
ਪਰਾਲੀ ਲਈ ਸਰਕਾਰ ਕਿਸਾਨਾਂ ਦੀ ਮਦਦ ਕਰੇ: ਸਾਬਕਾ ਪ੍ਰੋਫੈਸਰ ਕੇਸਰ ਸਿੰਘ ਭੰਗੂ
ਚੰਡੀਗੜ੍ਹ: ਦੀਵਾਲੀ ਤੋਂ ਬਾਅਦ AQI 500 ਤੋਂ ਪਾਰ ਪਹੁੰਚ ਗਿਆ ਹੈ। ਜਲੰਧਰ ਅਤੇ ਲੁਧਿਆਣਾ ਵਿੱਚ ਸਭ ਤੋਂ ਵੱਧ ਆਤਿਸ਼ਬਾਜ਼ੀ ਹੋਈ। ਪ੍ਰਦੂਸ਼ਣ ਵਧਣ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਵਧੇ ਪ੍ਰਦੂਸ਼ਣ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਪ੍ਰੋਫੈਸਰ ਕੇਸਰ ਸਿੰਘ ਭੰਗੂ ਨਾਲ ਖਾਸ ਗੱਲਬਾਤ ਕੀਤੀ।
ਇਸ ਦੌਰਾਨ ਪ੍ਰੋਫੈਸਰ ਕੇਸਰ ਸਿੰਘ ਭੰਗੂ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਪਰਾਲੀ ਸਾੜਨ ਦੀਆਂ ਘਟਨਾਵਾਂ 70-72 ਪ੍ਰਤੀਸ਼ਤ ਦੇ ਕਰੀਬ ਘੱਟ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਮੈਂ ਕਿਸਾਨਾਂ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕਾਂ ਵੱਲੋਂ 2 ਦਿਨ ਲਗਾਤਾਰ ਪਟਾਕੇ ਚਲਾਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਜ਼ਹਿਰੀਲਾ ਧੂੰਆ ਪਟਾਕਿਆਂ ਕਾਰਨ ਹੀ ਫੈਲਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਬਾਰੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਪਟਾਕਿਆਂ ਨੂੰ ਘੱਟ ਕਰਨਾ ਹੈ ਜਾਂ ਬੰਦ ਕਰਨਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਲਈ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਦੀ ਮਦਦ ਕਰਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਲਈ ਪ੍ਰਤੀ ਕੁਇੰਟਲ ਜਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਬੋਨਸ ਦਿੱਤਾ ਜਾਵੇ। ਜੇ ਫੇਰ ਵੀ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਹਨ, ਤਾਂ ਫਿਰ ਉਨ੍ਹਾਂ ’ਤੇ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਟਾਕਿਆਂ ਦਾ ਧੂੰਆ ਪਰਾਲੀ ਦੇ ਧੂੰਏ ਤੋਂ ਕਿਤੇ ਜ਼ਿਆਦਾ ਜ਼ਹਿਰੀਲਾ ਹੈ। ਉਨ੍ਹਾਂ ਕਿਹਾ ਕਿ ਪਟਾਕੇ ਬਣਾਉਣ ਵਾਲੇ ਵੱਡੇ-ਵੱਡੇ ਉਦਯੋਗਪਤੀ ਹਨ, ਇਸ ਕਰਕੇ ਹੀ ਸਰਕਾਰ ਪਟਾਕਿਆਂ ’ਤੇ ਪਾਬੰਦੀ ਨਹੀਂ ਲਗਾ ਸਕੀ ਅਤੇ ਭਵਿੱਖ ਵਿੱਚ ਵੀ ਨਹੀਂ ਲੱਗ ਸਕਦੀ। ਉਨ੍ਹਾਂ ਕਿਹਾ ਕਿ ਗੱਲਾਂ ਜ਼ਰੂਰ ਹੁੰਦੀਆਂ ਹਨ ਕਿ ਇਸ ਵਾਰ ਗਰੀਨ ਦੀਵਾਲੀ ਮਨਾਵਾਂਗੇ, ਪਟਾਕੇ ਨਹੀਂ ਚਲਾਏ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਪਟਾਕੇ ਬਣਨੇ ਹੀ ਬੰਦ ਨਹੀਂ ਹੋ ਸਕਦੇ, ਤਾਂ ਚੱਲਣੇ ਕਿਵੇਂ ਬੰਦ ਹੋ ਸਕਦੇ ਹਨ। ਜੇਕਰ ਪਟਾਕੇ ਬਣਨੇ ਹੀ ਬੰਦ ਹੋ ਜਾਣ ਤਾਂ ਚੱਲਣੇ ਵੀ ਬੰਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਜਾਂ ਦਿੱਲੀ ਵਿੱਚ ਇੰਨਾ ਪ੍ਰਦੂਸ਼ਣ ਹੋਇਆ ਹੈ ਕਿ ਜਿਵੇਂ ਕਿਸੇ ਇਨਸਾਨ ਨੇ 50 ਸਿਗਰਟਾਂ ਪੀ ਲਈਆਂ ਹੋਣ, ਇੰਨਾ ਜ਼ਹਿਰੀਲਾ ਧੂੰਆ ਅੰਦਰ ਚਲਾ ਗਿਆ। ਇਸ ਲਈ ਸਰਕਾਰਾਂ ਨੂੰ ਪਾਲਸੀ ਬਣਾ ਕੇ ਪਟਾਕਿਆਂ ਤੋਂ ਛੁਟਕਾਰਾ ਦਿਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਪਰਾਲੀ ਸਾੜੇ ਜਾਣ ਨਾਲ ਧੂੰਆ ਦਿੱਲੀ ਤੱਕ ਨਹੀਂ ਪਹੁੰਚ ਸਕਦਾ, ਇਸ ਲਈ ਲੀਡਰਾਂ ਨੂੰ ਪੰਜਾਬ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਗੱਲ ਮਾਹਰਾਂ ਨੇ ਵੀ ਆਖੀ ਹੈ।
ਇਸ ਦੌਰਾਨ ਕਿਸਾਨ ਆਗੂ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ ਦਾ ਧੂੰਆ ਦਿੱਲੀ ਤੱਕ ਨਹੀਂ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਜੇਕਰ 2 ਦਿਨ ਤਿਉਹਾਰ ਮਨਾਏ ਜਾਣਗੇ, ਤਾਂ ਪ੍ਰਦੂਸ਼ਣ ਵਿੱਚ ਵਾਧਾ ਤਾਂ ਹੋਵੇਗਾ। ਉਨ੍ਹਾਂ ਕਿਹਾ ਕਿ ਪਟਾਕਿਆਂ ’ਤੇ ਕਿਸੇ ਨੇ ਵੀ ਪਾਬੰਦੀ ਨਹੀਂ ਲਗਾਈ। ਉਨ੍ਹਾਂ ਕਿਹਾ ਕਿ ਨਾ ਤਾਂ ਪਟਾਕੇ ਚਲਾਉਣ ’ਤੇ ਪਾਬੰਦੀ ਲੱਗੀ ਹੈ ਅਤੇ ਨਾ ਹੀ ਵੇਚਣ ਉੱਤੇ ਅਤੇ ਨਾ ਹੀ ਬਣਾਉਣ ’ਤੇ ਪਾਬੰਦੀ ਲੱਗੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦਾ AQI ਇੱਕ ਹਜ਼ਾਰ ਤੱਕ ਪਹੁੰਚ ਗਿਆ ਹੈ ਅਤੇ ਪਿਛਲੀ ਵਾਰ 500 ਦੇ ਕਰੀਬ ਸੀ ਅਤੇ ਪੰਜਾਬ ਦਾ AQI 110 ਸੀ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੇ ਮਾਮਲੇ ਵਿਚ ਗਿਰਾਵਟ ਆ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਪਟਾਕੇ ਚਲਾਉਣ ਕਾਰਨ ਹੀ ਪ੍ਰਦੂਸ਼ਣ ਵਧਿਆ ਹੈ। ਉਨ੍ਹਾਂ ਕਿਹਾ ਕਿ ਫੈਕਟਰੀਆਂ ’ਚੋਂ ਨਿਕਲ ਰਹੇ ਧੂੰਏ ਜਾਂ ਪ੍ਰਦੂਸ਼ਣ ਨੂੰ ਲੈ ਕੇ ਕਿਸੇ ’ਤੇ ਕੋਈ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਦਿੱਲੀ ਨਾਲ ਹਰਿਆਣਾ ਅਤੇ ਰਾਜਸਥਾਨ ਦੀਆਂ ਹੱਦਾਂ ਵੀ ਲੱਗਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ ਧੂੰਏ ਬਾਰੇ ਕਦੇ ਕੰਪਲੇਂਟ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ’ਚੋਂ ਧੂੰਆ ਸਿੱਧਾ ਦਿੱਲੀ ਕਿਵੇਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਸਾਬਕਾ ਪ੍ਰੋਫੈਸਰ ਕੇਸਰ ਸਿੰਘ ਭੰਗੂ ਨੇ ਕਿਹਾ ਕਿ ਇਹ ਕਾਨੂੰਨ ਬਣਾਇਆ ਗਿਆ ਸੀ ਕਿ ਰਾਤ 10 ਵਜੇ ਤੋਂ ਬਾਅਦ ਪਟਾਕੇ ਨਹੀਂ ਚਲਾਏ ਜਾਣਗੇ, ਪ੍ਰੰਤੂ ਰਾਤ 1-2 ਵਜੇ ਤੱਕ ਪਟਾਕੇ ਚੱਲਦੇ ਰਹੇ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਅਤੇ ਯੂਪੀ ਦਾ ਧੂੰਆ ਦਿੱਲੀ ਨਹੀਂ ਜਾ ਸਕਦਾ, ਤਾਂ ਫਿਰ ਪੰਜਾਬ ਦਾ ਧੂੰਆ ਦਿੱਲੀ ਕਿਵੇਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਰਾਜਨੀਤੀ ਕਰਦੀਆਂ ਹਨ ਅਤੇ ਕਿਸਾਨਾਂ ’ਤੇ ਇਲਜ਼ਾਮ ਲਗਾਉਣਾ ਬਹੁਤ ਸੌਖਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਸੜਕਾਂ ’ਤੇ ਵੱਡੀ ਗਿਣਤੀ ’ਚ ਗੱਡੀਆਂ ਕਾਰਨ ਪ੍ਰਦੂਸ਼ਣ ਹੋਇਆ। ਇਸ ਬਾਰੇ ਕੋਈ ਨਹੀਂ ਸੋਚਦਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਘਟਾਉਣ ਲਈ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ।