
ਸੂਬੇ ’ਚ 4.20 ਮਿਲੀਅਨ ਹੈਕਟੇਅਰ ਜ਼ਮੀਨ ’ਤੇ ਕਿਸਾਨ ਕਰ ਰਹੇ ਹਨ ਖੇਤੀਬਾੜੀ
Punjab Farmer News: ਪੰਜਾਬ ਦੇ ਕਿਸਾਨ ਕਰਜ਼ੇ ਦੀ ਦਲਦਲ ਵਿਚ ਡੁੱਬ ਕੇ ਖੇਤੀ ਕਰ ਰਹੇ ਹਨ। ਜੇਕਰ ਅੰਕੜਿਆਂ ਦੀ ਮੰਨੀਏ ਤਾਂ ਪੰਜਾਬ ਦੇ ਕਿਸਾਨਾਂ ਨੂੰ ਫਸਲਾਂ ਦੀ ਪੈਦਾਵਾਰ ’ਤੇ ਹੀ ਨੁਕਸਾਨ ਝੱਲਣਾ ਪੈ ਰਿਹਾ ਹੈ। ਕਿਸਾਨਾਂ ਲਈ ਆਮਦਨ ਦੁੱਗਣੀ ਕਰਨਾ ਮਹਿਜ਼ ਸੁਪਨਾ ਬਣ ਕੇ ਰਹਿ ਗਿਆ ਹੈ। ਕਿਸਾਨਾਂ ਸਿਰ ਸਹਿਕਾਰੀ ਬੈਂਕਾਂ ਤੋਂ ਲਏ ਕਰੋੜਾਂ ਰੁਪਏ ਦੇ ਕਰਜ਼ਿਆਂ ਦਾ ਬਕਾਇਆ ਹੈ। ਦਿ ਪੰਜਾਬ ਸਟੇਟ ਕੋ-ਆਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ ਲਿਮਟਿਡ ਦੇ 1869 ਕਰੋੜ 26 ਲੱਖ ਰੁਪਏ ਦੇ ਕਰਜ਼ੇ ਦੀ ਅਦਾਇਗੀ ਕਿਸਾਨਾਂ ’ਤੇ ਬਕਾਇਆ ਹੈ।
ਅੰਕੜੇ ਦਸਦੇ ਹਨ ਕਿ ਕਿਸਾਨਾਂ ਨੇ ਸਾਲ 2020-21 ਵਿਚ 50 ਕਰੋੜ 78 ਲੱਖ ਰੁਪਏ, ਸਾਲ 2021-22 ਵਿਚ 92 ਕਰੋੜ 56 ਲੱਖ ਰੁਪਏ ਅਤੇ ਸਾਲ 2022-23 ਵਿਚ 5 ਕਰੋੜ 7 ਲੱਖ ਰੁਪਏ ਦਾ ਕਰਜ਼ਾ ਬੈਂਕ ਤੋਂ ਲਿਆ ਸੀ। ਜਿਸ ਤੋਂ ਬਾਅਦ ਸਾਲ 2020- 21 ਵਿਚ ਕਿਸਾਨਾਂ ’ਤੇ ਕਰਜੇ ਦੇ 2136 ਕਰੋੜ 35 ਲੱਖ ਰੁਪਏ, ਸਾਲ2021-22 ਵਿਚ ਕਰੋੜ 61 ਲੱਖ ਰੁਪਏ ਅਤੇ ਸਾਲ 2022-23 ਵਿਚ 1869 ਕਰੋੜ 26 ਲੱਖ ਰੁਪਏ ਅਦਾਇਗੀ ਕਰਨਾ ਬਾਕੀ ਹੈ। ਇੰਨਾ ਹੀ ਨਹੀਂ ਪੰਜਾਬ ਵਿਚ ਕਿਸਾਨਾਂ ਨੇ 3941 ਤੋਂ ਵੱਧ ਸਹਿਕਾਰੀ ਸੰਮਤੀਆਂ ਬਣਾਈਆਂ ਹਨ। ਗੈਰ ਕਿਸਾਨ ਸੰਮਤੀਆਂ ਦੇ 53,22,545 ਮੈਂਬਰਾਂ ਨੇ 34,96,494.03 ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ।
ਨਹੀਂ ਮਿਲ ਰਹੀ ਐੱਮ.ਐੱਸ.ਪੀ.
ਘੱਟੋ-ਘੱਟ ਮੁੱਲ (ਐੱਮ.ਐੱਸ.ਪੀ.) ’ਤੇ ਫ਼ਸਲਾਂ ਵੇਚਣ ਦੇ ਅਧਿਕਾਰ ਦੀ ਮੰਗ ਕਰਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਫ਼ਸਲਾਂ ’ਤੇ ਵੀ ਐੱਮ.ਐੱਸ.ਪੀ. ਨਹੀਂ ਮਿਲ ਰਹੀ ਹੈ, ਜਿਨ੍ਹਾਂ ’ਤੇ ਐੱਮ.ਐੱਸ.ਪੀ. ਤੈਅ ਹੈ। ਪੰਜਾਬ ਦੇ ਕਿਸਾਨਾਂ ਦੀ ਮੰਨੀਏ ਤਾਂ ਸਰਕਾਰ ਉਨ੍ਹਾਂ ਨੂੰ ਕਣਕ-ਝੋਨੇ ’ਤੇ ਹੀ ਅੱਮ.ਐੱਸ.ਪੀ. ਦਿੰਦੀ ਹੈ। ਇਨ੍ਹਾਂ ਫਸਲਾਂ ਨੂੰ ਵੀ ਕਿਸਾਨ ਐੱਮ.ਐੱਸ.ਪੀ. ਤੋਂ ਘੱਟ ਕੀਮਤ ’ਤੇ ਵੇਚ ਰਹੇ ਹਨ। ਪਿਛਲੇ ਸਾਲਾਂ ਵਿਚ ਐੱਮ.ਐੱਸ.ਪੀ. ਵਿਚ ਵੀ ਬਹੁਤ ਘੱਟ ਵਾਧਾ ਹੋਇਆ ਹੈ।
ਅੰਕੜੇ ਦਸਦੇ ਹਨ ਕਿ 2018-19 ਵਿਚ ਕਣਕ ਦੀ ਐਮ.ਐਸ.ਪੀ. 1940 ਸੀ, ਜੋ ਹਾਲੇ ਵੀ ਸਿਰਫ 2275 ਹੈ। ਸਾਲ 2018-19 ਵਿਚ ਝੋਨੇ ਦੀ ਐੱਮ.ਐੱਸ.ਪੀ. 1750 ਸੀ, ਜੋ ਅਜੇ ਸਿਰਫ 2183 ਹੈ। ਜਵਾਰ, ਬਾਜਰਾ, ਮੱਕੀ, ਗੰਨਾ, ਕਪਾਹ, ਮੂੰਗਫਲੀ, ਆਲੂ, ਟਮਾਟਰ ਆਦਿ ਬਹੁਤ ਸਾਰੀਆਂ ਫਸਲਾਂ ਦੀ ਖਰੀਦਦਾਰੀ ’ਤੇ ਐੱਮ.ਐੱਸ.ਪੀ. ਨਹੀਂ ਦਿਤੀ ਜਾਂਦੀ।
ਪੰਜਾਬ ਵਿਚ ਹਨ 10,92,713 ਕਿਸਾਨ
ਪੰਜਾਬ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਦੀ ਮੰਨੀਏ ਤਾਂ ਸੂਬੇ ਵਿਚ 10,92,713 ਕਿਸਾਨ ਖੇਤੀ ਕਰ ਰਹੇ ਹਨ। ਇਨ੍ਹਾਂ ਵਿਚ 18.7 ਫੀ ਸਦੀ ਕਿਸਾਨਾਂ ਕੋਲ 1 ਹੈਕਟੇਅਰ ਤੋਂ ਘੱਟ ਜ਼ਮੀਨ ਹੈ। 