Farming News: ਚੰਗੇ ਵਿਕਾਸ ਲਈ ਹਲਕੀ ਉਪਜਾਊ ਅਤੇ ਪਾਣੀ ਦੇ ਵਧੀਆ ਨਿਕਾਸ ਵਾਲੀ ਜ਼ਮੀਨ ਜਿਸ ਵਿਚ ਨਮੀ ਹੋਵੇ, ਇਸ ਲਈ ਢੁਕਵੀਂ ਹੁੰਦੀ ਹੈ
How to do pepper cultivation Farming News: ਮਿਰਚ ਦੀ ਖੇਤੀ ਭਾਰਤ ਦੀ ਇਕ ਮਹੱਤਵਪੂਰਨ ਫ਼ਸਲ ਹੈ। ਮਿਰਚ ਨੂੰ ਕੜ੍ਹੀ, ਆਚਾਰ, ਚਟਣੀ ਅਤੇ ਹੋਰ ਸਬਜ਼ੀਆਂ ਵਿਚ ਮੁੱਖ ਤੌਰ ’ਤੇ ਵਰਤਿਆ ਜਾਂਦਾ ਹੈ। ਮਿਰਚ ਵਿਚ ਕੌੜਾਪਨ ਕੈਪਸੇਸਿਨ ਨਾਮ ਦੇ ਇਕ ਤੱਤ ਕਰ ਕੇ ਹੁੰਦਾ ਹੈ ਜਿਸ ਨੂੰ ਦਵਾਈਆਂ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ। ਮਿਰਚ ਦਾ ਮੂਲ ਸਥਾਨ ਮੈਕਸਿਕੋ ਅਤੇ ਦੂਜੇ ਦਰਜੇ ਤੇ ਗੁਆਟੇਮਾਲਾ ਮੰਨਿਆ ਜਾਂਦਾ ਹੈ। ਕੈਪਸੇਸਿਨ ਵਿਚ ਬਹੁਤ ਸਾਰੀਆਂ ਦਵਾਈਆਂ ਬਣਾਉਣ ਵਾਲੇ ਤੱਤ ਮਿਲਦੇ ਹਨ। ਖ਼ਾਸ ਤੌਰ ’ਤੇ ਜਿਵੇਂ ਕੈਂਸਰ ਰੋਧੀ ਅਤੇ ਤੁਰਤ ਦਰਦ ਦੂਰ ਕਰਨ ਵਾਲੇ ਤੱਤ ਮਿਲਦੇ ਹਨ।
ਇਹ ਖ਼ੂਨ ਨੂੰ ਪਤਲਾ ਕਰਨ ਅਤੇ ਦਿਲ ਦੀਆਂ ਬਿਮਾਰੀਆਂ ਰੋਕਣ ਵਿਚ ਵੀ ਮਦਦ ਕਰਦੀ ਹੈ। ਮਿਰਚਾਂ ਉਗਾਉਣ ਵਾਲੇ ਏਸ਼ੀਆ ਦੇ ਮੁੱਖ ਦੇਸ਼ ਭਾਰਤ, ਚੀਨ, ਪਾਕਿਸਤਾਨ, ਇੰਡੋਨੇਸ਼ੀਆ, ਕੋਰੀਆ, ਤੁਰਕੀ, ਸ਼੍ਰੀਲੰਕਾ ਆਦਿ ਹਨ। ਅਫ਼ਰੀਕਾ ਵਿਚ ਨਾਈਜੀਰੀਆ, ਘਾਨਾ, ਟੁਨਿਸ਼ੀਆ ਅਤੇ ਮਿਸਰ ਆਦਿ। ਉੱਤਰੀ ਅਤੇ ਕੇਂਦਰੀ ਅਮਰੀਕਾ ਵਿਚ ਮੈਕਸਿਕੋ, ਸੰਯੁਕਤ ਰਾਜ ਅਮਰੀਕਾ ਆਦਿ। ਯੂਰਪ ਵਿਚ ਯੂਗੋਸਲਾਵੀਆ, ਸਪੇਨ, ਰੋਮਾਨੀਆ, ਬੁਲਗਾਰੀਆ, ਇਟਲੀ, ਹੰਗਰੀ ਆਦਿ।
