ਕਿਸਾਨ ਵੀਰ ਕਿਵੇਂ ਕਰਨ ਸੂਰਜਮੁਖੀ ਦੀ ਸੁਚੱਜੀ ਕਾਸ਼ਤ, ਆਉ ਜਾਣਦੇ ਹਾਂ
Published : Oct 13, 2023, 8:35 am IST
Updated : Oct 13, 2023, 8:35 am IST
SHARE ARTICLE
Sunflower Farming
Sunflower Farming

ਸੂਰਜਮੁਖੀ ਦੀ ਬਿਜਾਈ ਲਈ ਢੁਕਵਾਂ ਸਮਾਂ ਜਨਵਰੀ ਦਾ ਮਹੀਨਾ ਹੈ।

 

ਬਹਾਰ ਰੁੱਤ ਸੂਰਜਮੁਖੀ ਦੀ ਕਾਸ਼ਤ ਲਈ ਸੱਭ ਤੋਂ ਢੁਕਵਾਂ ਸਮਾਂ ਹੈ। ਬਹਾਰ ਰੁਤ ਦੀ ਫ਼ਸਲ ਪਛੇਤੀ ਬੀਜੀ ਗਈ ਕਣਕ ਦੇ ਮੁਕਾਬਲੇ ਵਧ ਲਾਹੇਵੰਦ ਹੈ। ਆਲੂਆਂ ਤੋਂ ਬਾਅਦ ਸੂਰਜਮੁਖੀ ਦੀ ਫ਼ਸਲ ਲਈ ਵਾਹੀ ਦਾ ਖ਼ਰਚਾ ਘੱਟ ਹੁੰਦਾ ਹੈ ਤੇ ਆਲੂਆਂ ਨੂੰ ਪਾਈ ਹੋਈ ਖਾਦ ਦੀ ਸੁਚੱਜੀ ਵਰਤੋਂ ਹੁੰਦੀ ਹੈ। ਇਸ ਮੌਸਮ ਵਿਚ ਸੂਰਜਮੁਖੀ ਤੇ ਮੈਂਥੇ ਦੀ ਰਲਵੀਂ ਬਿਜਾਈ ਵੀ ਕੀਤੀ ਜਾ ਸਕਦੀ ਹੈ। ਇਹ ਫ਼ਸਲ ਖੜੇ ਪਾਣੀ ਪ੍ਰਤੀ ਸੰਵੇਦਨਸ਼ੀਲ ਹੈ। ਇਸ ਲਈ ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ। ਕਲਰਾਠੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਢੁਕਵੀਆਂ ਨਹੀਂ। ਸੂਰਜਮੁਖੀ ਦੀ ਬਿਜਾਈ ਲਈ ਢੁਕਵਾਂ ਸਮਾਂ ਜਨਵਰੀ ਦਾ ਮਹੀਨਾ ਹੈ।

ਜੇ ਕਿਸੇ ਕਾਰਨ ਜਨਵਰੀ ਮਹੀਨੇ ਵਿਚ ਬਿਜਾਈ ਸੰਭਵ ਨਾ ਹੋਵੇ ਤਾਂ ਘੱਟ ਸਮਾਂ ਲੈਣ ਵਾਲੀਆਂ ਦੋਗਲੀਆਂ ਕਿਸਮਾਂ ਪੀਐਸਐਚ-996, ਪੀਐਸਐਚ-569, ਪੀਐਸਐਚ-1962 ਦੀ ਬਿਜਾਈ ਫ਼ਰਵਰੀ ਮਹੀਨੇ ਵਿਚ ਜਿੰਨੀ ਅਗੇਤੀ ਹੋ ਸਕੇ ਕੀਤੀ ਜਾ ਸਕਦੀ ਹੈ। ਪਿਛੇਤੀ ਬੀਜੀ ਗਈ ਫ਼ਸਲ ਵਿਚ ਫੁਲ ਪੈਣ ਤੇ ਇਸ ਤੋਂ ਬਾਅਦ ਦੀਆਂ ਅਵਸਥਾਵਾਂ ਤੇ ਤਾਪਮਾਨ ਜ਼ਿਆਦਾ ਹੋਣ ਕਾਰਨ ਫੁਲ ਛੋਟੇ ਰਹਿ ਜਾਂਦੇ ਹਨ, ਬੀਜ ਘੱਟ ਬਣਦੇ ਹਨ ਤੇ ਜ਼ਿਆਦਾਤਰ ਬੀਜ ਫੋਕੇ ਰਹਿ ਜਾਂਦੇ ਹਨ। ਪਿਛੇਤੀ ਫ਼ਸਲ ’ਤੇ ਬੀਮਾਰੀਆਂ ਤੇ ਕੀੜਿਆਂ ਦਾ ਹਮਲਾ ਵੀ ਵੱਧ ਹੁੰਦਾ ਹੈ ਤੇ ਅਜਿਹੀ ਫ਼ਸਲ ਨੂੰ ਕਈ ਵਾਰ ਪੱਕਣ ਵੇਲੇ ਬੇਮੌਸਮੀ ਬਾਰਸ਼ ਦੀ ਮਾਰ ਵੀ ਝਲਣੀ ਪੈਂਦੀ ਹੈ।

