Advertisement

ਦਾਲਾਂ ਅਤੇ ਤਿਲ ਹਨ ਪਰਵਾਰ ਦੀ ਸਿਹਤ ਲਈ ਲਾਭਦਾਇਕ ਫ਼ਸਲ, ਵੱਧ ਤੋਂ ਵੱਧ ਉਗਾਓ

ਸਪੋਕਸਮੈਨ ਸਮਾਚਾਰ ਸੇਵਾ | Edited by : ਗੁਰਬਿੰਦਰ ਸਿੰਘ
Published Aug 14, 2019, 2:02 pm IST
Updated Aug 14, 2019, 2:02 pm IST
ਪੰਜਾਬ ਦਾ ਕੋਈ ਅਜੇਹਾ ਘਰ ਨਹੀਂ ਜਿੱਥੇ ਮਾਂਹ, ਮੂੰਗੀ ਤੇ ਤਿਲਾਂ ਦੀ ਵਰਤੋਂ ਨਾ ਹੁੰਦੀ ਹੋਵੇ...
Mungi
 Mungi

ਚੰਡੀਗੜ੍ਹ: ਪੰਜਾਬ ਦਾ ਕੋਈ ਅਜੇਹਾ ਘਰ ਨਹੀਂ ਜਿੱਥੇ ਮਾਂਹ, ਮੂੰਗੀ ਤੇ ਤਿਲਾਂ ਦੀ ਵਰਤੋਂ ਨਾ ਹੁੰਦੀ ਹੋਵੇ। ਇਹ ਸਾਉਣੀ ਦੀਆਂ ਫ਼ਸਲਾਂ ਹਨ ਤੇ ਇਨ੍ਹਾਂ ਦੀ ਬਿਜਾਈ ਜੁਲਾਈ ਵਿਚ ਕੀਤੀ ਜਾਂਦੀ ਹੈ। ਤਿਲ ਮੁੱਖ ਤੇਲ ਬੀਜ ਫ਼ਸਲ ਹੈ ਪਰ ਇਸ ਦੀ ਵਰਤੋਂ ਖਾਣ ਲਈ ਵਧੇਰੇ ਹੁੰਦੀ ਹੈ। ਮਾਂਹ ਅਤੇ ਮੂੰਗੀ ਦੀ ਦਾਲ ਦੀ ਪੰਜਾਬੀਆਂ ਵੱਲੋਂ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ। ਮਾਂਹ ਦੀ ਦਾਲ ਵਿਚ ਕਾਫ਼ੀ ਮਾਤਰਾ 'ਚ ਪ੍ਰੋਟੀਨ ਹੁੰਦੀ ਹੈ, ਜਿਹੜੀ ਕਿ ਸ਼ਾਕਾਹਾਰੀ ਖ਼ੁਰਾਕ ਨੂੰ ਸੰਪੂਰਨ ਬਣਾਉਂਦੀ ਹੈ।

Healthy BonesHealthy

Advertisement

ਮੂੰਗੀ ਹਲਕੀ ਦਾਲ ਹੈ। ਇਸ ਨੂੰ ਹਜ਼ਮ ਕਰਨਾ ਸੌਖਾ ਹੈ। ਇਹ ਦੋਵੇਂ ਦਾਲਾਂ ਸਾਬਤ ਵੀ ਬਣਾਈਆਂ ਜਾਂਦੀਆਂ ਹਨ ਅਤੇ ਦਲ ਕੇ ਛਿਲਕੇ ਸਮੇਤ ਤੇ ਛਿਲਕੇ ਤੋਂ ਬਗ਼ੈਰ ਵੀ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਦੇ ਭੱਲੇ ਤੇ ਪੀਠੀ ਵੀ ਬਣਦੀ ਹੈ। ਮੂੰਗੀ ਦੀਆਂ ਪਿੰਨੀਆਂ ਵੀ ਬਣਦੀਆਂ ਹਨ। ਤਿਲਾਂ ਦੀ ਵਰਤੋਂ ਸਰਦੀਆਂ ਵਿਚ ਰਿਓੜੀਆ, ਤਿਲ ਭੁੱਗ ਤੇ ਹੋਰ ਮਠਿਆਈਆਂ ਬਣਾਉਣ ਲਈ ਕੀਤੀ ਜਾਂਦੀ ਹੈ।

ਜ਼ਮੀਨ ਦੀ ਸਿਹਤ 'ਚ ਹੁੰਦਾ ਹੈ ਸੁਧਾਰ

ਜਦ ਤੋਂ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਆਈਆਂ ਹਨ, ਕਿਸਾਨਾਂ ਨੇ ਦਾਲਾਂ ਤੇ ਤਿਲਾਂ ਦੀ ਕਾਸ਼ਤ ਬੰਦ ਕਰ ਦਿੱਤੀ ਹੈ। ਬਾਜ਼ਾਰ 'ਚ ਇਹ ਦਾਲਾਂ ਕਰੀਬ 100 ਰੁਪਏ ਕਿੱਲੋ ਮਿਲਦੀਆਂ। ਦਾਲਾਂ ਜਿੱਥੇ ਮਨੁੱਖੀ ਸਿਹਤ 'ਚ ਸੁਧਾਰ ਕਰਦੀਆਂ ਹਨ, ਉੱਥੇ ਧਰਤੀ ਦੀ ਸਿਹਤ ਨੂੰ ਵੀ ਠੀਕ ਕਰਦੀਆਂ ਹਨ। ਧਰਤੀ ਨੂੰ ਸਿਹਤਮੰਦ ਕਰਨ ਲਈ ਦਾਲਾਂ ਦੀ ਕਾਸ਼ਤ ਬਹੁਤ ਜ਼ਰੂਰੀ ਹੈ।

Healthy SkinHealthy

ਇਸ ਦੇ ਨਾਲ ਹੀ ਘਰੇਲੂ ਲੋੜ ਲਈ ਤਿਲਾਂ ਦੀ ਬਿਜਾਈ ਵੀ ਜ਼ਰੂਰੀ ਹੈ। ਇਸ ਵਾਰ ਕਿਸਾਨ ਘੱਟੋ-ਘਟ ਘਰੇਲੂ ਲੋੜ ਦੀ ਪੂਰਤੀ ਲਈ ਉੱਚੀਆਂ ਥਾਵਾਂ 'ਤੇ ਝੋਨਾ ਬੀਜਣ ਦੀ ਥਾਂ ਦਾਲਾਂ ਦੀ ਕਾਸ਼ਤ ਕਰਨ। ਮਿੱਟੀ ਦੀ ਸਿਹਤ ਦੇ ਨਾਲ-ਨਾਲ ਦਾਲਾਂ ਦੀ ਕਾਸ਼ਤ ਨਾਲ ਪਾਣੀ ਦੀ ਵੀ ਬਚਤ ਹੁੰਦੀ ਹੈ। ਇਹ ਤਾਂ ਮੀਂਹ ਦੇ ਪਾਣੀ ਨਾਲ ਹੀ ਪੱਕ ਜਾਂਦੀਆਂ ਹਨ। ਇਸ ਤੋਂ ਇਲਾਵਾ ਇਹ ਨਦੀਨਾਂ ਉੱਪਰ ਕਾਬੂ ਪਾਉਣ 'ਚ ਵੀ ਸਹਾਈ ਹੁੰਦੀਆਂ ਹਨ।

ਸਿਆਣੇ ਆਖਦੇ ਹਨ:

ਜੱਟ ਕੀ ਜਾਣੇ ਰਾਹ। ਮਾਂਹ ਕੀ ਜਾਣੇ ਘਾਹ।

ਇਨ੍ਹਾਂ ਵਿਚ ਰਸਾਇਣਾਂ ਦੀ ਵਰਤੋਂ ਨਹੀਂ ਕਰਨੀ ਪੈਂਦੀ ਤੇ ਇੰਜ ਸ਼ੁੱਧ ਦਾਲ ਪ੍ਰਾਪਤ ਹੁੰਦੀ ਹੈ। ਬਹੁਤੇ ਕਿਸਾਨ ਦਾਲਾਂ ਦੀ ਕਾਸ਼ਤ ਇਸ ਲਈ ਨਹੀਂ ਕਰਦੇ ਕਿ ਜੇ ਮੀਂਹ ਵਧੇਰੇ ਪੈ ਜਾਣ ਤਾਂ ਫ਼ਸਲ ਖ਼ਰਾਬ ਹੋ ਸਕਦੀ ਹੈ। ਅਜਿਹਾ ਘੱਟ ਹੀ ਹੁੰਦਾ ਹੈ। ਜੇ ਫ਼ਸਲ ਖ਼ਰਾਬ ਹੋ ਵੀ ਜਾਵੇ ਤਾਂ ਇਸ ਨੂੰ ਖੇਤ ਵਿਚ ਵਾਹ ਦਿੱਤਾ ਜਾਵੇ।ਤਾਂ ਅਗਲੀ ਫ਼ਸਲ (ਕਣਕ) ਨੂੰ ਬਹੁਤ ਘੱਟ ਰਸਾਇਣਕ ਖਾਦਾਂ ਦੀ ਲੋੜ ਪਵੇਗੀ।

ਮੂੰਗੀ

mungi cropmungi crop

ਮਾਂਹ ਅਤੇ ਮੂੰਗੀ ਦੀ ਬਿਜਾਈ ਜੁਲਾਈ ਦੇ ਸ਼ੁਰੂ ਵਿਚ ਕਰਨੀ ਚਾਹੀਦੀ ਹੈ। ਦੋਵਾਂ ਦਾਲਾਂ ਦਾ 8 ਕਿੱਲੋ ਬੀਜ ਪ੍ਰਤੀ ਏਕੜ ਵਰਤੋ। ਮੂੰਗੀ ਦੀਆਂ ਐੱਮਐੱਲ-818 ਤੇ ਐੱਮਐੱਲ-2056 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਤੋਂ ਪੰਜ ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੁੰਦਾ ਹੈ। ਇਹ ਕਿਸਮਾਂ ਤਿਆਰ ਹੋਣ ਵਿਚ ਤਿੰਨ ਮਹੀਨੇ ਤੋਂ ਵੀ ਘੱਟ ਸਮਾਂ ਲੈਂਦੀਆਂ ਹਨ। ਬੀਜਣ ਤੋਂ ਪਹਿਲਾਂ ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਲਗਾ ਕੇ ਸੋਧ ਲੈਣਾ ਚਾਹੀਦਾ ਹੈ। ਬਿਜਾਈ ਸਮੇਂ ਲਾਈਨਾਂ ਵਿਚਕਾਰ 30 ਸੈਂਟੀਮੀਟਰ ਫ਼ਾਸਲਾ ਰੱਖੋ।

ਮਾਂਹ

Black GramBlack Gram

ਪੰਜਾਬ ਵਿਚ ਕਾਸ਼ਤ ਲਈ ਮਾਂਹ ਦੀਆਂ ਐੱਮਡਬਲਿਊਐੱਸ-114 ਤੇ ਐੱਮਡਬਲਿਊਐੱਸ-338 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਕਿਸਮਾਂ ਤੋਂ ਚਾਰ ਕੁਇੰਟਲ ਤਕ ਝਾੜ ਪ੍ਰਾਪਤ ਹੁੰਦਾ ਹੈ। ਮਾਂਹ ਨੂੰ ਮੱਕੀ ਦੇ ਸਿਆੜਾਂ ਵਿਚਕਾਰ ਵੀ ਬੀਜਿਆ ਜਾ ਸਕਦਾ ਹੈ। ਮੈਦਾਨਾਂ ਵਿਚ ਮਾਹਾਂ ਦੀ ਬਿਜਾਈ ਜੁਲਾਈ ਦੇ ਪਹਿਲੇ ਪੰਦਰਵਾੜੇ 'ਚ ਕਰ ਲੈਣੀ ਚਾਹੀਦੀ ਹੈ।

ਰਵਾਂਹ

ਰਵਾਂਹ ਇਕ ਹੋਰ ਦਾਲ ਹੈ, ਜਿਸ ਦੀ ਪੰਜਾਬੀਆਂ ਦੇ ਘਰਾਂ 'ਚ ਵਰਤੋਂ ਕੀਤੀ ਜਾਂਦੀ ਹੈ। ਰਵਾਂਹ ਦੀ ਬਿਜਾਈ ਲਈ ਵੀ ਇਹ ਢੁੱਕਵਾਂ ਸਮਾਂ ਹੈ। ਇਸ ਦੀ ਬਿਜਾਈ ਮੱਕੀ ਦੇ ਸਿਆੜਾਂ ਵਿਚ ਕੀਤੀ ਜਾ ਸਕਦੀ ਹੈ।

Rawanh Rawanh

ਪੰਜਾਬ ਵਿਚ ਕਾਸ਼ਤ ਲਈ ਸੀਐੱਲ-367 ਤੇ ਰਵਾਂਹ-8 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਵਧੀਆ ਫ਼ਸਲ ਪੰਜ ਕੁਇੰਟਲ ਤਕ ਦਾਲ ਪ੍ਰਤੀ ਏਕੜ ਦਿੰਦੀ ਹੈ। ਇਕ ਏਕੜ ਦੀ ਬਿਜਾਈ ਲਈ ਰਵਾਂਹ-88 ਦਾ 16 ਕਿੱਲੋ ਤੇ ਸੀਐੱਲ-367 ਦਾ 8 ਕਿੱਲੋ ਬੀਜ ਪ੍ਰਤੀ ਏਕੜ ਵਰਤੋ।

ਤਿਲ

ਇਨ੍ਹਾਂ ਦਾਲਾਂ ਵਿਚ ਤਿਲਾਂ ਦੇ ਸਿਆੜ ਵੀ ਲਗਾਏ ਜਾ ਸਕਦੇ ਹਨ। ਨਦੀਨਾਂ ਦੀ ਰੋਕਥਾਮ ਲਈ ਇਕ ਗੋਡੀ ਜ਼ਰੂਰ ਕਰੋ। ਬਿਜਾਈ ਸਮੇਂ ਪੰਜ ਕਿੱਲੋ ਨਾਈਟ੍ਰੋਜਨ ਤੇ 10 ਕਿੱਲੋ ਫਾਸਫੋਰਸ ਪ੍ਰਤੀ ਏਕੜ ਪਾਓ। ਪੰਜਾਬ ਵਿਚ ਕਾਸ਼ਤ ਵਾਸਤੇ ਪੰਜਾਬ ਤਿਲ ਨੰਬਰ-2 ਅਤੇ ਆਰਟੀ-346 ਕਿਸਮਾਂ ਦੀ ਬਿਜਾਈ ਕਰੋ। ਇਕ ਏਕੜ ਲਈ ਇਕ ਕਿੱਲੋ ਬੀਜ ਕਾਫ਼ੀ ਹੈ।

TilTil

ਬਰਸਾਤ ਦੇ ਦਿਨਾਂ ਵਿਚ ਫ਼ਸਲ ਵੱਲ ਪੂਰਾ ਧਿਆਨ ਦੇਵੋ। ਜੇ ਕੋਈ ਬਿਮਾਰੀ ਵਾਲਾ ਬੂਟਾ ਨਜ਼ਰ ਆਵੇ ਤਾਂ ਉਸ ਨੂੰ ਪੁੱਟ ਕੇ ਨਸ਼ਟ ਕਰ ਦੇਵੋ। ਜੇ ਕਿਸੇ ਪੱਤੇ ਉੱਤੇ ਕੋਈ ਕੀੜਾ ਹੋਵੇ ਤਾਂ ਉਸ ਪੱਤੇ ਨੂੰ ਤੋੜ ਕੇ ਕੀੜੇ ਨੂੰ ਮਾਰ ਦੇਵੋ। ਜੇ ਕੀੜਿਆਂ ਦਾ ਹਮਲਾ ਜ਼ਿਆਦਾ ਹੋਵੇ ਤਾਂ ਮਾਹਿਰਾਂ ਦੀ ਸਲਾਹ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਵੇ। 

Advertisement

 

Advertisement
Advertisement