
ਉਹਨਾਂ ਕਿਹਾ ਕਿ ਖੰਡ ਮਿੱਲਾਂ ਨੂੰ 1 ਨਵੰਬਰ ਨੂੰ ਚਾਲੂ ਕਰਨ ਦਾ ਸਰਕਾਰ ਇਕ ਮਹੀਨੇ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰੇ
ਚੰਡੀਗੜ੍ਹ: ਕਿਸਾਨਾਂ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਗਲੇ ਸੀਜ਼ਨ 2022-2023 ਦੇ ਗੰਨੇ ਦੇ ਸੀਜ਼ਨ ਰੇਟ ਵਿਚ ਕੋਈ ਵਾਧਾ ਨਹੀਂ ਕੀਤਾ। ਕੇਂਦਰ ਸਰਕਾਰ ਵੱਲੋਂ ਅਗਲੇ ਸੀਜ਼ਨ ਦੇ ਰੇਟ ਵਿਚ 15 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਸਰਕਾਰ ਗੰਨੇ ਦੇ ਰੇਟ ਵਿਚ ਵਾਧਾ ਕਰਕੇ 450 ਰੁਪਏ ਪ੍ਰਤੀ ਕੁਇੰਟਲ ਦਾ ਐਲਾਨ ਕਰੇ।
ਉਹਨਾਂ ਕਿਹਾ ਕਿ ਖੰਡ ਮਿੱਲਾਂ ਨੂੰ 1 ਨਵੰਬਰ ਨੂੰ ਚਾਲੂ ਕਰਨ ਦਾ ਸਰਕਾਰ ਇਕ ਮਹੀਨੇ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰੇ, ਜਿਸ ਵਿਚ ਗੋਲਡਨ ਸੰਧਰ ਮਿੱਲ ਫਗਵਾੜਾ ਨੂੰ ਸਰਕਾਰ ਆਪਣੇ ਕਬਜ਼ੇ ਵਿਚ ਲੈ ਕੇ ਜਾ ਠੇਕੇ ਉੱਤੇ ਦੇ ਕੇ ਤੁਰੰਤ ਚਾਲੂ ਕਰਨ ਦੇ ਆਦੇਸ਼ ਜਾਰੀ ਕਰੇ। ਭੋਗਪੁਰ ਸ਼ੂਗਰ ਮਿੱਲ ਦੀ ਟਰਬਾਈਨ ਖਰਾਬ ਹੋਣ ਕਾਰਨ ਲੱਗਦਾ ਹੈ ਕਿ ਇਹ ਮਿੱਲ ਦੇ ਚੱਲਣ ਵਿਚ ਵੀ ਦੇਰੀ ਹੋ ਸਕਦੀ ਹੈ। ਸਰਕਾਰ ਆਪਣੀ ਨਿੱਜੀ ਜ਼ਿੰਮੇਵਾਰੀ ’ਤੇ ਮਿੱਲਾਂ ਨੂੰ ਸਮੇਂ ਸਿਰ ਚਾਲੂ ਕਰਕੇ ਗੰਨਾ ਕਾਸ਼ਤਕਾਰਾਂ ਦੀਆਂ ਸਮੱਸਿਆ ਨੂੰ ਤੁਰੰਤ ਹੱਲ ਕਰੇ ਕਰੇ।
ਮੋਰਚੇ ਦਾ ਕਹਿਣਾ ਹੈ ਕਿ ਪਿਛਲੇ ਸੀਜ਼ਨ 2021-2022 ਦੌਰਾਨ ਪੰਜਾਬ ਸਰਕਾਰ ਵੱਲੋਂ 50 ਰੁਪਏ ਸਬਸਿਡੀ ਦਾ ਐਲਾਨ ਕਰਕੇ 360 ਰੁਪਏ ਰੇਟ ਵਿਚ ਵਾਧਾ ਕੀਤਾ ਸੀ। ਜੇਕਰ ਸਰਕਾਰ ਨੇ ਕੋਈ ਵੀ ਸਬਸਿਡੀ ਦੇਣੀ ਹੈ ਤਾਂ ਉਹ ਮਿੱਲ ਨੂੰ ਦੇ ਕੇ ਕਿਸਾਨਾਂ ਦੇ ਖਾਤਿਆਂ ਵਿਚ ਇਕੱਠੀ ਰਾਸ਼ੀ ਮਿੱਲਾਂ ਵੱਲੋਂ ਪਾਈ ਜਾਵੇ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਝੋਨੇ ਦੀ ਫਸਲ ’ਤੇ ਚਾਈਨਾ ਵਾਇਰਸ ਦੇ ਹਮਲੇ ਕਾਰਨ ਹਜ਼ਾਰਾਂ ਏਕੜ ਫਸਲ ਪ੍ਰਭਾਵਤ ਹੋਈ ਹੈ, ਇਸ ਲਈ ਸਰਕਾਰ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦਾ ਐਲਾਨ ਕਰੇ। ਇਹ ਦੋਨੋਂ ਵਰਾਇਟੀਆ 121 ਤੇ 131 ਪੀਯੂ ਤੋਂ ਮਨਜੂਰਸ਼ੁਦਾ ਹਨ ਪਰ ਖੇਤੀ ਮਾਹਿਰ ਇਸ ਬਿਮਾਰੀ ਦਾ ਇਲਾਜ ਕਰਨ ਵਿਚ ਸਫਲ ਨਹੀਂ ਹੋਏ।
ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 29 ਸਤੰਬਰ ਨੂੰ ਨੈਸ਼ਨਲ ਹਾਈਵੇਅਰ ਧੰਨੋਵਾਲੀ ਵਿਖੇ ਧਰਨਾ ਲਗਾਇਆ ਜਾਵੇਗਾ।ਕਿਸਾਨਾਂ ਨੇ ਕਿਹਾ ਕਿ ਲੰਪੀ ਸਕਿਨ ਕਾਰਨ ਡੇਅਰੀ ਫਾਰਮਾਂ ਅਤੇ ਪਸ਼ੂ ਪਾਲਕਾਂ ਦੇ ਧੰਦੇ ਵਿਚ ਬਹੁਤ ਵੱਡਾ ਨੁਕਸਾਨ ਹੋਇਆ। ਸਰਕਾਰ ਪਸ਼ੂ ਪਾਲਕਾਂ ਦੀ ਬਾਂਹ ਫੜੇ ਤੇ ਤੁਰੰਤ ਮੁਆਵਜ਼ੇ ਦਾ ਐਲਾਨ ਕਰੇ।