ਵੱਟਾਂ ’ਤੇ ਬੀਜੀ ਫ਼ਸਲ ਪਧਰੀ ਬੀਜੀ ਗਈ ਫ਼ਸਲ ਦੇ ਮੁਕਾਬਲੇ ਅਗੇਤੀ ਜੰਮਦੀ ਹੈ ਤੇ ਇਸ ਉਪਰ ਕੱਟ ਵਰਮ ਦਾ ਹਮਲਾ ਘੱਟ ਹੁੰਦਾ ਹੈ। ਇਹ ਘੱਟ ਡਿਗਦੀ ਹੈ ਤੇ ਸਿੰਜਾਈ ਲਈ ਘੱਟ ਪਾਣੀ ਦੀ ਲੋੜ ਪੈਂਦੀ ਹੈ। ਫ਼ਸਲ ਦੀ ਬਿਜਾਈ ਪੂਰਬ-ਪੱਛਮ ਦਿਸ਼ਾ ਵਿਚ ਬਣਾਈਆਂ ਵੱਟਾਂ ਦੇ ਦੱਖਣ ਵਾਲੇ ਪਾਸੇ ਕਰੋ। ਵੱਟਾਂ ਵਿਚ 60 ਸੈਂਟੀਮੀਟਰ ਦੂਰੀ ਰੱਖੋ ਤੇ ਬੀਜ 30 ਸੈਂਟੀਮੀਟਰ ਦੇ ਫ਼ਾਸਲੇ ’ਤੇ ਵੱਟ ਦੇ ਸਿਰੇ ਤੋਂ 6-8 ਸੈਂਟੀਮੀਟਰ ਹੇਠਾਂ 4-5 ਸੈਂਟੀਮੀਟਰ ਦੀ ਡੂੰਘਾਈ ’ਤੇ ਬੀਜੋ। ਵੱਟ ਤੇ ਬੀਜੀ ਫ਼ਸਲ ਦੀ ਬਿਜਾਈ ਤੋਂ 2-4 ਦਿਨ ਪਿੱਛੋਂ ਹਲਕੀ ਸਿੰਚਾਈ ਇਸ ਤਰ੍ਹਾਂ ਕਰੋ ਕਿ ਪਾਣੀ ਦੀ ਸਤ੍ਹਾ ਬੀਜ ਤੋਂ ਹੇਠਾਂ ਰਹੇ। ਬੀਜ ਉਗਣ ਤੋਂ ਲਗਭਗ ਦੋ ਹਫ਼ਤਿਆਂ ਬਾਅਦ ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈਂਟੀਮੀਟਰ ਰਖਦੇ ਹੋਏ ਵਾਧੂ ਬੂਟੇ ਕੱਢ ਦਿਉ। ਪ੍ਰਤੀ ਏਕੜ 2 ਕਿਲੋ ਬੀਜ ਵਰਤੋ। ਬੀਮਾਰੀਆਂ ਤੋਂ ਬਚਾਉਣ ਲਈ ਬਿਜਾਈ ਤੋਂ ਪਹਿਲਾਂ ਬੀਜ ਨੂੰ 6 ਗ੍ਰਾਮ ਟੈਗਰਾਨ-35 ਡਬਲਿਊਐੱਸ (ਮੈਟਾਲੈਕਸਲ) ਨਾਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।

ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ ’ਤੇ ਕਰੋ। ਦਰਮਿਆਨੀਆਂ ਉਪਜਾਊ ਜ਼ਮੀਨਾਂ ਲਈ 50 ਕਿਲੋ ਯੂਰੀਆ (24 ਕਿਲੋ ਨਾਈਟ੍ਰੋਜਨ), 75 ਕਿਲੋ ਸਿੰਗਲ ਸੁਪਰਫ਼ਾਸਫ਼ੇਟ (12 ਕਿਲੋ ਫ਼ਾਸਫ਼ੋਰਸ) ਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ (12 ਕਿਲੋ ਪੋਟਾਸ਼ੀਅਮ) ਪ੍ਰਤੀ ਏਕੜ ਵਰਤੋ। ਦਰਮਿਆਨਿਆਂ ਭਾਰੀਆਂ ਜ਼ਮੀਨਾਂ ਵਿਚ ਸਿਫ਼ਾਰਸ਼ ਕੀਤੀ ਗਈ ਸਾਰੀ ਖਾਦ ਫ਼ਸਲ ਦੀ ਬਿਜਾਈ ਸਮੇਂ ਡਰਿੱਲ ਕਰੋ। ਹਲਕੀਆਂ ਮੈਰਾ ਜ਼ਮੀਨਾਂ ਵਿਚ ਯੂਰੀਆ ਦੀ ਵਰਤੋਂ ਦੋ ਬਰਾਬਰ ਹਿੱਸਿਆਂ ਵਿਚ ਕਰੋ। ਪਹਿਲਾ ਹਿੱਸਾ (25 ਕਿਲੋ) ਬਿਜਾਈ ਵੇਲੇ ਤੇ ਦੂਜਾ ਹਿੱਸਾ (25 ਕਿਲੋ) ਬਿਜਾਈ ਤੋਂ ਇਕ ਮਹੀਨੇ ਬਾਅਦ ਸਿੰਜਾਈ ਤੋਂ ਬਾਅਦ ਕਰੋ।

ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਬੀਜ ਉਗਣ ਤੋਂ 2-3 ਹਫ਼ਤੇ ਬਾਅਦ ਅਤੇ ਦੂਜੀ ਗੋਡੀ ਲੋੜ ਪਵੇ ਤਾਂ ਉਸ ਤੋਂ 3 ਹਫ਼ਤੇ ਪਿੱਛੋਂ ਕਰੋ। ਸਿੱਧੀ ਬੀਜੀ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ ਲਗਭਗ ਇਕ ਮਹੀਨੇ ਬਾਅਦ ਦੇਵੋ। ਵੱਟਾਂ ਤੇ ਬੀਜੀ ਗਈ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 2-4 ਦਿਨਾਂ ਮਗਰੋਂ ਤੇ ਦੂਜਾ ਪਾਣੀ ਲਗਭਗ ਇਕ ਮਹੀਨੇ ਬਾਅਦ ਲਗਾਉ। ਮਾਰਚ ਦੇ ਮਹੀਨੇ ਵਿਚ 2-3 ਹਫ਼ਤਿਆਂ ਦੇ ਵਕਫ਼ੇ ’ਤੇ ਅਤੇ ਅਪ੍ਰੈਲ-ਮਈ ਵਿਚ 8-10 ਦਿਨਾਂ ਦੇ ਵਕਫ਼ੇ ’ਤੇ ਸਿੰਚਾਈ ਕਰੋ। ਫ਼ਸਲ ਨੂੰ 50 ਫ਼ੀ ਸਦੀ ਫੁੱਲ ਪੈਣ ਸਮੇਂ, ਦਾਣੇ ਬਣਨ ਸਮੇਂ ਤੇ ਦਾਣਿਆਂ ਦੇ ਨਰਮ ਤੇ ਸਖ਼ਤ ਦੋਧੇ ਹੋਣ ਦੀ ਅਵਸਥਾ ’ਤੇ ਸਿੰਜਾਈ ਜ਼ਰੂਰ ਕਰੋ। ਫ਼ਸਲ ਵੱਢਣ ਤੋਂ ਲਗਭਗ ਦੋ ਹਫ਼ਤੇ ਪਹਿਲਾਂ ਸਿੰਜਾਈ ਬੰਦ ਕਰ ਦੇਵੋ। ਤੁਪਕਾ ਸਿੰਜਾਈ ਵਿਧੀ ਨਾਲ ਲਗਭਗ 20 ਫ਼ੀ ਸਦੀ ਪਾਣੀ ਤੇ ਖਾਦਾਂ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਵਿਧੀ ਨਾਲ ਖੇਤ ਵਿਚ ਨਦੀਨ ਵੀ ਘੱਟ ਹੁੰਦੇ ਹਨ ਤੇ ਝਾੜ ਵਿਚ ਵਾਧਾ ਹੁੰਦਾ ਹੈ।