ਦਖਣੀ ਅਮਰੀਕਾ ਵਿਚ ਅਰਜਨਟੀਨਾ, ਪੇਰੂ, ਬ੍ਰਾਜ਼ੀਲ ਆਦਿ। ਭਾਰਤ ਸੰਸਾਰ ਵਿਚ ਮਿਰਚ ਪੈਦਾ ਕਰਨ ਵਾਲੇ ਦੇਸ਼ਾਂ ਵਿਚੋਂ ਮੁਖ ਦੇਸ਼ ਹੈ। ਇਸ ਤੋਂ ਬਾਅਦ ਚੀਨ ਅਤੇ ਪਾਕਿਸਤਾਨ ਦਾ ਨਾਮ ਆਉਂਦਾ ਹੈ। ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਉੜੀਸਾ, ਤਾਮਿਲਨਾਡੂ, ਬਿਹਾਰ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਮਿਰਚ ਪੈਦਾ ਕਰਨ ਵਾਲੇ ਭਾਰਤ ਦੇ ਮੁੱਖ ਰਾਜ ਹਨ। ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿਚ ਉਗਾਈ ਜਾ ਸਕਦੀ ਹੈ।
ਚੰਗੇ ਵਿਕਾਸ ਲਈ ਹਲਕੀ ਉਪਜਾਊ ਅਤੇ ਪਾਣੀ ਦੇ ਵਧੀਆ ਨਿਕਾਸ ਵਾਲੀ ਜ਼ਮੀਨ ਜਿਸ ਵਿਚ ਨਮੀ ਹੋਵੇ, ਇਸ ਲਈ ਢੁਕਵੀਂ ਹੁੰਦੀ ਹੈ। ਹਲਕੀਆਂ ਜ਼ਮੀਨਾਂ ਭਾਰੀਆਂ ਜ਼ਮੀਨਾਂ ਦੇ ਮੁਕਾਬਲੇ ਵਧੀਆ ਕੁਆਲਿਟੀ ਦੀ ਪੈਦਾਵਾਰ ਦਿੰਦੀਆਂ ਹਨ। ਮਿਰਚ ਦੇ ਚੰਗੇ ਵਿਕਾਸ ਲਈ ਜ਼ਮੀਨ ਦੀ 67 ਢੁਕਵੀਂ ਹੈ। ਖੇਤ ਨੂੰ ਤਿਆਰ ਕਰਨ ਲਈ 2-3 ਵਾਰ ਵਾਹੋ ਅਤੇ ਹਰ ਇਕ ਵਾਹੀ ਤੋਂ ਬਾਅਦ ਡਲਿਆਂ ਨੂੰ ਤੋੜੋ। ਬਿਜਾਈ ਤੋਂ 15-20 ਦਿਨ ਪਹਿਲਾਂ ਰੂੜੀ ਦੀ ਖਾਦ 150-200 ਕੁਇੰਟਲ ਪ੍ਰਤੀ ਏਕੜ ਪਾ ਕੇ ਮਿੱਟੀ ਵਿਚ ਚੰਗੀ ਤਰ੍ਹਾਂ ਮਿਲਾ ਦਿਉ। ਖੇਤ ਵਿਚ 60 ਸੈ.ਮੀ. ਦੇ ਫ਼ਾਸਲੇ ਤੇ ਵੱਟਾਂ ਅਤੇ ਖਾਲੀਆਂ ਬਣਾਉ।
ਅਜ਼ੋਸਪੀਰੀਲਮ 800 ਗ੍ਰਾਮ ਪ੍ਰਤੀ ਏਕੜ ਅਤੇ ਫ਼ਾਸਫ਼ੋਬੈਕਟੀਰੀਆ 800 ਗ੍ਰਾਮ ਪ੍ਰਤੀ ਏਕੜ ਨੂੰ ਰੂੜੀ ਦੀ ਖਾਦ ਵਿਚ ਮਿਲਾ ਕੇ ਖੇਤ ਵਿਚ ਪਾਉ। ਨਰਸਰੀ ਲਗਾਉਣ ਦਾ ਉਚਿਤ ਸਮਾਂ ਅਕਤੂਬਰ ਦੇ ਅਖ਼ੀਰ ਤੋਂ ਅੱਧ-ਨਵੰਬਰ ਤਕ ਹੁੰਦਾ ਹੈ। ਨਰਸਰੀ ਨੂੰ 50 ਫ਼ੀ ਸਦੀ ਛਾਂ ਵਾਲੇ ਜਾਲ ਨਾਲ ਢੱਕ ਦਿਉ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਉ। ਪਨੀਰੀ ਵਾਲੇ ਪੌਦੇ 30-40 ਦਿਨਾਂ ਵਿਚ (ਆਮ ਤੌਰ ਤੇ ਫ਼ਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ।