
ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਪਲਵਿੰਦਰ ਸਿੰਘ ਨੂੰ ‘ਵਾਤਾਵਰਣ ਦੇ ਰਾਖੇ’ ਐਵਾਰਡ ਨਾਲ ਸਨਮਾਨਿਆ
ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਹਾਰੀ ਦਾ ਕਿਸਾਨ ਪਲਵਿੰਦਰ ਸਿੰਘ ਪਿਛਲੇ ਅੱਠ ਸਾਲਾਂ ਤੋਂ ਫ਼ਸਲੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾ ਕੇ ਫ਼ਸਲਾਂ ਦੀ ਕਾਸ਼ਤ ਕਰ ਕੇ ‘ਵਾਤਾਵਰਣ ਦਾ ਰਾਖਾ’ ਬਣਿਆ ਹੋਇਆ ਹੈ। ਕਿਸਾਨ ਪਲਵਿੰਦਰ ਸਿੰਘ ਵਲੋਂ ਫ਼ਸਲੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਮਿਲਾਉਣ ਨਾਲ ਉਸ ਦੇ ਖੇਤਾਂ ਦੀ ਉਪਜਾਊ ਸ਼ਕਤੀ ਵਧੀ ਹੈ ਜਿਸ ਕਾਰਨ ਹੁਣ ਉਸ ਦੀਆਂ ਫ਼ਸਲਾਂ ਦਾ ਝਾੜ ਵੀ ਵਧ ਨਿਕਲਦਾ ਹੈ।
ਕਿਸਾਨ ਪਲਵਿੰਦਰ ਸਿੰਘ ਨੇ ਦਸਿਆ ਕਿ ਉਸ ਕੋਲ ਅਪਣੇ ਭਰਾ ਨਾਲ ਸਾਂਝੀ 15 ਏਕੜ ਵਾਹੀਯੋਗ ਜ਼ਮੀਨ ਹੈ ਅਤੇ ਉਹ ਅਪਣੇ ਪਰਵਾਰ ਨਾਲ ਮਿਲ ਕੇ ਕਾਮਯਾਬ ਖੇਤੀ ਕਰ ਰਹੇ ਹਨ। ਉਸ ਨੇ ਦਸਿਆ ਕਿ ਕਰੀਬ 10 ਸਾਲ ਪਹਿਲਾਂ ਉਸ ਨੇ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰ ਕੇ ਨਵੀਆਂ ਤਕਨੀਕਾਂ ਨੂੰ ਅਪਣੀ ਖੇਤੀ ਵਿਚ ਸ਼ਾਮਲ ਕੀਤਾ ਸੀ। ਉਸ ਨੇ ਦਸਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਪ੍ਰੇਰਨਾ ਸਦਕਾ ਉਸ ਨੇ ਕਦੀ ਵੀ ਅਪਣੀਆਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਅਤੇ ਖੇਤੀ ਸੰਦਾਂ ਦੀ ਮਦਦ ਨਾਲ ਉਹ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਮਿਲਾ ਕੇ ਅਗਲੀਆਂ ਫ਼ਸਲਾਂ ਦੀ ਕਾਸ਼ਤ ਕਰ ਰਿਹਾ ਹੈ।
ਉਸ ਨੇ ਦਸਿਆ ਕਿ ਅੱਗ ਨਾ ਲਗਾਉਣ ਕਰ ਕੇ ਉਸ ਦੀਆਂ ਫ਼ਸਲਾਂ ਦਾ ਝਾੜ ਵੀ ਵਧਿਆ ਹੈ ਅਤੇ ਉਸ ਨੂੰ ਇਸ ਗੱਲ ਦੀ ਖ਼ੁਸ਼ੀ ’ਤੇ ਤਸੱਲੀ ਹੈ ਕਿ ਉਹ ਵਾਤਾਵਰਣ ਨੂੰ ਦੂਸ਼ਿਤ ਨਹੀਂ ਕਰ ਰਿਹਾ। ਕਿਸਾਨ ਪਲਵਿੰਦਰ ਸਿੰਘ ਜਿਥੇ ਆਪ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਂਦੇ ਉਥੇ ਉਸ ਨੇ ਅਪਣੇ ਵਰਗੇ ਹੋਰ ਅਗਾਂਹਵਧੂ ਕਿਸਾਨਾਂ ਨਾਲ ਮਿਲ ਕੇ ‘ਯੰਗ ਇਨੋਵੇਟਿਵ ਕਲੱਬ’ ਦਾ ਗਠਨ ਕਰ ਕੇ ਅਪਣੇ ਪਿੰਡ ਤੇ ਇਲਾਕੇ ਦੇ ਕਿਸਾਨਾਂ ਨੂੰ ਵੀ ਅੱਗ ਨਾ ਲਗਾਉਣ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ। ਪਲਵਿੰਦਰ ਸਿੰਘ ਦੀ ਦੇਖਾ-ਦੇਖੀ ਬਹੁਤ ਸਾਰੇ ਕਿਸਾਨ ਉਨ੍ਹਾਂ ਵਾਂਗ ਅੱਗ ਲਗਾਉਣੀ ਛੱਡ ਗਏ ਹਨ।
ਪਲਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੀ ਪਰਾਲੀ ਅਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਬਿਲਕੁਲ ਨਾ ਲਗਾਉਣ, ਇਸ ਨਾਲ ਜਿਥੇ ਵਾਤਾਵਰਣ ਸ਼ੁੱਧ ਹੋਵੇਗਾ ਉਥੇ ਉਨ੍ਹਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਣ ਨਾਲ ਝਾੜ ਵੀ ਵਧੇਗਾ। ਪਲਵਿੰਦਰ ਸਿੰਘ ਵਲੋਂ ਵਾਤਾਵਰਣ ਦੀ ਸ਼ੁੱਧਤਾ ਦੇ ਖੇਤਰ ਵਿਚ ਪਾਏ ਜਾ ਰਹੇ ਇਸ ਯੋਗਦਾਨ ਲਈ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਉਸ ਨੂੰ ‘ਵਾਤਾਵਰਣ ਦੇ ਰਾਖੇ’ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ ਹੈ।