
ਪੰਜਾਬ ਵਿਚ ਇਸ ਸਾਲ ਝੋਨੇ ਦੀ ਫ਼ਸਲ ਬਹੁਤ ਵਧੀਆ ਹੋਣ ਕਾਰਨ ਰੀਕਾਰਡ ਉਤਪਾਦਨ ਹੋਣ ਦੀ ਸੰਭਾਵਨਾ ਹੈ।
ਚੰਡੀਗੜ੍ਹ (ਐਸ.ਐਸ. ਬਰਾੜ): ਪੰਜਾਬ ਵਿਚ ਇਸ ਸਾਲ ਝੋਨੇ ਦੀ ਫ਼ਸਲ ਬਹੁਤ ਵਧੀਆ ਹੋਣ ਕਾਰਨ ਰੀਕਾਰਡ ਉਤਪਾਦਨ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਝੋਨੇ ਹੇਠ ਰਕਬਾ ਲਗਭਗ 2 ਲੱਖ ਹੈਕਟੇਅਰ ਘਟਿਆ ਹੈ। ਪ੍ਰੰਤੂ ਉਤਪਾਦਨ ਪਿਛਲੇ ਸਾਲ ਦੇ ਬਰਾਬਰ ਹੀ ਰਹਿਣ ਦੀ ਸੰਭਾਵਨਾ ਹੈ।
ਪੰਜਾਬ ਖੇਤੀਬਾੜੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਦਸਿਆ ਕਿ ਇਸ ਸਾਲ ਝੋਨੇ ਦੀ ਫ਼ਸਲ ਬਹੁਤ ਵਧੀਆ ਹੈ ਅਤੇ ਮੰਡੀਆਂ ਵਿਚ ਪਿਛਲੇ ਸਾਲ ਦੇ ਬਰਾਬਰ ਹੀ 190 ਲੱਖ ਟਨ ਝੋਨਾ ਆਉਣ ਦੀ ਸੰਭਾਵਨਾ ਹੈ।
Kahan Singh Pannu
ਉਨ੍ਹਾਂ ਦਸਿਆ ਕਿ ਪਹਿਲੀ ਅਕਤੂਬਰ ਤੋਂ ਆਮ ਤੌਰ 'ਤੇ ਮੰਡੀਆਂ ਵਿਚ ਸਰਕਾਰੀ ਖ਼ਰੀਦ ਆਰੰਭ ਹੁੰਦੀ ਹੈ। ਇਸ ਲਈ ਤਿਆਰੀਆਂ ਲਗਭਗ ਮੁਕੰਮਲ ਹਨ। ਉਨ੍ਹਾਂ ਦਸਿਆ ਕਿ ਇਸ ਸਾਲ 29 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਹੋਈ ਹੈ। ਇਸ ਵਿਚੋਂ 6.29 ਲੱਖ ਹੈਕਟੇਅਰ ਰਕਬੇ ਵਿਚ ਬਾਸਮਤੀ ਬੀਜੀ ਗਈ। ਪਿਛਲੇ ਸਾਲ 31.3 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਹੋਈ ਸੀ। ਇਸ ਵਿਚੋਂ 5.11 ਲੱਖ ਹੈਕਟੇਅਰ ਰਕਬੇ ਵਿਚ ਬਾਸਮਤੀ ਬੀਜੀ ਗਈ। ਇਸ ਤਰ੍ਹਾਂ ਇਸ ਸਾਲ ਝੋਨੇ ਹੇਠੋਂ 2 ਲੱਖ ਹੈਕਟੇਅਰ ਰਕਬਾ ਘਟਾਇਆ।
Paddy
ਇਕ ਲੱਖ ਹੈਕਟੇਅਰ ਬਾਸਮਤੀ ਹੇਠ ਅਤੇ ਇਕ ਲੱਖ ਹੈਕਟੇਅਰ ਰਕਬਾ ਨਰਮੇ ਦੀ ਫ਼ਸਲ ਅਧੀਨ ਵਧਾਇਆ। ਪਾਣੀ ਦੀ ਬਚਤ ਲਈ ਇਹ ਇਕ ਚੰਗਾ ਰੁਝਾਨ ਹੈ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਪਹਿਲੀ ਅਕਤੂਬਰ ਤੋਂ ਝੋਨੇ ਦੀ ਖ਼ਰੀਦ ਆਰੰਭ ਹੁੰਦੀ ਹੈ ਪ੍ਰੰਤੂ ਅਜੇ ਤਕ ਇਸ ਸਬੰਧੀ ਲਿਖਤੀ ਹੁਕਮ ਜਾਰੀ ਨਹੀਂ ਹੋਏ ਤਾਂ ਸ. ਪੰਨੂੰ ਨੇ ਦਸਿਆ ਕਿ ਜਲਦੀ ਹੀ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ। ਝੋਨੇ ਦੀ ਖ਼ਰੀਦ ਪਹਿਲੀ ਅਕੂਤਬਰ ਤੋਂ ਹੀ ਹੁੰਦੀ ਹੈ। ਬਾਸਮਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਸਿਆ ਕਿ 1509 ਕਿਸਮ ਦੀ ਬਾਸਮਤੀ ਅੰਮ੍ਰਿਤਸਰ ਦੇ ਇਲਾਕੇ ਵਿਚ ਮੰਡੀਆਂ ਵਿਚ ਪਿਛਲੇ ਕੁੱਝ ਦਿਨਾਂ ਤੋਂ ਆਉਣੀ ਆਰੰਭ ਹੋ ਗਈ ਹੈ।
Basmati Paddy
ਬਾਸਮਤੀ ਦੀ ਖ਼ਰੀਦ ਸਰਕਾਰ ਨਹੀਂ ਕਰਦੀ, ਵਪਾਰੀ ਹੀ ਇਸ ਦੀ ਖ਼ਰੀਦ ਕਰਦੇ ਹਨ। ਇਸ ਸਾਲ 2400 ਤੋਂ 2500 ਰੁਪਏ ਪ੍ਰਤੀ ਕੁਇੰਟਲ ਇਹ ਕਿਸਮ ਵਿਕ ਰਹੀ ਹੈ। ਬਾਸਮਤੀ ਦੀ ਵਧੀਆ ਕਿਸਮ 1121 ਦਾ ਜ਼ਿਕਰ ਕਰਦਿਆਂ ਉਨ੍ਹਾਂ ਦਸਿਆ ਕਿ ਮੰਡੀਆਂ ਵਿਚ ਇਸ ਦੀ ਆਮਦ ਅਕਤੂਬਰ ਦੇ ਅੰਤ ਵਿਚ ਜਾਂ ਨਵੰਬਰ ਵਿਚ ਆਉਣੀ ਆਰੰਭ ਹੁੰਦੀ ਹੈ। ਅਸਲ ਵਿਚ ਇਸ ਸਾਲ ਬਾਸਮਤੀ ਦੀ ਕੀਮਤ ਵਿਚ ਕਿਸਾਨਾਂ ਨੂੰ ਮੁਸ਼ਕਲਾਂ ਆ ਸਕਦੀਆਂ ਹਨ। ਇਰਾਨ ਨੂੰ ਬਹੁਤ ਵੱਡੀ ਸੰਖਿਆ ਵਿਚ ਬਾਸਮਤੀ ਦੀ ਬਰਾਮਦ ਹੁੰਦੀ ਹੈ। ਪ੍ਰੰਤੂ ਅਮਰੀਕਾ ਵਲੋਂ ਇਰਾਨ ਤੇ ਪਾਬੰਦੀਆਂ ਲੱਗਣ ਕਾਰਨ, ਪੰਜਾਬ ਤੋਂ ਬਾਸਮਤੀ ਦੀ ਬਰਾਮਦ ਦੀਆਂ ਸੰਭਾਵਨਾਵਾਂ ਵੀ ਅਜੇ ਸ਼ੱਕੀ ਹਨ।