ਸੂਰਜਮੁਖੀ-ਮੈਂਥੇ ਦੀ ਰਲਵੀਂ ਬਿਜਾਈ ਲਈ ਜਨਵਰੀ ਦੇ ਅਖ਼ੀਰ ਵਿਚ ਸੂਰਜਮੁਖੀ ਦੀਆਂ ਦੋ ਕਤਾਰਾਂ ਵਿਚਕਾਰ ਮੈਂਥੇ ਦੀਆਂ ਦੋ ਕਤਾਰਾਂ ਲਗਾਉ। ਸੂਰਜਮੁਖੀ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 120 ਸੈਂਟੀਮੀਟਰ ਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਦਾ ਫ਼ਾਸਲਾ ਰੱਖੋ। ਮੈਂਥੇ ਦੀ ਰਲਵੀਂ ਫ਼ਸਲ ਲਈ 150 ਕਿਲੋ ਜੜ੍ਹਾਂ ਪ੍ਰਤੀ ਏਕੜ ਲੋੜ ਪੈਂਦੀ ਹੈ। ਰਲਵੀਂ ਫ਼ਸਲ ਲਈ ਸੂਰਜਮੁਖੀ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ ਮੈਂਥੇ ਲਈ 50 ਕਿਲੋ ਯੂਰੀਆ (24 ਕਿਲੋ ਨਾਈਟ੍ਰੋਜਨ) ਤੇ 75 ਕਿਲੋ ਸਿੰਗਲ ਸੁਪਰਫ਼ਾਸਫ਼ੇਟ (12 ਕਿਲੋ ਫ਼ਾਸਫ਼ੋਰਸ) ਪ੍ਰਤੀ ਏਕੜ ਵਰਤੋ। ਸਿੰਗਲ ਸੁਪਰਫ਼ਾਸਫ਼ੇਟ ਦੀ ਸਾਰੀ ਤੇ ਯੂਰੀਆ ਦੀ ਅੱਧੀ ਮਾਤਰਾ ਬਿਜਾਈ ਵੇਲੇ ਅਤੇ ਯੂਰੀਆ ਦੀ ਬਚਦੀ ਅੱਧੀ ਮਾਤਰਾ ਬਿਜਾਈ ਤੋਂ 40 ਦਿਨ ਬਾਅਦ ਪਾਉ। ਹੇਠਲੇ ਪਾਸਿਉਂ ਸਿਰਾਂ ਦਾ ਰੰਗ ਬਦਲ ਕੇ ਪੀਲਾ-ਭੂਰਾ ਹੋ ਜਾਣਾ ਅਤੇ ਬਾਹਰਲੇ ਪਾਸਿਉ ਡਿਸਕ ਦੇ ਸੁੱਕਣ ਦੀ ਸ਼ੁਰੂਆਤ ਫ਼ਸਲ ਦੇ ਪੱਕਣ ਦੀਆਂ ਨਿਸ਼ਾਨੀਆਂ ਹਨ। ਇਸ ਸਮੇਂ ਬੀਜ ਪੱਕ ਕੇ ਕਾਲੇ ਹੋ ਜਾਂਦੇ ਹਨ। ਕਟਾਈ ਉਪਰੰਤ ਗਹਾਈ ਤੋਂ ਪਹਿਲਾਂ ਸੂਰਜਮੁਖੀ ਦੇ ਸਿਰਾਂ ਨੂੰ ਚੰਗੀ ਤਰ੍ਹਾਂ ਸੁਕਾ ਲਵੋ। ਥਰੈਸ਼ਰ ਨਾਲ ਗਹਾਈ ਸੂਰਜਮੁਖੀ ਦੇ ਸਿਰਾਂ ਦੀ ਕਟਾਈ ਤੋਂ ਤੁਰਤ ਬਾਅਦ ਕੀਤੀ ਜਾ ਸਕਦੀ ਹੈ। ਗਹਾਈ ਤੋਂ ਬਾਅਦ ਭੰਡਾਰਣ ਤੋਂ ਪਹਿਲਾਂ ਦਾਣਿਆਂ ਨੂੰ ਉੱਲੀ ਤੋਂ ਬਚਾਊਣ ਲਈ ਚੰਗੀ ਤਰ੍ਹਾਂ ਸੁਕਾ ਲਵੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement