
ਬਹੁਤ ਘੱਟ ਕੀਮਤ ’ਤੇ ਵੇਚੇ ਜਾ ਰਹੇ ਨਕਲੀ ਪਨੀਰ ਦੀ ਸਪਲਾਈ ਦਾ ਲਗਾਇਆ ਪਤਾ
ਚੰਡੀਗੜ੍ਹ : ਅੰਤਰ ਜ਼ਿਲ੍ਹਾ ਫ਼ੂਡ ਟੀਮ ਨੇ ਰਾਤ ਨੂੰ ਮਿਲਾਵਟੀ ਦੁੱਧ ਅਤੇ ਦੁੱਧ ਉਤਪਾਦਾਂ ਨੂੰ ਰੋਕਣ ਵਿਚ ਵੱਡੀ ਕਾਰਵਾਈ ਕਰ ਕੇ ਸਫ਼ਲਤਾ ਹਾਸਲ ਕੀਤੀ ਹੈ ਅਤੇ ਬਹੁਤ ਘੱਟ ਕੀਮਤ ’ਤੇ ਵੇਚੇ ਜਾ ਰਹੇ ਨਕਲੀ ਪਨੀਰ ਦੀ ਸਪਲਾਈ ਦਾ ਪਤਾ ਲਗਾਇਆ ਗਿਆ ਹੈ। ਇਹ ਜਾਣਕਾਰੀ ਕਮਿਸ਼ਨਰ ਐਫਡੀਏ ਪੰਜਾਬ, ਸ. ਕਾਹਨ ਸਿੰਘ ਪੰਨੂ ਨੇ ਦਿਤੀ।
Kahan Singh Pannu
ਇਹ ਛਾਪੇਮਾਰੀ ਮਿਲਾਵਟੀ ਦੁੱਧ ਅਤੇ ਦੁੱਧ ਉਤਪਾਦਾਂ ਦੀ ਸਪਲਾਈ ਨੂੰ ਰੋਕਣ ਸਬੰਧੀ ਮਿਲੀ ਸੂਹ ਦੇ ਆਧਾਰ ’ਤੇ ਕੀਤੀ ਗਈ ਸੀ। ਇਹ ਛਾਪੇਮਾਰੀ ਬੁਧਵਾਰ ਸਵੇਰੇ ਸ਼ੁਰੂ ਹੋਈ ਅਤੇ ਰਾਤ ਭਰ ਚੱਲੀ। ਇਸ ਛਾਪੇਮਾਰੀ ਦੌਰਾਨ ਡੇਅਰੀ ਉਪਕਰਣਾਂ ਦੇ ਡੀਲਰ ਅਤੇ ਪਨੀਰ ਦੀ ਉਤਪਾਦਨ ਯੂਨਿਟ ਅਤੇ ਸਸਤੇ ਪਨੀਰ ਦੇ ਵਿਕਰੇਤਾ ਦੀ ਜਾਂਚ ਕੀਤੀ ਗਈ।
Milk Products
ਛਾਪੇਮਾਰੀ ਦੀ ਸ਼ੁਰੂਆਤ ਲੁਧਿਆਣਾ ਬੱਸ ਸਟੈਂਡ ਨਜ਼ਦੀਕ ਪੈਂਦੇ ਅਗਰਵਾਲ ਇਕਵਿਪਮੈਂਟ ਪ੍ਰਾਇਵੇਟ ਲਿਮ. ਕੰਪਨੀ ਤੋਂ ਕੀਤੀ ਗਈ। ਕੰਪਨੀ ਦੇ ਮਾਲਕ ਦੀ ਦੁਕਾਨ ਅਤੇ ਗੁਦਾਮਾਂ ਦੀ ਜਾਂਚ ਕੀਤੀ ਗਈ ਅਤੇ ਦੇਸੀ ਘੀ ਦੇ ਸੈਂਪਲ ਲਏ ਗਏ। ਇਸ ਦੇ ਆਧਾਰ ’ਤੇ ਟੀਮ ਨੇ ਪਿੰਡ ਮਟੋਈ, ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਦੀ ਪਨੀਰ ਉਤਪਾਦਨ ਯੂਨਿਟ ਮੁਕੰਦ ਮਿਲਕ ਸੈਂਟਰ ‘ਤੇ ਛਾਪਾ ਮਾਰਿਆ।
Kahan Singh Pannu
