ਅੱਧੀ ਸਦੀ ਦੇ ਸੱਭ ਤੋਂ ਲੰਮੀ ਮਾਨਸੂਨ ਨੇ ਕਿਸਾਨਾਂ ਦੀ ਜਾਨ ਕੁੜਿੱਕੀ 'ਚ ਫਸਾਈ
Published : Sep 30, 2019, 9:06 am IST
Updated : Apr 10, 2020, 7:32 am IST
SHARE ARTICLE
Damage Crops
Damage Crops

ਪਿਛਲੇ ਤਿੰਨ ਦਿਨਾਂ ਤੋਂ ਸੂਬੇ ਵਿਚ ਪੈ ਰਹੀ ਬਾਰਸ਼ ਨੇ ਕਿਸਾਨਾਂ ਦੀ ਜਾਨ ਕੁੜਿੱਕੀ ਵਿਚ ਫਸਾ ਦਿਤੀ ਹੈ। ਪਹਿਲਾਂ ਤੋਂ ਹੀ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋਏ ਤੇ...

ਚੰਡੀਗੜ੍ਹ  (ਸਪੋਕਸਮੈਨ ਸਮਾਚਾਰ ਸੇਵਾ) : ਪਿਛਲੇ ਤਿੰਨ ਦਿਨਾਂ ਤੋਂ ਸੂਬੇ ਵਿਚ ਪੈ ਰਹੀ ਬਾਰਸ਼ ਨੇ ਕਿਸਾਨਾਂ ਦੀ ਜਾਨ ਕੁੜਿੱਕੀ ਵਿਚ ਫਸਾ ਦਿਤੀ ਹੈ। ਪਹਿਲਾਂ ਤੋਂ ਹੀ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋਏ ਤੇ ਕਰਜ਼ੇ ਥੱਲੇ ਦੱਬੇ ਕਿਸਾਨ ਹੁਣ ਕੁਦਰਤ ਨੂੰ ਕੋਸ ਰਹੇ ਹਨ। ਪਿਛਲੀ ਅੱਧੀ ਸਦੀ ਦੇ ਸੱਭ ਤੋਂ ਲੰਮੇ ਮਾਨਸੂਨ ਨੇ ਕਿਸਾਨਾਂ ਨੂੰ ਕਿਤੋਂ ਦਾ ਨਹੀਂ ਛਡਿਆ। ਇਤਿਹਾਸ ਗਵਾਹ ਹੈ ਕਿ ਅੱਸੂ ਦੀ ਝੜੀ ਕਦੇ ਵੀ ਕਿਸਾਨਾਂ ਦੇ ਹੱਕ 'ਚ ਨਹੀਂ ਰਹੀ। ਇਸ ਦਾ ਕਾਰਨ ਇਹ ਹੈ ਕਿ ਇਸ ਸਮੇਂ ਫ਼ਸਲਾਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਤੇ ਬੇਮੌਸਮੇ ਮੀਂਹ ਨਾਲ ਪੱਕੀਆਂ ਪਕਾਈਆਂ ਫ਼ਸਲਾਂ ਕੁਦਰਤ ਦੀ ਕਰੋਪੀ ਦੀ ਭੇਂਟ ਚੜ੍ਹ ਜਾਂਦੀਆਂ ਹਨ।

