ਸਾਹਮਣੇ ਆਈ ਹੈ ਕਿ ਉਹੀ ਪਾਰਟੀ ਜਿੱਤਣ ਵਿਚ ਕਾਮਯਾਬ ਹੋਈ ਹੈ ਜਿਸ ਨੇ ਕਿਸਾਨਾਂ ਦੇ ਕਰਜ ਮਾਫ ਕਰਨ ਦਾ ਐਲਾਨ ਕੀਤਾ ਸੀ। ਕਾਂਗਰਸ ਅਤੇ ਵਿਰੋਧੀ ਧਿਰਾਂ ਦੀ ਇਸ ਰਣਨੀਤੀ ਨੂੰ ਧਿਆਨ ਵਿਚ ਰੱਖਦੇ ਹੋਏ ਭਾਜਪਾ ਨੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ।
Farmers welfare
ਕਿਸਾਨ ਕਲਿਆਣ ਪੱਤਰ ਇਸੇ ਦਾ ਨਤੀਜਾ ਹੈ। ਭਾਜਪਾ ਨੇਤਾ ਵੀ ਮੰਨ ਰਹੇ ਹਨ ਕਿ ਕਾਂਗਰਸ ਵੱਲੋਂ ਕਰਜ ਮਾਫੀ ਦਾ ਐਲਾਨ ਭਾਜਪਾ ਦੀ ਹਾਰ ਦਾ ਵੱਡਾ ਕਾਰਨ ਬਣੀ। ਕਿਸਾਨ ਕਲਿਆਣ ਪੱਤਰ ਵਿਚ ਕਿਸਾਨਾਂ ਦੀ ਆਮਦਨੀ ਵਧਾਉਣ ਤੋਂ ਇਲਾਵਾ ਕਿਸਾਨਾਂ ਦੇ ਖਰਚ ਨੂੰ ਪੱਕੇ ਤੌਰ 'ਤੇ ਘੱਟ ਕਰਨ 'ਤੇ ਵਿਸ਼ੇਸ਼ ਜੋਰ ਦਿਤਾ ਜਾਵੇਗਾ। ਇਸ ਵਿਚ ਖੇਤੀ ਉਪਕਰਣਾਂ 'ਤੇ ਵਿਸ਼ੇਸ਼ ਛੋਟ ਅਤੇ ਬਿਜਲੀ-ਪਾਣੀ ਦੀ ਉਪਲਬਧਤਾ ਜਿਹੇ ਮੁੱਦੇ ਸ਼ਾਮਲ ਹੋਣਗੇ।
Social welfare of farmers
ਭਾਜਪਾ ਦਾ ਮੰਨਣਾ ਹੈ ਕਿ ਕਿਸਾਨਾਂ ਦੀ ਸਮੱਸਿਆ ਸਿਰਫ ਆਰਥਿਕ ਨਹੀਂ ਹੈ। ਕਿਸਾਨਾਂ ਦੀ ਆਰਥਿਕ ਗੁਲਾਮੀ ਦੇ ਪਿੱਛੇ ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਕਾਰਨ ਵੀ ਮੌਜੂਦ ਹਨ। ਇਸ ਲਈ ਕਿਸਾਨਾਂ ਦੀ ਸਮੱਸਿਆਵਾਂ ਦਾ ਪੱਕੇ ਤੌਰ 'ਤੇ ਹੱਲ ਲੱਭਣ ਲਈ ਭਾਜਪਾ ਵੱਲੋਂ ਇਹਨਾਂ ਸਾਰੇ ਪੱਖਾਂ 'ਤੇ ਵਿਚਾਰ ਕੀਤਾ ਜਾਵੇਗਾ।