Spinach Farming: ਇਹ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ।
Spinach Farming: ਪਾਲਕ ਦਾ ਮੂਲ ਸਥਾਨ ਕੇਂਦਰੀ ਅਤੇ ਪਛਮੀ ਏਸ਼ੀਆ ਹੈ ਅਤੇ ਇਹ ਅਮਰੈਂਥਾਸਿਆਇ ਪ੍ਰਜਾਤੀ ਨਾਲ ਸਬੰਧ ਰਖਦੀ ਹੈ। ਇਹ ਇਕ ਸਦਾਬਹਾਰ ਸਬਜ਼ੀ ਹੈ ਅਤੇ ਪੂਰੇ ਸੰਸਾਰ ਵਿਚ ਇਸ ਦੀ ਖੇਤੀ ਕੀਤੀ ਜਾਂਦੀ ਹੈ। ਇਹ ਆਇਰਨ ਅਤੇ ਵਿਟਾਮਿਨ ਦਾ ਚੰਗਾ ਸ੍ਰੋਤ ਹੈ ਅਤੇ ਐਂਟੀਆਕਸੀਡੈਂਟ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦੇ ਬਹੁਤ ਸਾਰੇ ਸਿਹਤਮੰਦ ਫ਼ਾਇਦੇ ਹਨ। ਇਹ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ।
ਇਹ ਪਾਚਨ, ਚਮੜੀ, ਵਾਲ, ਅੱਖਾਂ ਅਤੇ ਦਿਮਾਗ ਲਈ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਕੈਂਸਰ ਅਤੇ ਐਂਟੀਏਜਿੰਗ ਦਵਾਈਆਂ ਵੀ ਬਣਦੀਆਂ ਹਨ। ਭਾਰਤ ਵਿਚ ਆਂਧਰਾ ਪ੍ਰਦੇਸ਼, ਤੇਲੰਗਾਨਾ, ਕੇਰਲਾ, ਤਾਮਿਲਨਾਡੂ, ਉਤਰ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਪਛਮੀ ਬੰਗਾਲ ਅਤੇ ਗੁਜਰਾਤ ਆਦਿ ਪਾਲਕ ਉਗਾਉਣ ਵਾਲੇ ਮੁੱਖ ਰਾਜ ਹਨ।
ਪਾਲਕ ਨੂੰ ਮਿੱਟੀ ਦੀਆਂ ਕਈ ਕਿਸਮਾਂ ਜੋ ਵਧੀਆ ਨਿਕਾਸ ਵਾਲੀਆਂ ਹੋਣ ਵਿਚ ਉਗਾਇਆ ਜਾਂਦਾ ਹੈ। ਪਰ ਇਹ ਰੇਤਲੀ ਚੀਕਨੀ ਅਤੇ ਜਲੋੜ ਮਿੱਟੀ ਵਿਚ ਵਧੀਆ ਨਤੀਜਾ ਦਿੰਦੀ ਹੈ। ਤੇਜ਼ਾਬੀ ਅਤੇ ਜਲ-ਜਮਾਉ ਵਾਲੀ ਮਿੱਟੀ ਵਿਚ ਪਾਲਕ ਦੀ ਖੇਤੀ ਨਾ ਕਰੋ। ਇਸ ਦੀ ਖੇਤੀ ਲਈ ਮਿੱਟੀ ਦਾ ਪੀਐਚ 6-7 ਹੋਣਾ ਚਾਹੀਦਾ ਹੈ। ਜ਼ਮੀਨ ਨੂੰ ਭੁਰਭੁਰਾ ਕਰਨ ਲਈ, 2-3 ਵਾਰ ਵਾਹੀ ਕਰੋ।
ਵਾਹੀ ਤੋਂ ਬਾਅਦ ਸੁਹਾਗੇ ਨਾਲ ਮਿੱਟੀ ਨੂੰ ਸਮਤਲ ਕਰੋ। ਬੈੱਡ ਤਿਆਰ ਕਰੋ ਅਤੇ ਖਾਲ ਬਣਾਉ। ਪਾਲਕ ਦੀ ਬਿਜਾਈ ਪੂਰਾ ਸਾਲ ਕੀਤੀ ਜਾਂਦੀ ਹੈ। ਸਰਦੀਆਂ ਵਿਚ, ਸਤੰਬਰ ਤੋਂ ਅਕਤੂਬਰ ਦਾ ਸਮਾਂ ਉਚਿਤ ਹੁੰਦਾ ਹੈ। ਬਸੰਤ ਰੁਤ ਵਿਚ ਇਸ ਦੀ ਬਿਜਾਈ ਮੱਧ-ਫ਼ਰਵਰੀ ਤੋਂ ਅਪ੍ਰੈਲ ਵਿਚ ਕੀਤੀ ਜਾਂਦੀ ਹੈ।
ਬਿਜਾਈ ਲਈ, ਕਤਾਰਾਂ ਵਿਚਲਾ ਫ਼ਾਸਲਾ 25-30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 5-10 ਸੈ.ਮੀ. ਰੱਖੋ। ਬੀਜ ਨੂੰ 3-4 ਸੈ.ਮੀ. ਡੂੰਘਾ ਬੀਜੋ। ਇਸ ਦੀ ਬਿਜਾਈ ਕਤਾਰਾਂ ਵਿਚ ਅਤੇ ਛਿੱਟਾ ਦੇ ਕੇ ਕੀਤੀ ਜਾਂਦੀ ਹੈ। ਸਰਦੀਆਂ ਵਿਚ, 4-6 ਕਿਲੋ ਪ੍ਰਤੀ ਏਕੜ ਅਤੇ ਗਰਮੀਆਂ ਵਿਚ 10-15 ਕਿਲੋ ਪ੍ਰਤੀ ਏਕੜ ਬੀਜਾਂ ਦੀ ਵਰਤੋਂ ਕਰੋ।
ਪੁੰਗਰਾਅ ਸ਼ਕਤੀ ਵਧਾਉਣ ਲਈ ਬਿਜਾਈ ਤੋਂ ਪਹਿਲਾ ਬੀਜਾਂ ਨੂੰ 12-24 ਘੰਟੇ ਲਈ ਪਾਣੀ ਵਿਚ ਡੋਬੋ। ਨਦੀਨਾਂ ਦੀ ਜਾਂਚ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਕਹੀ ਦੀ ਮਦਦ ਨਾਲ 2-3 ਵਾਰ ਗੋਡੀ ਕਰੋ। ਰਸਾਇਣਿਕ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ ਲਈ ਪਾਇਰਾਜ਼ੋਨ 1-1.12 ਕਿਲੋ ਦੀ ਪ੍ਰਤੀ ਏਕੜ ਵਿਚ ਵਰਤੋਂ ਕਰੋ।
ਬੀਜਾਂ ਦੇ ਵਧੀਆ ਪੁੰਗਰਾਅ ਅਤੇ ਵਿਕਾਸ ਲਈ ਮਿੱਟੀ ਵਿਚ ਨਮੀ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਮਿੱਟੀ ਵਿਚ ਚੰਗੀ ਤਰ੍ਹਾਂ ਨਮੀ ਨਾ ਹੋਵੇ ਤਾਂ, ਬਿਜਾਈ ਤੋਂ ਪਹਿਲਾ ਸਿੰਚਾਈ ਕਰੋ ਜਾਂ ਫਿਰ ਬਿਜਾਈ ਤੋਂ ਬਾਅਦ ਪਹਿਲੀ ਸਿੰਚਾਈ ਕਰੋ। ਗਰਮੀ ਵਿਚ 4-6 ਦਿਨਾਂ ਦੇ ਫ਼ਾਸਲੇ ’ਤੇ ਸਿੰਚਾਈ ਕਰੋ ਜਦਕਿ ਸਰਦੀਆਂ ਵਿਚ 10-12 ਦਿਨਾਂ ਦੇ ਫ਼ਾਸਲੇ ’ਤੇ ਸਿੰਚਾਈ ਕਰੋ। ਜ਼ਿਆਦਾ ਸਿੰਚਾਈ ਨਾ ਕਰੋ।
ਧਿਆਨ ਰੱਖੋ ਕਿ ਪੱਤਿਆਂ ’ਤੇ ਪਾਣੀ ਨਾ ਰਹੇ ਕਿਉਂਕਿ ਇਸ ਨਾਲ ਬੀਮਾਰੀ ਦਾ ਖ਼ਤਰਾ ਅਤੇ ਕੁਆਲਟੀ ਵਿਚ ਕਮੀ ਆਉਂਦੀ ਹੈ। ਤੁਪਕਾ ਸਿੰਚਾਈ ਪਾਲਕ ਦੀ ਖੇਤੀ ਲਈ ਲਾਭਦਾਇਕ ਸਿੱਧ ਹੁੰਦੀ ਹੈ। ਕਿਸਮ ਦੇ ਆਧਾਰ ’ਤੇ, ਬਿਜਾਈ ਤੋਂ ਬਾਅਦ, ਫ਼ਸਲ 25-30 ਦਿਨਾਂ ਦੇ ਬਾਅਦ ਪਹਿਲੀ ਕਟਾਈ ਲਈ ਤਿਆਰ ਹੋ ਜਾਂਦੀ ਹੈ। ਕਟਾਈ ਲਗਾਤਾਰ 20-25 ਦਿਨਾਂ ਦੇ ਫ਼ਾਸਲੇ ਤੇ ਕੀਤੀ ਜਾਣੀ ਚਾਹੀਦੀ ਹੈ। ਕਟਾਈ ਲਈ ਤਿੱਖੇ ਚਾਕੂ ਜਾਂ ਦਾਤੀ ਦੀ ਵਰਤੋਂ ਕਰੋ।
ਬੀਜ ਉਤਪਾਦਨ ਲਈ, 50><30 ਸੈ.ਮੀ. ਫ਼ਾਸਲੇ ਦੀ ਵਰਤੋਂ ਕਰੋ। ਪਾਲਕ ਦੀ ਖੇਤੀ ਲਈ ਲਗਭਗ 1000 ਮੀਟਰ ਦਾ ਫ਼ਾਸਲਾ ਹੋਣਾ ਚਾਹੀਦਾ ਹੈ। ਹਰੇਕ ਪੰਜ ਕਤਾਰਾਂ ਦੇ ਬਾਅਦ ਇਕ ਕਤਾਰ ਛੱਡ ਦਿਉ, ਜੋ ਕਿ ਖੇਤ ਦੀ ਜਾਂਚ ਲਈ ਜ਼ਰੂਰੀ ਹੈ। ਬੀਮਾਰ ਪੌਦਿਆਂ ਨੂੰ ਹਟਾ ਦਿਉ, ਵੱਖ ਦਿਖਣ ਵਾਲੇ ਪੌਦਿਆਂ ਨੂੰ ਹਟਾ ਦਿਉ। ਜਦੋਂ ਬੀਜ ਭੂਰੇ ਰੰਗ ਦੇ ਹੋ ਜਾਣ ਤਾਂ ਫ਼ਸਲ ਦੀ ਕਟਾਈ ਕਰੋ। ਕਟਾਈ ਦੇ ਬਾਅਦ ਪੌਦਿਆਂ ਨੂੰ ਸੁਕਣ ਲਈ ਖੇਤ ਵਿਚ ਇਕ ਹਫ਼ਤੇ ਲਈ ਛੱਡ ਦਿਉ। ਚੰਗੀ ਤਰ੍ਹਾਂ ਸੁਕਣ ਤੋਂ ਬਾਅਦ, ਬੀਜ ਲੈਣ ਲਈ ਫ਼ਸਲ ਦੀ ਛਟਾਈ ਕਰੋ।