ਇਸ ਯੂਨਿਟ ਵਿਚ ਦੁੱਧ ਕੋਲਡ ਚੇਨ ਨੂੰ ਬਰਕਰਾਰ ਨਾ ਰੱਖਦਿਆਂ ਰਾਜਸਥਾਨ ਤੋਂ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਟੀਮ ਨੇ ਟਿੱਬਾ ਰੋਡ ਲੁਧਿਆਣਾ ਸਥਿਤ ਬਹੁਤ ਘੱਟ ਕੀਮਤ ‘ਤੇ ਪਨੀਰ ਵੇਚਣ ਵਾਲੇ ਵਿਕਰੇਤਾ ਲੱਛਮੀ ਡੇਅਰੀ ਦਾ ਪਤਾ ਲਗਾਇਆ। ਇਸ ਦੀ ਜਾਂਚ ਕੀਤੀ ਗਈ ਅਤੇ ਸੈਂਪਲ ਲਏ।
ਇਸ ਛਾਪੇ ਦੌਰਾਨ 135 ਲੀਟਰ ਘੀ, ਰਾਜਸਥਾਨ ਤੋਂ ਲਿਆਂਦੇ ਦੁੱਧ ਦੇ ਟੈਂਕਰ ਵਿਚ 8000 ਲੀਟਰ ਦੁੱਧ, ਇਕ ਹੋਰ ਸੈਂਟਰ ਤੋਂ 1200 ਲੀਟਰ ਦੁੱਧ ਅਤੇ ਲੱਛਮੀ ਡੇਅਰੀ ਤੋਂ 100 ਕਿਲੋਗ੍ਰਾਮ ਪਨੀਰ ਜ਼ਬਤ ਕੀਤਾ ਗਿਆ।
Balbir Singh Sidhu
ਐਫਡੀਏ ਕਮਿਸ਼ਨਰ ਨੇ ਕਿਹਾ ਕਿ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਦਿਸਾ ਨਿਰਦੇਸਾਂ ਅਨੁਸਾਰ ਤੰਦਰੁਸਤ ਪੰਜਾਬ ਮਿਸਨ ਤਹਿਤ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐਫਐਸਐਸਏਆਈ) ਦੁਆਰਾ ਨਿਰਧਾਰਤ ਮਾਪਦੰਡਾਂ ’ਤੇ ਖਰੇ ਨਾ ਉਤਰਨ ਵਾਲੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਵਿਕਰੀ ਨੂੰ ਰੋਕਣ ਲਈ ਅਜਿਹੇ ਛਾਪੇ ਜਾਰੀ ਰਹਿਣਗੇ ਤਾਂ ਜੋ ਸੂਬੇ ਦੇ ਲੋਕਾਂ ਨੂੰ ਮਿਆਰੀ ਅਤੇ ਪੌਸ਼ਟਿਕ ਉਤਪਾਦਾਂ ਦੀ ਉਪਲੱਬਧ ਨੂੰ ਯਕੀਨੀ ਬਣਾਇਆ ਜਾ ਸਕੇ।
ਜਾਂਚ ਟੀਮ ਵਿਚ ਸਹਾਇਕ ਕਮਿਸਨਰ ਫ਼ੂਡ ਸ੍ਰੀ ਅਮ੍ਰਿਤਪਾਲ ਸਿੰਘ ਸੋਢੀ, ਫ਼ੂਡ ਸੇਫ਼ਟੀ ਅਫ਼ਸਰ ਸੰਦੀਪ ਸਿੰਘ ਅਤੇ ਫੂਡ ਸੇਫ਼ਟੀ ਅਫ਼ਸਰ ਯੋਗੇਸ ਗੋਇਲ ਸ਼ਾਮਲ ਸਨ।