
ਇੰਪੋਰਟਡ ਪਿਆਜ਼ ਨਾਲ ਬਾਜ਼ਾਰ 'ਚ ਸਪਲਾਈ ਸੁਧਰਨ ਦੀ ਸੰਭਾਵਨਾ ਹੈ। ਪਿਆਜ਼ ਕੀਮਤਾਂ 'ਚ ਜਲਦ...
ਨਵੀਂ ਦਿੱਲੀ: ਇੰਪੋਰਟਡ ਪਿਆਜ਼ ਨਾਲ ਬਾਜ਼ਾਰ 'ਚ ਸਪਲਾਈ ਸੁਧਰਨ ਦੀ ਸੰਭਾਵਨਾ ਹੈ। ਪਿਆਜ਼ ਕੀਮਤਾਂ 'ਚ ਜਲਦ ਥੋੜ੍ਹੀ ਕਮੀ ਦੇਖਣ ਨੂੰ ਮਿਲ ਸਕਦੀ ਹੈ। 790 ਟਨ ਦੀ ਪਹਿਲੀ ਖੇਪ ਭਾਰਤ ਪਹੁੰਚ ਗਈ ਹੈ। ਇਸ 'ਚੋਂ ਕੁਝ ਪਿਆਜ਼ ਦਿੱਲੀ ਤੇ ਆਂਧਰਾ ਪ੍ਰਦੇਸ਼ ਭੇਜਿਆ ਗਿਆ ਹੈ। ਇਨ੍ਹਾਂ ਸੂਬਿਆਂ ਨੂੰ ਪਿਆਜ਼ ਦੇ ਬੰਦਰਗਾਹ 'ਤੇ ਪੁੱਜਣ ਦੀ ਲਾਗਤ 57-60 ਰੁਪਏ ਪ੍ਰਤੀ ਕਿਲੋਗ੍ਰਾਮ ਪਈ ਹੈ। 12,000 ਟਨ ਹੋਰ ਪਿਆਜ਼ ਦੀ ਖੇਪ ਦਸੰਬਰ ਅੰਤ ਤੱਕ ਆਉਣ ਦੀ ਉਮੀਦ ਹੈ। ਜਨਤਕ ਖੇਤਰ ਦੀ TMTC ਨੇ ਹੁਣ ਤੱਕ 49,500 ਟਨ ਪਿਆਜ਼ ਦੀ ਦਰਾਮਦ ਦਾ ਕਰਾਰ ਕੀਤਾ ਹੈ।
Onion
ਇਸ ਸਮੇਂ ਦੇਸ਼ ਦੇ ਪ੍ਰਮੁੱਖ ਸ਼ਹਿਰਾਂ 'ਚ ਪਿਆਜ਼ ਦੇ ਪ੍ਰਚੂਨ ਮੁੱਲ 100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਚੱਲ ਰਹੇ ਹਨ। ਪਿਆਜ਼ ਦੀ ਦਰਾਮਦ ਤੁਰਕੀ, ਮਿਸਰ ਤੇ ਅਫਗਾਨਿਸਤਾਨ ਤੋਂ ਕੀਤੀ ਜਾ ਰਹੀ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਪਿਆਜ਼ ਦੀਆਂ ਹੋਰ ਖੇਪਾਂ ਵੀ ਰਸਤੇ 'ਚ ਹਨ। ਇਨ੍ਹਾਂ ਨਾਲ ਘਰੇਲੂ ਸਪਲਾਈ ਸੁਧਾਰਣ 'ਚ ਮਦਦ ਮਿਲੇਗੀ। ਉੱਥੇ ਹੀ, 2019-20 ਦੇ ਫਸਲੀ ਸਾਲ ਜੁਲਾਈ ਤੋਂ ਜੂਨ 'ਚ ਸਾਉਣੀ ਉਤਪਾਦਨ 'ਚ 25 ਫੀਸਦੀ ਦੀ ਕਮੀ ਆਉਣ ਦਾ ਅੰਦਾਜ਼ਾ ਹੈ।
Onion
ਪ੍ਰਮੁੱਖ ਉਤਪਾਦਕ ਸੁਬਿਆਂ 'ਚ ਮਾਨਸੂਨ 'ਚ ਦੇਰੀ ਤੇ ਫਿਰ ਬਹੁਤ ਜ਼ਿਆਦਾ ਮੀਂਹ ਵਰਗੇ ਕਾਰਨਾਂ ਕਰਕੇ ਪਿਆਜ਼ ਦਾ ਉਤਪਾਦਨ ਹੇਠਾਂ ਆਇਆ ਹੈ। ਵਪਾਰੀਆਂ ਤੇ ਮਾਹਰਾਂ ਦਾ ਮੰਨਣਾ ਹੈ ਕਿ ਜਨਵਰੀ ਅੰਤ ਤੱਕ ਪਿਆਜ਼ ਦੇ ਮੁੱਲ ਉੱਚੇ ਬਣੇ ਰਹਿਣਗੇ। ਉਸ ਤੋਂ ਬਾਅਦ ਬਾਜ਼ਾਰ 'ਚ ਸਾਉਣੀ ਦੀ ਫਸਲ ਆਉਣੀ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਦੇਸ਼ ਨੇ 2015-16 'ਚ 1,987 ਟਨ ਪਿਆਜ਼ ਦੀ ਦਰਾਮਦ ਕੀਤੀ ਸੀ। ਉਸ ਸਮੇਂ ਵੀ ਪਿਆਜ਼ ਕੀਮਤਾਂ 'ਚ ਭਾਰੀ ਉਛਾਲ ਆਇਆ ਸੀ।