ਸਰਕਾਰਾਂ ਤੇ ਪ੍ਰਸ਼ਾਸਨ ਦੀ ਡੰਗ ਟਪਾਊ ਨੀਤੀ ਅਤੇ ਕਾਗ਼ਜ਼ੀ ਖ਼ਾਨਾ ਪੂਰਤੀ ਵਾਲੀ ਕਾਰਵਾਈਆਂ ਕਾਰਨ ਕਿਸਾਨ ਨਿਰਾਸ਼ਤਾ ਦੀ ਘੜੀ 'ਚੋਂ ਲੰਘ ਰਹੇ ਹਨ।  ਹੁਣ ਜਿਵੇਂ ਕਿਵੇਂ ਫ਼ਸਲ ਤਿਆਰ ਹੋਈ ਅਤੇ ਕਟਾਈ ਦੀ ਘੜੀ ਨੇੜੇ ਆ ਰਹੀ ਹੈ ਤਾਂ ਲੰਘੇ ਦੋ ਦਿਨਾਂ ਤੋਂ ਅਸਮਾਨ 'ਤੇ ਛਾਈਆਂ ਕਾਲੀਆਂ ਘਟਾਵਾਂ ਨਾਲ ਵਰਖਾ ਰੂਪੀ ਕਰੋਪੀ ਨੇ ਕਿਸਾਨਾਂ ਦੇ ਚਿਹਰੇ ਫਿਰ ਤੋਂ ਮੁਰਝਾ ਦਿਤੇ ਹਨ। ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਬਹੁਤੇ ਥਾਈਂ ਤਾਂ ਕਟਾਈ ਵੀ ਸ਼ੁਰੂ ਹੋ ਚੁੱਕੀ ਹੈ। ਅਜਿਹੇ 'ਚ ਬੇ-ਮੌਸਮ ਬਰਸਾਤ ਅਤੇ ਬਰਸਾਤੀ ਨਾਲਿਆਂ ਘੱਗਰ ਦਰਿਆ ਤੇ ਪੱਚੀ ਦਰੇ ਵਿਚ ਵਧੇ ਪਾਣੀ ਦੇ ਪੱਧਰ ਨਾਲ ਕਿਸਾਨਾਂ ਫ਼ਸਲ ਦੇ ਖ਼ਰਾਬੇ ਦਾ ਡਰ ਸਤਾਉਣ ਲੱਗਾ ਹੈ।

 

ਮਾਲਵਾ ਇਲਾਕੇ 'ਚ ਹੋਈ ਬਾਰਸ਼ ਅਤੇ ਤੇਜ਼ ਹਨੇਰੀ ਕਾਰਨ ਬੇਸ਼ੱਕ ਤਾਪਮਾਨ 'ਚ ਗਿਰਾਵਟ ਦਰਜ ਹੋਈ ਪਰ ਇਸ ਬਾਰਸ਼ ਕਾਰਨ ਫ਼ਸਲਾਂ ਦਾ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਬਾਰਸ਼ ਨੇ ਜਿਥੇ ਕਪਾਹ ਦੀ ਖਿੰਡੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ, ਉਥੇ ਹੀ ਝੋਨੇ ਦੀ ਫ਼ਸਲ ਨੂੰ ਵੀ ਨੁਕਸਾਨ ਪਹੁੰਚਣ ਦੇ ਆਸਾਰ ਹਨ। ਜ਼ਿਆਦਾਤਰ ਖੇਤਰ 'ਚ ਕਪਾਹ ਦੀ ਫ਼ਸਲ ਖਿੜ ਚੁੱਕੀ ਹੈ ਪਰ ਮੌਸਮ ਨੇ ਕਿਸਾਨਾਂ ਨੂੰ ਫਿਕਰਾਂ 'ਚ ਪਾ ਦਿਤਾ ਹੈ। ਬਠਿੰਡਾ ਦੇ ਸੰਗਤ ਬਲਾਕ ਦੇ ਕਈ ਪਿੰਡਾਂ 'ਚ ਭਾਰੀ ਬਾਰਸ਼ ਹੋਈ। ਪਿੰਡ ਮਹਿਤਾ ਦੇ ਕੁੱਝ ਹੇਠਲੇ ਇਲਾਕਿਆਂ 'ਚ ਵੱਡੀ ਮਾਤਰਾ 'ਚ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆਈਆਂ।

ਖੇਤਰ 'ਚ ਕੁੱਝ ਇਲਾਕਿਆਂ 'ਚ ਦਰਮਿਆਨੀ ਬਾਰਸ਼ ਹੋਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਫ਼ਸਲਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੱਕੀਆਂ ਫ਼ਸਲਾਂ 'ਤੇ ਹੋ ਰਹੀ ਬਾਰਸ਼ ਅਤੇ ਹਨੇਰੀ ਕਾਰਨ ਕਾਫੀ ਨੁਕਸਾਨ ਹੋਇਆ ਹੈ। ਖੇਤੀ ਮਾਹਰਾਂ ਦਾ ਵੀ ਮੰਨਣਾ ਹੈ ਕਿ ਇਸ ਵੇਲੇ ਨਰਮੇ ਦੀ ਫ਼ਸਲ ਨੂੰ ਫਲ ਤੇ ਫੁੱਲ ਲੱਗੇ ਹੋਏ ਹਨ ਤੇ ਮੀਂਹ ਕਾਰਨ ਇਹ ਝੜ ਰਹੇ ਹਨ। ਇਸ ਨਾਲ ਨਰਮੇ ਦੇ ਝਾੜ 'ਤੇ ਅਸਰ ਪੈਣ ਦੀ ਕਾਫ਼ੀ ਸੰਭਾਵਨਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਕਿਸਾਨਾਂ ਨੇ ਝੋਨਾ ਕੱਟ ਲਿਆ, ਉਹ ਤਾਂ ਮੰਡੀਆਂ 'ਚ ਖੱਜਲ ਖੁਆਰ ਹੋ ਰਹੇ ਹਨ ਤੇ ਜਿਹੜਾ ਝੋਨਾ ਅਜੇ ਕੱਟਿਆ ਨਹੀਂ ਗਿਆ, ਉਹ ਫ਼ਸਲ ਵਿਛ ਗਈ ਹੈ।