16.7 ਫੀ ਸਦੀ ਕਿਸਾਨਾਂ 2 ਹੈਕਟੇਅਰ ਤੋਂ ਘੱਟ ਜ਼ਮੀਨ ਹੈ। ਜਦਕਿ 7.06 ਕਿਸਾਨਾਂ ਕੋਲ 2 ਹੈਕਟੇਅਰ ਤੋਂ ਵੱਧ ਜ਼ਮੀਨ ਹੈ। ਪੰਜਾਬ ਦੀ 5.03 ਮਿਲੀਅਨ ਹੈਕਟੇਅਰ ਜ਼ਮੀਨ ਵਿਚੋਂ 4.20 ਮਿਲੀਅਨ ਹੈਕਟੇਅਰ ਜ਼ਮੀਨ ਉੱਤੇ ਕਿਸਾਨ ਖੇਤੀ ਕਰ ਰਹੇ ਹਨ। ਸੂਬੇ ਦੀ 83 ਫੀ ਸਦੀ ਜ਼ਮੀਨ ਖੇਤੀਬਾੜੀ ਅਧੀਨ ਹੈ।
ਜ਼ਮੀਨ ’ਤੇ ਉੱਗ ਰਹੀਆਂ ਫ਼ਸਲਾਂ ਦਾ ਰੀਕਾਰਡ (ਹਜ਼ਾਰ ਹੈਕਟੇਅਰ)
ਫਸਲ ਜ਼ਮੀਨ
ਝੋਨਾ 3167.8
ਕਣਕ 3517.5
ਮੱਕੀ 93.3
ਬਾਜਰਾ 0.6
ਗੰਨਾ 90.3
ਆਲੂ 119.9
ਕਪਾਹ 248.9
ਛੋਲੇ 1.7
ਮੂੰਗ 3.8
ਮੂੰਗਫਲੀ 1.7
ਸਰ੍ਹੋਂ 45
ਤਿਲ 2.1
ਸੂਰਜਮੁਖੀ 1.5
ਮੋਟਰ 3.1
ਸਵਾਮੀਨਾਥਨ ਫਾਰਮੂਲੇ ਨਾਲ ਆਰਥਕ ਕਮਜ਼ੋਰੀ ਹੋਵੇਗੀ ਦੂਰ
ਪੰਜਾਬ ਦੇ ਖੇਤੀ ਮਾਹਿਰ ਗੁਰਮੇਲ ਸਿੰਘ ਨੇ ਦਸਿਆ ਕਿ ਕਿਸਾਨਾਂ ਲਈ ਖੇਤੀ ਲਾਗਤ ਵੱਧ ਅਤੇ ਆਮਦਨ ਘੱਟ ਹੈ। ਕਿਸਾਨ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਫ਼ਸਲਾਂ ਉਗਾ ਰਹੇ ਹਨ। ਪ੍ਰੋ. ਐੱਮ.ਐੱਸ. ਸਵਾਮੀਨਾਥਨ ਦੀ ਰੀਪੋਰਟ ਲਾਗੂ ਜਾਵੇ ਤਾਂ ਕਿਸਾਨਾਂ ਨੂੰ ਖੇਤੀ ਦਾ ਲਾਭ ਮਿਲ ਸਕਦਾ ਹੈ। ਸਵਾਮੀਨਾਥਨ ਰੀਪੋਰਟ ਕਹਿੰਦੀ ਹੈ ਕਿ ਕਿਸਾਨ ਨੂੰ ਖੇਤੀ ਲਾਗਤ ਤੋਂ 50 ਫੀ ਸਦੀ ਵੱਧ ਮੁਨਾਫਾ ਮਿਲਣਾ ਚਾਹੀਦਾ ਹੈ।