ਇਸ ਫ਼ਸਲ ਨੂੰ ਕੱਟਣ ਲਈ ਜ਼ਿਆਦਾ ਲੇਬਰ ਦੀ ਲੋੜ ਪਵੇਗੀ ਤੇ ਜੇਕਰ ਇਹ ਕੰਬਾਈਨਾਂ ਨਾਲ ਕੱਟੀ ਜਾਵੇਗੀ ਤਾਂ ਵੀ ਕਿਸਾਨਾਂ 'ਤੇ ਆਰਥਕ ਬੋਝ ਪਵੇਗਾ।
ਇਸ ਤੋਂ ਇਲਾਵਾ ਇਸ ਬੇਮੌਸਮੀ ਬਾਰਸ਼ ਦਾ ਸਬਜ਼ੀਆਂ ਦੇ ਉਤਪਾਦਨ 'ਤੇ ਵੀ ਅਸਰ ਪਵੇਗਾ। ਸਬਜ਼ੀਆਂ ਦੀਆਂ ਖਾਈਆਂ ਅੰਦਰ ਪਾਣੀ ਖੜ੍ਹ ਜਾਣ ਕਾਰਨ ਸਬਜ਼ੀਆਂ ਵੀ ਖ਼ਰਾਬ ਹੋ ਰਹੀਆਂ ਹਨ। ਇਸ ਤਰ੍ਹਾਂ ਜੇ ਸਬਜ਼ੀ ਦਾ ਉਤਪਾਦਨ ਘਟੇਗਾ ਤਾਂ ਇਸ ਦਾ ਸਿੱਧਾ ਅਸਰ ਲੋਕਾਂ ਦੀ ਰਸੋਈ 'ਤੇ ਪਵੇਗਾ।

ਇਸੇ ਤਰ੍ਹਾਂ ਸਰੋਂ ਤੇ ਮੱਕੀ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਖੇਤੀਬਾੜੀ ਮਾਹਰਾਂ ਦਾ ਮੰਨਣਾ ਸਰੋਂ ਦੀਆਂ ਫਲੀਆਂ ਨੂੰ ਚਾਦਨੀ ਪੈ ਜਾਣ ਕਾਰਨ  ਸਰੋਂ ਦੇ ਝਾੜ 'ਤੇ ਅਸਰ ਜ਼ਰੂਰ ਪਵੇਗਾ। ਇਸੇ ਤਰ੍ਹਾਂ ਮੱਕੀ ਦੀਆਂ ਛੱਲੀਆਂ ਇਸ ਵੇਲੇ ਪੱਕ ਕੇ ਦੁੱਧ ਸਮੇਟਣ 'ਚ ਲੱਗੀਆਂ ਹੋਈਆਂ ਹਨ। ਮੀਂਹ ਨਾਲ ਮੱਕੀ ਦੇ ਟਾਂਡੇ ਟੁੱਟ ਰਹੇ ਹਨ ਜਿਸ ਕਾਰਨ ਛੱਲੀਆਂ ਵਿਚ ਬਣਦੇ ਦੁੱਧ ਦਾ ਵਿਕਾਸ ਰੁੱਕ ਜਾਵੇਗਾ ਤੇ ਦਾਣੇ ਪਿਚਕ ਜਾਣਗੇ। ਇਸ ਤਰ੍ਹਾਂ ਅੱਸੂ ਦੀ ਝੜੀ ਦੇ ਇਸ ਮੀਂਹ ਨਾਲ ਸਾਰੀਆਂ ਫ਼ਸਲਾਂ ਪ੍ਰਭਾਵਿਤ ਹੋਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement